Instead of a judge, the UP Police gave a ‘Guard of Honour’ to Owaisi! Orders issued for an inquiry against the officials
ਜੱਜ ਦੀ ਜਗ੍ਹਾ UP ਪੁਲਸ ਨੇ ਓਵੈਸੀ ਨੂੰ ਦੇ’ਤਾ ‘ਗਾਰਡ ਆਫ਼ ਆਨਰ’ ! ਅਧਿਕਾਰੀਆਂ ਖ਼ਿਲਾਫ਼ ਜਾਰੀ ਹੋਏ ਜਾਂਚ ਦੇ ਆਦੇਸ਼
ਸਹਾਰਨਪੁਰ (ਆਵਾਜ਼ਿ ਕੌਮ ਬਿਊਰੋ)-ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ (ਏਆਈਐੱਮਆਈਐੱਮ) ਦੇ ਮੁਖੀ ਅਤੇ ਸੰਸਦ ਮੈਂਬਰ ਅਸਦੁਦੀਨ ਓਵੈਸੀ ਨੂੰ ਸ਼ਨੀਵਾਰ ਨੂੰ ਇੱਥੇ ਸਰਕਟ ਹਾਊਸ ਵਿਖੇ ਉੱਤਰ ਪ੍ਰਦੇਸ਼ ਪੁਲਸ ਨੇ ਗਲਤੀ ਨਾਲ ‘ਗਾਰਡ ਆਫ਼ ਆਨਰ’ ਦੇ ਦਿੱਤਾ। ਪੁਲਸ ਦੇ ਇਕ ਅਧਿਕਾਰੀ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਸੂਤਰਾਂ ਅਨੁਸਾਰ ਪੁਲਸ ਵਾਲਿਆਂ ਨੇ ਓਵੈਸੀ ਨੂੰ ਸੁਪਰੀਮ ਕੋਰਟ ਦਾ ਜੱਜ ਸਮਝ ਲਿਆ, ਜਿਨ੍ਹਾਂ ਦੇ ਇੱਥੇ ਆਉਣ ਦਾ ਪ੍ਰੋਗਰਾਮ ਪਹਿਲਾਂ ਤੋਂ ਤੈਅ ਸੀ। ਇਸ ਸਬੰਧ ‘ਚ ਪੁਲਸ ਸੁਪਰਡੈਂਟ (ਨਗਰ) ਵਿਓਮ ਬਿੰਦਲ ਨੇ ਦੱਸਿਆ ਕਿ ਉਨ੍ਹਾਂ ਨੂੰ ਘਟਨਾ ਦੀ ਜਾਣਕਾਰੀ ਮਿਲੀ ਹੈ ਅਤੇ ਪੁਲਸ ਸੁਪਰਡੈਂਟ (ਦਿਹਾਤੀ) ਮਯੰਕ ਪਾਠਕ ਨੂੰ ਜਾਂਚ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਕਿਹਾ ਕਿ ਜਾਂਚ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਓਵੈਸੀ ਨੂੰ ਗਾਰਡ ਆਫ਼ ਆਨਰ ਦਿੱਤੇ ਜਾਣ ਦਾ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਿਆਪਕ ਤੌਰ ‘ਤੇ ਵਾਇਰਲ ਹੋ ਰਿਹਾ ਹੈ। ਸੂਤਰਾਂ ਨੇ ਦੱਸਿਆ ਕਿ ਸੁਪਰੀਮ ਕੋਰਟ ਦੇ ਜੱਜ ਦੇ ਆਉਣ ਦੀ ਤਿਆਰੀ ਲਈ ਪੁਲਸ ਟੀਮ ਸਵੇਰੇ ਹੀ ਸਰਕਟ ਹਾਊਸ ਪਹੁੰਚ ਗਈ ਸੀ। ਹਾਲਾਂਕਿ, ਓਵੈਸੀ ਦੇ ਉੱਥੇ ਪਹੁੰਚਣ ਤੱਕ ਜੱਜ ਨਹੀਂ ਆਏ ਸਨ। ਅਜਿਹੇ ‘ਚ ਪੁਲਸ ਕਰਮਚਾਰੀ ਉਲਝਣ ‘ਚ ਪੈ ਗਏ ਅਤੇ ਉਨ੍ਹਾਂ ਨੇ ਓਵੈਸੀ ਨੂੰ ਰਸਮੀ ਗਾਰਡ ਆਫ਼ ਆਨਰ ਦੇ ਦਿੱਤਾ। ਸਥਾਨਕ ਜਾਣਕਾਰੀ ਅਨੁਸਾਰ, ਓਵੈਸੀ ਦਾ ਸਰਕਟ ਹਾਊਸ ਜਾਣਾ ਉਨ੍ਹਾਂ ਦੇ ਤੈਅ ਪ੍ਰੋਗਰਾਮ ਦਾ ਹਿੱਸਾ ਨਹੀਂ ਸੀ ਅਤੇ ਉਹ ਅਚਾਨਕ ਉੱਥੇ ਪਹੁੰਚੇ ਗਏ ਸਨ। ਓਵੈਸੀ ਨਾਲ ਆਜ਼ਾਦ ਸਮਾਜ ਪਾਰਟੀ (ਕਾਂਸ਼ੀ ਰਾਮ) ਦੇ ਮੁਖੀ ਚੰਦਰਸ਼ੇਖਰ ਆਜ਼ਾਦ ਵੀ ਮੌਜੂਦ ਸਨ। ਦੋਵੇਂ ਆਗੂ 2027 ਦੀਆਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਕ ਸਾਂਝੀ ਪ੍ਰੈਸ ਕਾਨਫਰੰਸ ਕਰਨ ਲਈ ਸਹਾਰਨਪੁਰ ਪਹੁੰਚੇ ਸਨ।

