Work on the escalator at the station has begun; passengers will now be able to reach the parking area directly after getting off the train
ਸਟੇਸ਼ਨ ’ਤੇ ਐਸਕੇਲੇਟਰ ਦਾ ਕੰਮ ਸ਼ੁਰੂ, ਹੁਣ ਰੇਲਗੱਡੀ ਤੋਂ ਉਤਰ ਕੇ ਸਿੱਧੇ ਪਾਰਕਿੰਗ ’ਚ ਪਹੁੰਚਣਗੇ ਯਾਤਰੀ
ਚੰਡੀਗੜ੍ਹ (ਆਵਾਜ਼ਿ ਕੌਮ ਬਿਊਰੋ)-ਚੰਡੀਗੜ੍ਹ ਦੇ ਵਰਲਡ ਕਲਾਸ ਰੇਲਵੇ ਸਟੇਸ਼ਨ ਤੋਂ ਰੋਜ਼ਾਨਾ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਰਾਹਤ ਭਰੀ ਖ਼ਬਰ ਹੈ। ਸਟੇਸ਼ਨ ਦੇ ਓਵਰ ਫੁੱਟਬ੍ਰਿਜ ’ਤੇ ਐਸਕੇਲੇਟਰ ਲਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਇਹ ਸਹੂਲਤ ਚੰਡੀਗੜ੍ਹ ਤੇ ਪੰਚਕੂਲਾ ਦੋਵਾਂ ਪਾਸਿਆਂ ’ਤੇ ਮੁਹੱਈਆ ਕਰਵਾਈ ਜਾ ਰਹੀ ਹੈ। ਪ੍ਰਾਜੈਕਟ ਪੂਰਾ ਹੋਣ ਤੋਂ ਬਾਅਦ ਯਾਤਰੀਆਂ ਨੂੰ ਭਾਰੀ ਬੈਗ, ਬਿਸਤਰੇ ਤੇ ਬੱਚਿਆਂ ਨਾਲ ਪੌੜੀਆਂ ਚੜ੍ਹਨ-ਉਤਰਨ ਦੀ ਮੁਸ਼ਕਲ ਤੋਂ ਛੁਟਕਾਰਾ ਮਿਲੇਗਾ। ਇਸ ਨਾਲ ਸਟੇਸ਼ਨ ਤੋਂ ਬਾਹਰ ਨਿਕਲਣ ਤੇ ਪਾਰਕਿੰਗ ਤੱਕ ਪਹੁੰਚਣ ਦੀ ਪ੍ਰਕਿਰਿਆ ਵੀ ਆਸਾਨ ਹੋ ਜਾਵੇਗੀ। ਇਸ ਪ੍ਰਾਜੈਕਟ ਦੀ ਖ਼ਾਸ ਗੱਲ ਇਹ ਹੈ ਕਿ ਯਾਤਰੀ ਰੇਲਗੱਡੀ ਤੋਂ ਉਤਰਨ ਤੋਂ ਬਾਅਦ ਕਾਨਕੋਰਸ ਰਾਹੀਂ ਸਿੱਧੇ ਪਾਰਕਿੰਗ ਤੱਕ ਪਹੁੰਚ ਸਕਣਗੇ। ਹੁਣ ਤੱਕ ਯਾਤਰੀਆਂ ਨੂੰ ਪਲੇਟਫਾਰਮ ਤੋਂ ਬਾਹਰ ਆਉਣ ਲਈ ਪਹਿਲਾਂ ਫੁੱਟਬ੍ਰਿਜ ’ਤੇ ਚੜ੍ਹਨਾ, ਫਿਰ ਹੇਠਾਂ ਉਤਰਨਾ ਤੇ ਉਸ ਤੋਂ ਬਾਅਦ ਮੁੱਖ ਗੇਟ ਰਾਹੀਂ ਪਾਰਕਿੰਗ ਤੱਕ ਜਾਣਾ ਪੈਂਦਾ ਸੀ। ਇਸ ਲੰਬੇ ਰਸਤੇ ਕਾਰਨ ਖ਼ਾਸ ਕਰਕੇ ਭਾਰੀ ਸਾਮਾਨ ਨਾਲ ਸਫ਼ਰ ਕਰਨ ਵਾਲੇ ਲੋਕਾਂ ਨੂੰ ਕਾਫ਼ੀ ਮੁਸ਼ਕਲ ਹੁੰਦੀ ਸੀ। ਮੌਜੂਦਾ ਪ੍ਰਬੰਧ ’ਚ ਬਜ਼ੁਰਗ ਯਾਤਰੀਆਂ, ਔਰਤਾਂ, ਛੋਟੇ ਬੱਚਿਆਂ ਨਾਲ ਸਫ਼ਰ ਕਰਨ ਵਾਲੇ ਪਰਿਵਾਰਾਂ ਤੇ ਦਿਵਿਆਂਗ ਲੋਕਾਂ ਲਈ ਫੁੱਟਬ੍ਰਿਜ ਦੀਆਂ ਪੌੜੀਆਂ ਚੜ੍ਹਨਾ-ਉਤਰਨਾ ਕਿਸੇ ਵੱਡੀ ਚੁਣੌਤੀ ਤੋਂ ਘੱਟ ਨਹੀਂ ਸੀ। ਕਈ ਯਾਤਰੀਆਂ ਨੂੰ ਭਾਰੀ ਸਾਮਾਨ ਲਿਜਾਣ ਲਈ ਕੁਲੀਆਂ ਦੀ ਮਦਦ ਲੈਣੀ ਪੈਂਦੀ ਸੀ, ਜਿਸ ਕਾਰਨ ਉਨ੍ਹਾਂ ਨੂੰ ਵਾਧੂ ਖਰਚ ਵੀ ਕਰਨਾ ਪੈਂਦਾ ਸੀ। ਐਸਕੇਲੇਟਰ ਸ਼ੁਰੂ ਹੋਣ ਤੋਂ ਬਾਅਦ ਇਨ੍ਹਾਂ ਵਰਗਾਂ ਦੇ ਯਾਤਰੀਆਂ ਨੂੰ ਸਭ ਤੋਂ ਵੱਧ ਫਾਇਦਾ ਹੋਵੇਗਾ। ਰੇਲਵੇ ਵੱਲੋਂ ਇਸ ਵਾਰ ਚੰਡੀਗੜ੍ਹ-ਪੰਚਕੂਲਾ ਦੋਵਾਂ ਪਾਸਿਆਂ ’ਤੇ ਐਸਕੇਲੇਟਰ ਤੇ ਪੌੜੀਆਂ ਬਣਾਉਣ ਦਾ ਕੰਮ ਇਕੱਠੇ ਸ਼ੁਰੂ ਕੀਤਾ ਗਿਆ ਹੈ। ਚੰਡੀਗੜ੍ਹ ਵਾਲੇ ਪਾਸੇ ਤੋਂ ਸ਼ਹਿਰ ਦੇ ਯਾਤਰੀ ਸਟੇਸ਼ਨ ’ਤੇ ਪਹੁੰਚਦੇ ਹਨ ਜਦਕਿ ਪੰਚਕੂਲਾ ਵਾਲੇ ਪਾਸੇ ਤੋਂ ਪੰਚਕੂਲਾ, ਮਨੀਮਾਜਰਾ ਤੇ ਨੇੜਲੇ ਇਲਾਕਿਆਂ ਦੇ ਲੋਕ ਸਫ਼ਰ ਕਰਦੇ ਹਨ। ਦੋਵਾਂ ਪਾਸਿਆਂ ’ਤੇ ਇੱਕੋ ਸਮੇਂ ਕੰਮ ਸ਼ੁਰੂ ਹੋਣ ਨਾਲ ਕਿਸੇ ਇਕ ਪਾਸੇ ਦੇ ਯਾਤਰੀਆਂ ਨੂੰ ਲੰਮੇ ਸਮੇਂ ਤੱਕ ਉਡੀਕ ਨਹੀਂ ਕਰਨੀ ਪਵੇਗੀ। ਸਟੇਸ਼ਨ ’ਤੇ ਨਿਰਮਾਣ ਕਾਰਜ ਤੇਜ਼ੀ ਨਾਲ ਚੱਲ ਰਿਹਾ ਹੈ। ਮਜ਼ਦੂਰਾਂ ਤੇ ਇੰਜੀਨੀਅਰਾਂ ਦੀਆਂ ਟੀਮਾਂ ਕੰਮ ’ਚ ਜੁਟੀਆਂ ਹੋਈਆਂ ਹਨ। ਵੱਡੇ ਪਿੱਲਰਾਂ, ਲੋਹੇ ਦੇ ਸਟਰਕਚਰ ਤੇ ਐਸਕੇਲੇਟਰ ਦੇ ਹਿੱਸਿਆਂ ਦੀ ਸਥਾਪਨਾ ਲਈ ਤਿਆਰੀ ਕੀਤੀ ਜਾ ਰਹੀ ਹੈ। ਨਵੀਂ ਵਿਵਸਥਾ ਸ਼ੁਰੂ ਹੋਣ ਤੋਂ ਬਾਅਦ ਯਾਤਰੀ ਫੁੱਟਬ੍ਰਿਜ ਰਾਹੀਂ ਐਸਕੇਲੇਟਰ ਜਾਂ ਪੌੜੀਆਂ ਦੀ ਮਦਦ ਨਾਲ ਸਿੱਧੇ ਪਾਰਕਿੰਗ ’ਚ ਪਹੁੰਚ ਸਕਣਗੇ। ਉੱਥੋਂ ਆਟੋ, ਬੱਸ, ਕੈਬ ਜਾਂ ਆਪਣੀ ਗੱਡੀ ਫੜਨਾ ਵੀ ਆਸਾਨ ਹੋ ਜਾਵੇਗਾ।

