Supreme Court favors only BS-6 vehicles in Delhi; seeks details on steps taken by states
ਦਿੱਲੀ ’ਚ ਸਿਰਫ਼ ਬੀ. ਐੱਸ.-6 ਗੱਡੀਆਂ ਦੇ ਪੱਖ ’ਚ ਹੈ ਸੁਪਰੀਮ ਕੋਰਟ, ਸੂਬਿਆਂ ਤੋਂ ਚੁੱਕੇ ਗਏ ਕਦਮਾਂ ਦਾ ਮੰਗਿਆ ਵੇਰਵਾ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)-ਸੁਪਰੀਮ ਕੋਰਟ ਨੇ ਸੋਮਵਾਰ ਨੂੰ ਕਿਹਾ ਕਿ ਉਹ ਕੌਮੀ ਰਾਜਧਾਨੀ ’ਚ ਸਿਰਫ਼ ਬੀ. ਐੱਸ.-6 ਮਿਆਰ ਵਾਲੇ ਵਾਹਨਾਂ ਨੂੰ ਇਜਾਜ਼ਤ ਦੇਣ ’ਤੇ ਵਿਚਾਰ ਕਰ ਰਹੀ ਹੈ। ਅਦਾਲਤ ਨੇ ਹਵਾ ਪ੍ਰਦੂਸ਼ਣ ਦੇ ਮਾਮਲੇ ’ਤੇ ਸੁਣਵਾਈ ਦੌਰਾਨ ਦਿੱਲੀ-ਐੱਨ. ਸੀ. ਆਰ. ’ਚ ਵਾਰ-ਵਾਰ ਪੈਦਾ ਹੋ ਰਹੇ ਹਵਾ ਪ੍ਰਦੂਸ਼ਣ ਦੇ ਸੰਕਟ ’ਤੇ ਚਿੰਤਾ ਪ੍ਰਗਟਾਈ। ਚੀਫ ਜਸਟਿਸ ਸੂਰਿਆਕਾਂਤ, ਜਸਟਿਸ ਜੋਇਮਾਲਿਆ ਬਾਗਚੀ ਅਤੇ ਜਸਟਿਸ ਵੀ. ਮੋਹਨਾ ਦੀ ਬੈਂਚ ਵੱਲੋਂ ਹਵਾ ਪ੍ਰਦੂਸ਼ਣ ਨਾਲ ਸਬੰਧਤ ਰੈਗੂਲੇਟਰੀ ਢਾਂਚੇ ਦੀ ਸਮੀਖਿਆ ਨਾਲ ਜੁੜੇ ਇਕ ਸੂਓਮੋਟੋ ਮਾਮਲੇ ਦੀ ਸੁਣਵਾਈ ਕੀਤੀ ਜਾ ਰਹੀ ਸੀ। ਜਸਟਿਸ ਬਾਗਚੀ ਨੇ ਸੁਣਵਾਈ ਦੌਰਾਨ ਕਿਹਾ, ‘‘ਸਾਡਾ ਰੁਖ਼ ਸਪੱਸ਼ਟ ਹੈ, ਅਸੀਂ ਦਿੱਲੀ ’ਚ ਸਿਰਫ਼ ਬੀ. ਐੱਸ.-6 ਵਾਹਨ ਚਾਹੁੰਦੇ ਹਾਂ, ਭਾਵੇਂ ਐੱਨ. ਸੀ. ਆਰ. ’ਚ ਅਜਿਹਾ ਨਾ ਹੋਵੇ।’’ ਬੀ. ਐੱਸ.-6 (ਭਾਰਤ ਸਟੇਜ-6) ਵਾਹਨ ਉਹ ਮੋਟਰ ਵਾਹਨ ਹਨ, ਜਿਨ੍ਹਾਂ ਦਾ ਨਿਰਮਾਣ, ਵਿਕਰੀ ਅਤੇ ਰਜਿਸਟ੍ਰੇਸ਼ਨ ਭਾਰਤ ’ਚ 1 ਅਪ੍ਰੈਲ 2020 ਤੋਂ ਲਾਗੂ ਕੀਤੇ ਗਏ ਸਖ਼ਤ ਨਿਕਾਸੀ ਮਿਆਰਾਂ ਅਨੁਸਾਰ ਹੁੰਦੀ ਹੈ। ਇਹ ਵਾਹਨ ਯੂਰੋ-6 ਮਿਆਰਾਂ ਦੇ ਲਗਭਗ ਬਰਾਬਰ ਹਨ ਅਤੇ ਪੁਰਾਣੇ ਬੀ. ਐੱਸ.-4 ਵਾਹਨਾਂ ਦੇ ਮੁਕਾਬਲੇ ਇਨ੍ਹਾਂ ਦੇ ਧੂੰਏਂ ’ਚੋਂ ਨਿਕਲਣ ਵਾਲੇ ਹਾਨੀਕਾਰਕ ਪ੍ਰਦੂਸ਼ਕਾਂ ਦੀ ਮਾਤਰਾ ਕਾਫ਼ੀ ਘੱਟ ਹੁੰਦੀ ਹੈ। ਸੁਪਰੀਮ ਕੋਰਟ ਨੇ ਸੁਣਵਾਈ ਦੌਰਾਨ ਹਵਾ ਪ੍ਰਦੂਸ਼ਣ ਦੇ ਮੁੱਦੇ ’ਤੇ ਐੱਨ. ਸੀ. ਆਰ. ’ਚ ਸ਼ਾਮਲ ਸੂਬਿਆਂ ਤੋਂ ਉਨ੍ਹਾਂ ਦੀ ਜਵਾਬਦੇਹੀ ਤੈਅ ਕਰਨ ਲਈ ਕਿਹਾ ਅਤੇ ਸਵਾਲ ਕੀਤਾ ਕਿ ਉਹ ਇਸ ਪ੍ਰਕਿਰਿਆ ’ਚ ਸਰਗਰਮੀ ਨਾਲ ਹਿੱਸਾ ਕਿਉਂ ਨਹੀਂ ਲੈ ਰਹੇ ਹਨ। ਸੁਪਰੀਮ ਕੋਰਟ ਨੇ ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼ ਅਤੇ ਹੋਰ ਸਬੰਧਤ ਸੂਬਿਆਂ ਨੂੰ ਹੁਕਮ ਦਿੱਤਾ ਕਿ ਉਹ ਐੱਨ. ਸੀ. ਆਰ. ’ਚ ਹਵਾ ਪ੍ਰਦੂਸ਼ਣ ਘਟਾਉਣ ਲਈ ਚੁੱਕੇ ਗਏ ਕਦਮਾਂ ਦਾ ਵੇਰਵਾ ਦਿੰਦਿਆਂ ਸਥਿਤੀ ਰਿਪੋਰਟ ਦਾਖ਼ਲ ਕਰਨ।

