Police personnel attacked with a knife in Delhi; suspect fired upon during an encounter and arrested
ਦਿੱਲੀ ’ਚ ਪੁਲਸ ਮੁਲਾਜ਼ਮਾਂ ’ਤੇ ਚਾਕੂ ਨਾਲ ਹਮਲਾ, ਮੁਕਾਬਲੇ ‘ਚ ਮੁਲਜ਼ਮ ‘ਤੇ ਕੀਤੀ ਫਾਇਰਿੰਗ, ਗ੍ਰਿਫ਼ਤਾਰ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)-ਪੁਰਾਣੀ ਦਿੱਲੀ ਦੇ ਜਾਮਾ ਮਸਜਿਦ ਥਾਣੇ ’ਚ ਸੋਮਵਾਰ ਦੁਪਹਿਰ ਪਰਿਵਾਰਕ ਵਿਵਾਦ ਦੇ ਸਿਲਸਿਲੇ ’ਚ ਪੁੱਛਗਿੱਛ ਲਈ ਬੁਲਾਏ ਗਏ ਨਬੀਲ (30) ਨਾਂ ਦੇ ਵਿਅਕਤੀ ਨੇ ਪੁਲਸ ਮੁਲਾਜ਼ਮਾਂ ’ਤੇ ਕਥਿਤ ਤੌਰ ’ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ’ਚ 5 ਪੁਲਸ ਮੁਲਾਜ਼ਮ ਜ਼ਖਮੀ ਹੋ ਗਏ। ਨਬੀਲ ਦੀ ਮਾਂ ਅਤੇ ਭੈਣ ਨੇ ਸ਼ਿਕਾਇਤ ਦਿੱਤੀ ਸੀ ਕਿ ਉਹ ਉਨ੍ਹਾਂ ਨੂੰ ਪ੍ਰੇਸ਼ਾਨ ਕਰਦਾ ਹੈ, ਜਿਸ ਤੋਂ ਬਾਅਦ ਸੋਮਵਾਰ ਨੂੰ ਉਸ ਨੂੰ ਥਾਣੇ ’ਚ ਗੱਲਬਾਤ ਲਈ ਬੁਲਾਇਆ ਗਿਆ ਸੀ। ਪੁਲਸ ਮੁਲਾਜ਼ਮਾਂ ਨਾਲ ਗੱਲਬਾਤ ਦੌਰਾਨ ਦੁਪਹਿਰ ਕਰੀਬ ਢਾਈ ਵਜੇ ਨਬੀਲ ਨੇ ਅਚਾਨਕ ਚਾਕੂ ਕੱਢ ਕੇ ਥਾਣੇ ’ਚ ਮੌਜੂਦ ਪੁਲਸ ਮੁਲਾਜ਼ਮਾਂ ’ਤੇ ਹਮਲਾ ਕਰ ਦਿੱਤਾ, ਜਿਸ ’ਚ ਸਬ-ਇੰਸਪੈਕਟਰ ਅਜੈ, ਸਬ-ਇੰਸਪੈਕਟਰ ਅਰਵਿੰਦ ਅਤੇ ਹੈੱਡ ਕਾਂਸਟੇਬਲ ਹਰਿੰਦਰ ਗੰਭੀਰ ਰੂਪ ’ਚ ਜ਼ਖਮੀ ਹੋ ਗਏ, ਜਦੋਂਕਿ ਸਹਾਇਕ ਸਬ-ਇੰਸਪੈਕਟਰ ਸ਼੍ਰੀਕ੍ਰਿਸ਼ਨ ਅਤੇ ਹੈੱਡ ਕਾਂਸਟੇਬਲ ਬਲਜੀਤ ਨੂੰ ਵੀ ਸੱਟਾਂ ਲੱਗੀਆਂ। ਹਮਲੇ ਤੋਂ ਬਾਅਦ ਮੁਲਜ਼ਮ ਥਾਣੇ ਤੋਂ ਫਰਾਰ ਹੋ ਗਿਆ ਅਤੇ ਭੱਜਣ ਲਈ ਉਸ ਨੇ ਕਥਿਤ ਤੌਰ ’ਤੇ ਇਕ ਵਿਅਕਤੀ ਤੋਂ ਸਕੂਟਰ ਖੋਹ ਲਿਆ। ਸ਼ਾਮ ਲੱਗਭਗ ਸਾਢੇ 4 ਵਜੇ ਜਦੋਂ ਪੁਲਸ ਟੀਮ ਨੇ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਮੁੜ ਚਾਕੂ ਨਾਲ ਪੁਲਸ ਮੁਲਾਜ਼ਮਾਂ ’ਤੇ ਹਮਲਾ ਕਰ ਦਿੱਤਾ, ਜਿਸ ’ਚ 4 ਪੁਲਸ ਮੁਲਾਜ਼ਮ ਜ਼ਖਮੀ ਹੋ ਗਏ। ਉਨ੍ਹਾਂ ਦੀ ਪਛਾਣ ‘ਸਪੈਸ਼ਲ ਸਟਾਫ’ ਦੇ ਕਾਂਸਟੇਬਲ ਅੰਕਿਤ, ਜਯੰਤ, ਲੋਕੇਸ਼ ਅਤੇ ਪਰਮਿੰਦਰ ਵਜੋਂ ਹੋਈ ਹੈ। ਮੁਲਜ਼ਮ ਤੋਂ ਖ਼ਤਰੇ ਨੂੰ ਦੇਖਦਿਆਂ ਪੁਲਸ ਟੀਮ ਨੇ ਕੰਟਰੋਲ ਢੰਗ ਨਾਲ ਗੋਲੀਬਾਰੀ ਕੀਤੀ। ਪੁਲਸ ਮੁਲਾਜ਼ਮਾਂ ਨੇ ਕਮਰ ਤੋਂ ਹੇਠਾਂ ਨਿਸ਼ਾਨਾ ਲਾ ਕੇ ਕੁੱਲ 8 ਗੋਲੀਆਂ ਚਲਾਈਆਂ, ਜਿਨ੍ਹਾਂ ’ਚੋਂ 6 ਮੁਲਜ਼ਮ ਦੀਆਂ ਲੱਤਾਂ ’ਚ ਲੱਗੀਆਂ। ਜ਼ਖਮੀ ਮੁਲਜ਼ਮ ਨੂੰ ਇਲਾਜ ਲਈ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ।

