Plane crash in America; 6 people dead
ਅਮਰੀਕਾ ‘ਚ ਜਹਾਜ਼ ਹਾਦਸਾਗ੍ਰਸਤ; 6 ਲੋਕਾਂ ਦੀ ਮੌਤ
Newyork, (ਆਵਾਜ਼ਿ ਕੌਮ ਬਿਊਰੋ)-ਅਮਰੀਕਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਮਿਸੀਸਿਪੀ ਵਿਚ ਹੋਰਨ ਆਈਲੈਂਡ ਨੇੜੇ ਇਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿਚ ਜਹਾਜ਼ ਵਿਚ ਸਵਾਰ ਸਾਰੇ 6 ਲੋਕਾਂ ਦੀ ਮੌਤ ਹੋ ਗਈ ਹੈ। ਅਮਰੀਕੀ ਕੋਸਟ ਗਾਰਡ ਨੇ ਇਸ ਬਾਰੇ ਪੁਸ਼ਟੀ ਕੀਤੀ ਹੈ। ਏਜੰਸੀ ਮੁਤਾਬਕ ਤਲਾਸ਼ੀ ਮੁਹਿੰਮ ਦੌਰਾਨ ਗੋਤਾਖੋਰਾਂ ਨੇ ਜਹਾਜ਼ ਦੇ ਮਲਬੋ ਅੰਦਰੋਂ ਸਾਰੇ 6 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ। ਇਸ ਮਗਰੋਂ ਖੋਜ ਮੁਹਿੰਮ ਬੰਦ ਕਰ ਦਿੱਤੀ ਗਈ ਹੈ। ਹਾਦਸੇ ਵੇਲੇ ਜਹਾਜ਼ ਵਿੱਚ 4 ਬਾਲਗ ਅਤੇ 8 ਅਤੇ 10 ਸਾਲ ਦੀ ਉਮਰ ਦੇ 2 ਬੱਚੇ ਸਵਾਰ ਸਨ। ਇਹ ਸੇਸਨਾ ਸੈਂਟੂਰੀਅਨ 210 ਜਹਾਜ਼ ਸੀ, ਜੋ ਮੰਗਲਵਾਰ ਦੁਪਹਿਰ ਵੇਲੇ ਹਾਦਸਾਗ੍ਰਸਤ ਹੋਇਆ। ਅਮਰੀਕੀ ਕੋਸਟ ਗਾਰਡ ਨੂੰ ਦੁਪਹਿਰ ਵੇਲੇ ਜਹਾਜ਼ ਨਾਲ ਸੰਪਰਕ ਟੁੱਟਣ ਦੀ ਸੂਚਨਾ ਮਿਲੀ ਸੀ। ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (ਐੱਫ.ਏ.ਏ) ਦਾ ਜਹਾਜ਼ ਨਾਲ ਸੰਪਰਕ ਟੁੱਟ ਗਿਆ ਸੀ, ਜਿਸ ਮਗਰੋਂ ਕੋਸਟ ਗਾਰਡ ਨੂੰ ਅਲਰਟ ਕੀਤਾ ਗਿਆ। ਕੋਸਟ ਗਾਰਡ ਮੁਤਾਬਕ ਘਟਨਾਸਥਲ ਤੋਂ ਤਿੰਨ ਲਾਈਫ ਜੈਕਟਾਂ, ਇਕ ਲਾਈਫ ਰਾਫਟ ਅਤੇ ਜਹਾਜ਼ ਦਾ ਕੈਬਿਨ ਮਿਲਿਆ। ਇਕ ਰਿਪੋਰਟ ਮੁਤਾਬਕ ਬਾਅਦ ਵਿਚ ਮਿਸੀਸਿਪੀ ਡਿਪਾਰਟਮੈਂਟ ਆਫ ਮਰੀਨ ਰਿਸੋਰਸਿਜ਼ ਦੇ ਗੋਤਾਖੋਰਾਂ ਨੇ ਜਹਾਜ਼ ਦੇ ਮਲਬੇ ਅੰਦਰੋਂ ਲਾਸ਼ਾਂ ਬਰਾਮਦ ਕੀਤੀਆਂ। ਫਲਾਈਟ ਟ੍ਰੈਕਿੰਗ ਡਾਟਾ ਮੁਤਾਬਕ ਸੇਸਨਾ 210 ਨਿਊ ਓਰੀਲੀਨਜ਼ ਤੋਂ ਫਲੋਰੀਡਾ ਦੇ ਫੋਰਟ ਮਾਇਰਸ ਜਾ ਰਿਹਾ ਸੀ। ਉਡਾਣ ਭਰਨ ਦੇ ਕਰੀਬ 30 ਮਿੰਟ ਬਾਅਦ ਜਹਾਜ਼ ਮਿਸੀਸਿਪੀ ਦੇ ਪਸਕਾਗੌਲਾ ਦੇ ਦੱਖਣ ਵਿਚ ਲਗਭਗ 8,800 ਫੁੱਟ ਦੀ ਉਚਾਈ ‘ਤੇ ਸੀ। ਇਸ ਮਗਰੋਂ ਜਹਾਜ਼ ਅਚਾਨਕ ਤੇਜ਼ੀ ਨਾਲ ਸਮੁੰਦਰ ਵੱਲ ਹੇਠਾਂ ਡਿੱਗ ਗਿਆ।

