Police SPO turns out to be an opium smuggler; arrested with 1.04 kg of opium
ਪੁਲਸ ਦਾ SPO ਹੀ ਨਿਕਲਿਆ ਅਫ਼ੀਮ ਤਸਕਰ, 1.04 ਕਿੱਲੋ ਅਫ਼ੀਮ ਸਮੇਤ ਗ੍ਰਿਫ਼ਤਾਰ
ਚਾਈਬਾਸਾ (ਆਵਾਜ਼ਿ ਕੌਮ ਬਿਊਰੋ)- ਅਪਰਾਧੀਆਂ ‘ਤੇ ਨਕੇਲ ਕੱਸਣ ਅਤੇ ਪੁਲਸ ਨੂੰ ਗੁਪਤ ਸੂਚਨਾਵਾਂ ਦੇਣ ਵਾਲਾ ਮੁਖ਼ਬਰ ਹੀ ਖ਼ੁਦ ਨਸ਼ਾ ਤਸਕਰ ਨਿਕਲਿਆ। ਝਾਰਖੰਡ ਦੇ ਪੱਛਮੀ ਸਿੰਘਭੂਮ ਜ਼ਿਲ੍ਹੇ ਦੇ ਸੋਨੂਆ ਇਲਾਕੇ ਵਿੱਚ ਪੁਲਸ ਨੇ ਆਪਣੇ ਹੀ ਸਪੈਸ਼ਲ ਪੁਲਸ ਅਫ਼ਸਰ (SPO) ਕੁੰਵਰ ਸਿੰਘ ਗਾਗਰਾਈ ਅਤੇ ਉਸ ਦੇ ਇੱਕ ਸਾਥੀ ਨੂੰ 1.04 ਕਿੱਲੋ ਅਫ਼ੀਮ ਸਮੇਤ ਗ੍ਰਿਫ਼ਤਾਰ ਕੀਤਾ ਹੈ। ਬਰਾਮਦ ਕੀਤੀ ਗਈ ਅਫ਼ੀਮ ਦੀ ਬਾਜ਼ਾਰੀ ਕੀਮਤ 5 ਲੱਖ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ। ਚੱਕਰਧਰਪੁਰ ਦੇ ਐੱਸ.ਡੀ.ਪੀ.ਓ. (SDPO) ਡਾ. ਸਈਦ ਮੁਸਤਫ਼ਾ ਹਾਸ਼ਮੀ ਨੇ ਮਾਮਲੇ ਦਾ ਖ਼ੁਲਾਸਾ ਕਰਦਿਆਂ ਦੱਸਿਆ ਕਿ 23 ਨਵੰਬਰ ਨੂੰ ਸੋਨੂਆ ਪੁਲਸ ਨੇ ਬਾਂਝੀਕੁਸੁਮ ਮੋੜ ਨੇੜੇ ਨਾਕਾਬੰਦੀ ਦੌਰਾਨ ਕਾਰਵਾਈ ਕਰਦਿਆਂ SPO ਕੁੰਵਰ ਸਿੰਘ ਗਾਗਰਾਈ ਅਤੇ ਉਸ ਦੇ ਸਾਥੀ ਰੇਲਾ ਹੋਰੋ ਉਰਫ਼ ਰੇਲਾ ਕੱਛਪ ਨੂੰ ਕਾਬੂ ਕੀਤਾ। ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ 1.04 ਕਿਲੋਗ੍ਰਾਮ ਅਫ਼ੀਮ, ਬਿਨਾਂ ਨੰਬਰ ਪਲੇਟ ਵਾਲਾ ਇੱਕ ਮੋਟਰਸਾਈਕਲ ਅਤੇ ਤਿੰਨ ਸਮਾਰਟਫ਼ੋਨ ਬਰਾਮਦ ਹੋਏ। ਪੁਲਸ ਅਧਿਕਾਰੀ ਮੁਤਾਬਕ, ਕੁੰਵਰ ਸਿੰਘ ਗਾਗਰਾਈ ਦੀ ਜ਼ਿੰਮੇਵਾਰੀ ਪਿੰਡਾਂ ਅਤੇ ਜੰਗਲਾਂ ਦੀਆਂ ਗਤੀਵਿਧੀਆਂ ਬਾਰੇ ਪੁਲਸ ਨੂੰ ਜਾਣਕਾਰੀ ਦੇਣਾ ਸੀ, ਪਰ ਉਹ ਆਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਖ਼ੁਦ ਹੀ ਅਫ਼ੀਮ ਦੀ ਤਸਕਰੀ ਵਿੱਚ ਸ਼ਾਮਲ ਹੋ ਗਿਆ। ਮੁੱਢਲੀ ਪੁੱਛਗਿੱਛ ਵਿੱਚ ਸਾਹਮਣੇ ਆਇਆ ਹੈ ਕਿ ਦੋਵੇਂ ਮੁਲਜ਼ਮ ਪਿਛਲੇ 3-4 ਸਾਲਾਂ ਤੋਂ ਅਫ਼ੀਮ ਦੀ ਖੇਤੀ ਅਤੇ ਖ਼ਰੀਦੋ-ਫ਼ਰੋਖ਼ਤ ਦੇ ਗ਼ੈਰ-ਕਾਨੂੰਨੀ ਧੰਦੇ ਵਿੱਚ ਸਰਗਰਮ ਸਨ। ਐੱਸ.ਡੀ.ਪੀ.ਓ. ਨੇ ਕਿਹਾ ਕਿ ਮੁਲਜ਼ਮ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਉਸ ਨੂੰ SPO ਦੇ ਅਹੁਦੇ ਤੋਂ ਬਰਖ਼ਾਸਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਦੂਜੇ ਪਾਸੇ, ਪੁਲਿਸ ਦੇ ਸੂਚਨਾ ਤੰਤਰ ਦਾ ਹਿੱਸਾ ਰਹੇ ਵਿਅਕਤੀ ਦੇ ਹੀ ਨਸ਼ਾ ਤਸਕਰੀ ਵਿੱਚ ਫੜੇ ਜਾਣ ਕਾਰਨ ਪੁਲਸ ਵਿਭਾਗ ਦੀ ਕਾਰਜਪ੍ਰਣਾਲੀ ਅਤੇ ਨਿਗਰਾਨੀ ‘ਤੇ ਵੀ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ। ਫਿਲਹਾਲ ਪੁਲਸ ਰਿਮਾਂਡ ਲੈ ਕੇ ਦੋਵਾਂ ਮੁਲਜ਼ਮਾਂ ਤੋਂ ਅਫ਼ੀਮ ਸਪਲਾਈ ਦੇ ਪੂਰੇ ਨੈੱਟਵਰਕ ਬਾਰੇ ਪੁੱਛਗਿੱਛ ਕਰ ਰਹੀ ਹੈ।

