Great news for Punjabis; the Centre has granted approval for this major project
ਪੰਜਾਬੀਆਂ ਲਈ ਵੱਡੀ ਖ਼ੁਸ਼ਖਬਰੀ, ਕੇਂਦਰ ਨੇ ਇਸ ਵੱਡੇ ਪ੍ਰੋਜੈਕਟ ਨੂੰ ਦਿੱਤੀ ਮਨਜ਼ੂਰੀ
ਨੰਗਲ (ਆਵਾਜ਼ਿ ਕੌਮ ਬਿਊਰੋ)-ਨੰਗਲ ਦੇ ਉਦਯੋਗਿਕ ਵਿਕਾਸ ਅਤੇ ਇਲਾਕੇ ਦੇ ਭਵਿੱਖ ਲਈ ਇਕ ਵੱਡੀ ਖ਼ੁਸ਼ਖ਼ਬਰੀ ਸਾਹਮਣੇ ਆਈ ਹੈ। ਭਾਰਤ ਸਰਕਾਰ ਦੇ ਰਸਾਇਣ ਅਤੇ ਖਾਦ ਮੰਤਰਾਲੇ ਨੇ ਨੈਸ਼ਨਲ ਫਰਟੀਲਾਈਜ਼ਰਸ ਲਿਮਟਿਡ (ਐੱਨ. ਐੱਫ. ਐੱਲ.), ਨੰਗਲ ’ਚ 12.7 ਲੱਖ ਮੀਟ੍ਰਿਕ ਟਨ ਸਾਲਾਨਾ ਸਮਰੱਥਾ ਵਾਲੇ ਨਵੇਂ ਯੂਰੀਆ ਮੈਨੂਫੈਕਚਰਿੰਗ ਪਲਾਂਟ ਦੀ ਸਥਾਪਨਾ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। 25 ਨਵੰਬਰ 2026 ਨੂੰ ਜਾਰੀ ਕੇਂਦਰ ਸਰਕਾਰ ਦੇ ਅਧਿਕਾਰਤ ਪੱਤਰ ਮੁਤਾਬਕ, ਇਹ ਨਵਾਂ ਪਲਾਂਟ ਬ੍ਰਾਊਨਫੀਲਡ ਸ਼੍ਰੇਣੀ ਤਹਿਤ ਸਥਾਪਿਤ ਕੀਤਾ ਜਾਵੇਗਾ ਅਤੇ ਇਸ ਲਈ ਮੌਜੂਦਾ ਪੁਰਾਣੇ ਯੂਰੀਆ ਪਲਾਂਟ ਨੂੰ ਬਦਲਿਆ ਜਾਵੇਗਾ। ਇਸ ਮਹੱਤਵਪੂਰਨ ਫ਼ੈਸਲੇ ’ਤੇ ਭਾਜਪਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਡਾ. ਸੁਭਾਸ਼ ਸ਼ਰਮਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਜੇ. ਪੀ. ਨੱਡਾ ਜੀ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਡਾ. ਸ਼ਰਮਾ ਨੇ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਉਨ੍ਹਾਂ ਨੇ ਨੰਗਲ ਦੇ ਲੋਕਾਂ ਸਾਹਮਣੇ ਐੱਨ. ਐੱਫ. ਐੱਲ. ਪਲਾਂਟ ਦੇ ਵਿਸਥਾਰ ਅਤੇ ਇਸ ਦੇ ਭਵਿੱਖ ਨੂੰ ਲੈ ਕੇ ਜੋ ਚਿੰਤਾ ਪ੍ਰਗਟ ਕੀਤੀ ਸੀ ਅਤੇ ਇਸ ਦਿਸ਼ਾ ’ਚ ਯਤਨ ਕਰਨ ਦਾ ਵਾਅਦਾ ਕੀਤਾ ਸੀ, ਅੱਜ ਕੇਂਦਰ ਸਰਕਾਰ ਦੇ ਇਸ ਫ਼ੈਸਲੇ ਨਾਲ ਉਹ ਵਾਅਦਾ ਪੂਰਾ ਹੋ ਗਿਆ ਹੈ। ਇਹ ਨੰਗਲ ਅਤੇ ਆਸ-ਪਾਸ ਦੇ ਇਲਾਕੇ ਲਈ ਇਕ ਇਤਿਹਾਸਕ ਪ੍ਰਾਪਤੀ ਹੈ। ਉਨ੍ਹਾਂ ਕਿਹਾ ਕਿ ਐੱਨ. ਐੱਫ. ਐੱਲ. ਨੰਗਲ ਸਿਰਫ਼ ਇਕ ਉਦਯੋਗਿਕ ਇਕਾਈ ਨਹੀਂ, ਸਗੋਂ ਇਸ ਇਲਾਕੇ ਦੀ ਆਰਥਿਕਤਾ, ਹਜ਼ਾਰਾਂ ਪਰਿਵਾਰਾਂ ਦੀ ਰੋਜ਼ੀ-ਰੋਟੀ ਅਤੇ ਰੁਜ਼ਗਾਰ ਦਾ ਇਕ ਮਹੱਤਵਪੂਰਨ ਆਧਾਰ ਹੈ। ਨਵੇਂ ਪਲਾਂਟ ਦੀ ਮਨਜ਼ੂਰੀ ਨਾਲ ਨੰਗਲ ਦੀ ਉਦਯੋਗਿਕ ਪਛਾਣ ਨੂੰ ਨਵੀਂ ਮਜ਼ਬੂਤੀ ਮਿਲੇਗੀ ਅਤੇ ਆਉਣ ਵਾਲੇ ਸਮੇਂ ’ਚ ਇਲਾਕੇ ਦੇ ਵਿਕਾਸ ਦੀਆਂ ਨਵੀਆਂ ਸੰਭਾਵਨਾਵਾਂ ਖੁੱਲ੍ਹਣਗੀਆਂ। ਡਾ. ਸ਼ਰਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਸਰਕਾਰ ਪੰਜਾਬ ਦੇ ਉਦਯੋਗਿਕ ਵਿਕਾਸ ਅਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਮਹੱਤਵਪੂਰਨ ਫ਼ੈਸਲੇ ਲੈ ਰਹੀ ਹੈ। ਉਨ੍ਹਾਂ ਨੇ ਵਿਸ਼ਵਾਸ ਪ੍ਰਗਟਾਇਆ ਕਿ ਐੱਨ. ਐੱਫ. ਐੱਲ. ਨੰਗਲ ਦਾ ਇਹ ਨਵਾਂ ਪਲਾਂਟ ਇਲਾਕੇ ਦੇ ਆਰਥਿਕ ਵਿਕਾਸ ’ਚ ਇਕ ਨਵਾਂ ਅਧਿਆਏ ਲਿਖੇਗਾ।

