Major action initiated against these defaulters; EO issues a direct warning
ਇਨ੍ਹਾਂ ਡਿਫ਼ਾਲਟਰਾਂ ਖ਼ਿਲਾਫ਼ ਸ਼ੁਰੂ ਹੋਇਆ ਵੱਡਾ ਐਕਸ਼ਨ, EO ਨੇ ਦਿੱਤੀ ਸਿੱਧੀ ਚਿਤਾਵਨੀ
ਫਿਰੋਜ਼ਪੁਰ (ਆਵਾਜ਼ਿ ਕੌਮ ਬਿਊਰੋ)-ਫਿਰੋਜ਼ਪੁਰ ਦੇ ਜਿਨ੍ਹਾਂ ਬੈਂਕਾਂ, ਸ਼ੋਅਰੂਮ ਮਾਲਕਾਂ ਅਤੇ ਹੋਰ ਸੰਸਥਾਵਾਂ ਨੇ ਪਿਛਲਾ ਪ੍ਰਾਪਰਟੀ ਟੈਕਸ ਨਗਰ ਕੌਂਸਲ ਫਿਰੋਜ਼ਪੁਰ ਸ਼ਹਿਰ ’ਚ ਜਮ੍ਹਾਂ ਨਹੀਂ ਕਰਵਾਇਆ, ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨ ਲਈ ਨਗਰ ਕੌਂਸਲ ਫਿਰੋਜ਼ਪੁਰ ਸ਼ਹਿਰ ਦੇ ਈ. ਓ. ਮਨਿੰਦਰ ਪਾਲ ਆਪਣੇ ਸਟਾਫ਼ ਨੂੰ ਨਾਲ ਲੈ ਕੇ ਨਿਕਲ ਪਏ। ਉਨ੍ਹਾਂ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਵੱਲੋਂ ਪਿਛਲਾ ਪ੍ਰਾਪਰਟੀ ਟੈਕਸ ਬਕਾਇਆ ਚੱਲ ਰਿਹਾ ਹੈ, ਜੇਕਰ ਉਨ੍ਹਾਂ ਨੇ ਜਲਦ ਪ੍ਰਾਪਰਟੀ ਟੈਕਸ ਜਮ੍ਹਾਂ ਨਹੀਂ ਕਰਵਾਇਆ ਤਾਂ ਉਨ੍ਹਾਂ ਦੇ ਸ਼ੋਅਰੂਮ, ਬੈਂਕਾਂ ਆਦਿ ਨੂੰ ਤਾਲੇ ਲਗਾ ਦਿੱਤੇ ਜਾਣਗੇ। ਨਗਰ ਕੌਂਸਲ ਫਿਰੋਜ਼ਪੁਰ ਸ਼ਹਿਰ ਦੇ ਈ. ਓ. ਅਤੇ ਉਨ੍ਹਾਂ ਦਾ ਸਟਾਫ਼ ਫਿਰੋਜ਼ਪੁਰ ਸ਼ਹਿਰ ਦੇ ਇਕ ਬੈਂਕ ’ਚ ਪਹੁੰਚ ਗਏ, ਜਿੱਥੇ ਉਨ੍ਹਾਂ ਨੇ ਬੈਂਕ ਦਾ ਕਰੀਬ 1 ਲੱਖ 21 ਹਜ਼ਾਰ ਰੁਪਏ ਦਾ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾਂ ਨਾ ਕਰਵਾਉਣ ’ਤੇ ਉਸ ਬੈਂਕ ਨੂੰ ਸੀਲ ਕਰਨ ਦੀ ਚਿਤਾਵਨੀ ਦਿੱਤੀ ਅਤੇ ਦੱਸਿਆ ਕਿ 3 ਵਾਰ ਨੋਟਿਸ ਕੱਢਣ ਦੇ ਬਾਵਜੂਦ ਵੀ ਬੈਂਕ ਵੱਲੋਂ ਨਗਰ ਕੌਂਸਲ ਨੂੰ ਅਜੇ ਤੱਕ ਪ੍ਰਾਪਰਟੀ ਟੈਕਸ ਜਮ੍ਹਾਂ ਨਹੀਂ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਨੂੰ ਲੈ ਕੇ ਉਨ੍ਹਾਂ ਵੱਲੋਂ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ। ਨਗਰ ਕੌਂਸਲ ਫਿਰੋਜ਼ਪੁਰ ਸ਼ਹਿਰ ਦੇ ਕਾਰਜਕਾਰੀ ਅਧਿਕਾਰੀ ਮਨਿੰਦਰ ਪਾਲ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜਿਨ੍ਹਾਂ ਲੋਕਾਂ ਵੱਲੋਂ ਪਿਛਲਾ ਪ੍ਰਾਪਰਟੀ ਟੈਕਸ ਬਕਾਇਆ ਚੱਲ ਰਿਹਾ ਹੈ, ਉਹ ਨਗਰ ਕੌਂਸਲ ਨੂੰ ਤੁਰੰਤ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ, ਨਹੀਂ ਤਾਂ ਤਾਲੇ ਲਗਵਾਉਣ ਲਈ ਤਿਆਰ ਹੋ ਜਾਣ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਫਿਰੋਜ਼ਪੁਰ ਸ਼ਹਿਰ ਦੀ ਵਿੱਤੀ ਹਾਲਤ ਬਹੁਤ ਨਾਜ਼ੁਕ ਹੈ ਅਤੇ ਸਫ਼ਾਈ ਸੇਵਕਾਂ ਅਤੇ ਹੋਰ ਕਰਮਚਾਰੀਆਂ ਨੂੰ ਨਗਰ ਕੌਂਸਲ ਵੱਲੋਂ ਮਾਸਿਕ ਤਨਖ਼ਾਹ ਦੇਣਾ ਵੀ ਮੁਸ਼ਕਲ ਹੋਇਆ ਪਿਆ ਹੈ। ਦੂਜੇ ਪਾਸੇ ਸਬੰਧਿਤ ਬੈਂਕ ਦੇ ਮੈਨੇਜਰ ਨੇ ਦੱਸਿਆ ਕਿ ਇਹ ਪ੍ਰਾਪਰਟੀ ਟੈਕਸ ਬੈਂਕ ਨੇ ਨਹੀਂ, ਸਗੋਂ ਲੈਂਡਲਾਰਡ ਨੇ ਜਮ੍ਹਾਂ ਕਰਵਾਉਣਾ ਸੀ ਅਤੇ ਪ੍ਰਾਪਰਟੀ ਟੈਕਸ ਬਕਾਇਆ ਹੋਣ ਦੀ ਜ਼ਿੰਮੇਵਾਰੀ ਲੈਂਡਲਾਰਡ ਦੀ ਹੈ, ਬੈਂਕ ਦੀ ਨਹੀਂ। ਉਨ੍ਹਾਂ ਦੱਸਿਆ ਕਿ ਉਹ ਲੈਂਡਲਾਰਡ ਦਾ ਕਿਰਾਇਆ ਕੱਟ ਕੇ ਤਰਜ਼ੀਹ ਦੇ ਆਧਾਰ ’ਤੇ ਨਗਰ ਕੌਂਸਲ ਨੂੰ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾ ਦੇਣਗੇ।

