6,000 flights delayed, 150 cancelled in the US due to a storm
ਅਮਰੀਕਾ ’ਚ ਤੂਫ਼ਾਨ ਕਾਰਨ 6000 ਫਲਾਈਟਾਂ ਲੇਟ, 150 ਉਡਾਣਾਂ ਰੱਦ
ਵਾਸ਼ਿੰਗਟਨ (ਆਵਾਜ਼ਿ ਕੌਮ ਬਿਊਰੋ)- ਅਮਰੀਕਾ ’ਚ ਥੈਂਕਸਗਿਵਿੰਗ ਦੀਆਂ ਛੁੱਟੀਆਂ ਦੇ ਵਿਚਾਲੇ ਖ਼ਰਾਬ ਮੌਸਮ ਨੇ ਲੋਕਾਂ ਦੀ ਪ੍ਰੇਸ਼ਾਨੀ ਵਧਾ ਦਿੱਤੀ ਹੈ। ਪੂਰਬੀ ਅਤੇ ਪੱਛਮੀ ਤੱਟਾਂ ’ਤੇ ਆਏ ਤੂਫ਼ਾਨ ਕਾਰਨ ਬੁੱਧਵਾਰ ਨੂੰ 6000 ਤੋਂ ਵੱਧ ਫਲਾਈਟਾਂ ਲੇਟ ਹੋਈਆਂ, ਜਦਕਿ ਕਰੀਬ 150 ਉਡਾਣਾਂ ਰੱਦ ਕਰਨੀਆਂ ਪਈਆਂ। ਸਭ ਤੋਂ ਵੱਧ ਅਸਰ ਪੂਰਬੀ ਤੱਟ ’ਤੇ ਦੇਖਣ ਨੂੰ ਮਿਲ ਰਿਹਾ ਹੈ। ਇੱਥੇ ‘ਨਾਰਈਸਟਰ’ ਨਾਮ ਦਾ ਤੂਫ਼ਾਨ ਅੱਗੇ ਵਧ ਰਿਹਾ ਹੈ। ਇਸ ਕਾਰਨ ਨਿਊਯਾਰਕ, ਨਿਊ ਜਰਸੀ, ਫਿਲਾਡੇਲਫੀਆ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਪੈਣ ਦਾ ਖ਼ਦਸ਼ਾ ਹੈ। ਸਮੁੰਦਰ ਵਿਚ ਉੱਚੀਆਂ ਲਹਿਰਾਂ ਉੱਠਣ ਨਾਲ ਤੱਟੀ ਇਲਾਕਿਆਂ ਵਿਚ ਹੜ੍ਹ ਦਾ ਖ਼ਤਰਾ ਵੀ ਵਧ ਗਿਆ ਹੈ। ਕੈਲੀਫੋਰਨੀਆ ਸਮੇਤ ਕਈ ਸੂਬਿਆਂ ਵਿਚ ਇਸ ਨਾਲ ਨਜਿੱਠਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸੇ ਦੌਰਾਨ ਮਿਆਮੀ ਏਅਰਪੋਰਟ ’ਤੇ ਭਾਰੀ ਮੀਂਹ ਕਾਰਨ ਇਕ ਕੈਰੀਅਰ ਜਹਾਜ਼ ਉਤਰਦੇ ਸਮੇਂ ਰਨਵੇਅ ਤੋਂ ਅੱਗੇ ਨਿਕਲ ਗਿਆ। ਇਸ ਤੋਂ ਬਾਅਦ ਕੁਝ ਸਮੇਂ ਲਈ ਏਅਰਪੋਰਟ ਦੇ ਜ਼ਿਆਦਾਤਰ ਰਨਵੇਅ ਬੰਦ ਕਰਨੇ ਪਏ, ਜਿਸ ਨਾਲ ਜਹਾਜ਼ਾਂ ਦੀ ਆਵਾਜਾਈ ਪ੍ਰਭਾਵਿਤ ਹੋਈ। ਅਮਰੀਕਾ ਦੇ ਪੱਛਮੀ ਤੱਟ ’ਤੇ ਤੇਜ਼ ਲਹਿਰਾਂ ਕਾਰਨ ਸਮੁੰਦਰ ਕਿਨਾਰੇ ਬਣੇ ਢਾਂਚਿਆਂ ਨੂੰ ਨੁਕਸਾਨ ਪਹੁੰਚਿਆ ਹੈ। ਸੈਨ ਡਿਏਗੋ ਦੇ ਆਲੇ-ਦੁਆਲੇ ਸਮੁੰਦਰ ਦਾ ਪਾਣੀ ਪੁਰਾਣੇ ਰਿਕਾਰਡ ਤੋਂ ਵੀ ਉੱਪਰ ਪਹੁੰਚ ਗਿਆ। ਇਸ ਨਾਲ ਆਲੇ-ਦੁਆਲੇ ਦੇ ਤੱਟੀ ਇਲਾਕਿਆਂ ਵਿਚ ਹੜ੍ਹ ਦਾ ਖ਼ਤਰਾ ਵਧ ਗਿਆ ਹੈ। ਅਮਰੀਕਾ ਦੇ ਪੂਰਬੀ ਤੱਟ ’ਤੇ 2012 ਵਿਚ ਆਏ ਸੁਪਰਸਟਾਰਮ ਸੈਂਡੀ ਤੋਂ ਬਾਅਦ ਹੁਣ ਸਮੁੰਦਰ ਦਾ ਜਲ-ਪੱਧਰ ਸਭ ਤੋਂ ਵੱਧ ਹੋ ਸਕਦਾ ਹੈ। ਡੇਲਾਵੇਅਰ ਅਤੇ ਨਿਊ ਜਰਸੀ ਦੇ ਕੁਝ ਇਲਾਕਿਆਂ ਵਿਚ ਤੇਜ਼ ਹਵਾਵਾਂ ਕਾਰਨ ਬਿਜਲੀ ਬੰਦ ਹੋਣ ਦਾ ਵੀ ਖ਼ਤਰਾ ਹੈ। ਦੇਸ਼ ਦੇ ਮੱਧ ਹਿੱਸਿਆਂ ਵਿਚ ਬੁੱਧਵਾਰ ਤੋਂ ਸ਼ੁੱਕਰਵਾਰ ਤੱਕ ਮੀਂਹ ਅਤੇ ਬਰਫ਼ਬਾਰੀ ਹੋਣ ਦਾ ਅਨੁਮਾਨ ਹੈ। ਇਸ ਦੇ ਨਾਲ ਹੀ, ਪੈਸੀਫਿਕ ਨਾਰਥਵੈਸਟ ਇਲਾਕੇ ਵਿਚ ਬੁੱਧਵਾਰ ਰਾਤ ਤੋਂ ਮੀਂਹ ਅਤੇ ਤੇਜ਼ ਹਵਾਵਾਂ ਦਾ ਇਕ ਹੋਰ ਦੌਰ ਸ਼ੁਰੂ ਹੋਣ ਦਾ ਖ਼ਦਸ਼ਾ ਹੈ। ਅਮਰੀਕਾ ਦੇ ਪੂਰਬੀ ਅਤੇ ਪੱਛਮੀ ਤੱਟਾਂ ’ਤੇ ਖ਼ਰਾਬ ਮੌਸਮ ਕਾਰਨ ਲੱਖਾਂ ਲੋਕਾਂ ਦਾ ਸਫ਼ਰ ਪ੍ਰਭਾਵਿਤ ਹੋ ਰਿਹਾ ਹੈ। ਥੈਂਕਸਗਿਵਿੰਗ ਅਮਰੀਕਾ ਦਾ ਵੱਡਾ ਤਿਉਹਾਰ ਹੈ। ਇਸ ਦੌਰਾਨ ਲੋਕ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਸਮਾਂ ਬਿਤਾਉਣ ਲਈ ਦੂਜੇ ਸ਼ਹਿਰਾਂ ਵਿਚ ਜਾਂਦੇ ਹਨ। ਅਜਿਹੇ ਵਿਚ ਹਵਾਈ ਸਫ਼ਰ ’ਚ ਦੇਰੀ ਕਾਰਨ ਯਾਤਰੀਆਂ ਦੀ ਪ੍ਰੇਸ਼ਾਨੀ ਵਧ ਗਈ ਹੈ। ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਨੇ ਚਿਤਾਵਨੀ ਦਿੱਤੀ ਹੈ ਕਿ ਥੈਂਕਸਗਿਵਿੰਗ ਵਾਲੇ ਦਿਨ ਵੀ ਉੱਤਰ-ਪੂਰਬੀ ਅਮਰੀਕਾ ਵਿਚ ਖ਼ਰਾਬ ਮੌਸਮ ਕਾਰਨ ਉਡਾਣਾਂ ’ਤੇ ਅਸਰ ਪੈ ਸਕਦਾ ਹੈ। ਇਕ ਟਰੈਵਲ ਵੈੱਬਸਾਈਟ ਮੁਤਾਬਕ, ਇਸ ਦੌਰਾਨ ਅਟਲਾਂਟਾ ਏਅਰਪੋਰਟ ਸਭ ਤੋਂ ਵੱਧ ਰੁੱਝਿਆ ਰਹੇਗਾ।

