Cow that yields 75 litres of milk a day becomes the centre of attraction at Karnal dairy fair
ਇੱਕ ਦਿਨ ‘ਚ ਦਿੰਦੀ ਹੈ 75 ਲੀਟਰ ਦੁੱਧ, ਕਰਨਾਲ ਡੇਅਰੀ ਮੇਲੇ ‘ਚ ਖਿੱਚ ਦਾ ਕੇਂਦਰ ਬਣੀ ਗਾਂ
ਕਰਨਾਲ (ਆਵਾਜ਼ਿ ਕੌਮ ਬਿਊਰੋ)- ਹਰਿਆਣਾ ਦੇ ਕਰਨਾਲ ਵਿਖੇ ਆਯੋਜਿਤ ਰਾਸ਼ਟਰੀ ਡੇਅਰੀ ਮੇਲੇ ਵਿੱਚ ਇੱਕ ਖ਼ਾਸ ਗਾਂ ਲੋਕਾਂ ਦੇ ਖਿੱਚ ਦਾ ਮੁੱਖ ਕੇਂਦਰ ਬਣੀ ਹੋਈ ਹੈ। ਇਹ ਗਾਂ ਇੱਕ ਦਿਨ ਵਿੱਚ 70 ਤੋਂ 75 ਲੀਟਰ ਤੱਕ ਦੁੱਧ ਦਿੰਦੀ ਹੈ। ਇਸ ਗਾਂ ਨੂੰ ਲੈ ਕੇ ਕਰਨਾਲ ਦੇ ਨੌਜਵਾਨ ਕਿਸਾਨ ਰਮਨਦੀਪ ਸਿੰਘ ਮੇਲੇ ਵਿੱਚ ਪਹੁੰਚੇ ਹਨ, ਜਿਨ੍ਹਾਂ ਦਾ ਪਰਿਵਾਰ ਪਿਛਲੀਆਂ ਤਿੰਨ ਪੀੜ੍ਹੀਆਂ ਤੋਂ ਪਸ਼ੂ ਪਾਲਣ ਅਤੇ ਡੇਅਰੀ ਫਾਰਮਿੰਗ ਦੇ ਕੰਮ ਨਾਲ ਜੁੜਿਆ ਹੋਇਆ ਹੈ। ਕਿਸਾਨ ਰਮਨਦੀਪ ਸਿੰਘ ਅਨੁਸਾਰ ਉਨ੍ਹਾਂ ਦੀ ਇਹ ਗਾਂ ‘ਹੋਲਸਟੀਨ ਫ੍ਰਾਈਜ਼ੀਅਨ’ (HF) ਨਸਲ ਦੀ ਹੈ। ਹੋਰ ਗਾਵਾਂ ਦੇ ਮੁਕਾਬਲੇ ਇਸ ਗਾਂ ਦੀ ਦੁੱਧ ਦੇਣ ਦੀ ਸਮਰੱਥਾ ਬਹੁਤ ਜ਼ਿਆਦਾ ਹੈ ਅਤੇ ਖ਼ੁਰਾਕ ਦੀ ਖਪਤ ਵੀ ਅਨੁਪਾਤਕ ਤੌਰ ‘ਤੇ ਘੱਟ ਹੈ। ਇਸ ਗਾਂ ਦਾ ਦਿਨ ਵਿੱਚ ਤਿੰਨ ਵਾਰ ਦੁੱਧ ਚੋਇਆ ਜਾਂਦਾ ਹੈ। ਗਾਂ ਦੀ ਖ਼ੁਰਾਕ ਬਾਰੇ ਜਾਣਕਾਰੀ ਦਿੰਦਿਆਂ ਰਮਨਦੀਪ ਨੇ ਦੱਸਿਆ ਕਿ ਇਸ ਨੂੰ ਰੋਜ਼ਾਨਾ ਸਲਾਦ ਅਤੇ ਵਿਸ਼ੇਸ਼ ਫੀਡ (ਖ਼ੁਰਾਕ) ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਹ ਗਾਂ ਪਹਿਲਾਂ ਵੀ ਕਈ ਮੇਲਿਆਂ ਵਿੱਚ ਪਹਿਲਾ ਸਥਾਨ ਪ੍ਰਾਪਤ ਕਰ ਚੁੱਕੀ ਹੈ ਅਤੇ ਇੱਕ ਦਿਨ ਵਿੱਚ ਸਭ ਤੋਂ ਵੱਧ ਦੁੱਧ ਉਤਪਾਦਨ ਲਈ ਕਈ ਵਾਰ ਸਨਮਾਨਿਤ ਵੀ ਹੋ ਚੁੱਕੀ ਹੈ। ਰਮਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਵਿੱਚ ਤਿੰਨ ਪੀੜ੍ਹੀਆਂ ਤੋਂ ਪਸ਼ੂ ਪਾਲਣ ਦਾ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਲਈ ਇਹ ਗਾਂ ਸਿਰਫ਼ ਦੁੱਧ ਉਤਪਾਦਨ ਦਾ ਜ਼ਰੀਆ ਨਹੀਂ, ਸਗੋਂ ਪਰਿਵਾਰ ਦੇ ਮੈਂਬਰਾਂ ਵਾਂਗ ਹੈ। ਉਨ੍ਹਾਂ ਅਨੁਸਾਰ ਮਿਹਨਤ ਅਤੇ ਸਹੀ ਦੇਖਭਾਲ ਨਾਲ ਡੇਅਰੀ ਫਾਰਮਿੰਗ ਇੱਕ ਲਾਭਦਾਇਕ ਕੰਮ ਸਾਬਿਤ ਹੋ ਸਕਦਾ ਹੈ। ਰਾਸ਼ਟਰੀ ਡੇਅਰੀ ਮੇਲੇ ਵਿੱਚ ਇਸ ਗਾਂ ਦੀ ਦੁੱਧ ਦੇਣ ਦੀ ਸਮਰੱਥਾ ਪਸ਼ੂ ਪਾਲਕਾਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

