World’s most expensive spice grown in Ladakh; you’ll be stunned to learn its price
ਲੱਦਾਖ ‘ਚ ਉੱਗਿਆ ਦੁਨੀਆ ਦਾ ਸਭ ਤੋਂ ਮਹਿੰਗਾ ਮਸਾਲਾ, ਕੀਮਤ ਜਾਣ ਉੱਡ ਜਾਣਗੇ ਹੋਸ਼
ਲੇਹ (ਆਵਾਜ਼ਿ ਕੌਮ ਬਿਊਰੋ)- ਦੁਨੀਆ ਦਾ ਸਭ ਤੋਂ ਮਹਿੰਗਾ ਮਸਾਲਾ ਮੰਨਿਆ ਜਾਣ ਵਾਲਾ ਕੇਸਰ ਹੁਣ ਲੱਦਾਖ ਦੀ ਬੰਜਰ ਜ਼ਮੀਨ ਉੱਤੇ ਵੀ ਉੱਗਣ ਲੱਗ ਪਿਆ ਹੈ। ਬਾਜ਼ਾਰ ਵਿੱਚ ਪ੍ਰੀਮੀਅਮ ਕੇਸਰ ਦੀ ਕੀਮਤ 3 ਲੱਖ ਤੋਂ 3.60 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਹੈ। ਲੱਦਾਖ ਵਿੱਚ ਜਿਸ ਜ਼ਮੀਨ ਨੂੰ ਕਦੇ ਖੇਤੀ ਦੇ ਅਯੋਗ ਮੰਨਿਆ ਜਾਂਦਾ ਸੀ, ਉੱਥੇ ਮਹਿਜ਼ 30 ਦਿਨਾਂ ਵਿੱਚ ਕੇਸਰ ਦੇ ਫੁੱਲ ਖਿੜ ਉੱਠੇ ਹਨ। ਇਸ ਸਫ਼ਲ ਪ੍ਰਯੋਗ ਨਾਲ ਲੱਦਾਖ ਵਿੱਚ ਖੇਤੀਬਾੜੀ ਦੀਆਂ ਨਵੀਆਂ ਸੰਭਾਵਨਾਵਾਂ ਖੁੱਲ੍ਹੀਆਂ ਹਨ ਅਤੇ ਸਥਾਨਕ ਲੋਕਾਂ ਲਈ ਕਮਾਈ ਦੇ ਨਵੇਂ ਰਸਤੇ ਬਣਨ ਦੀ ਉਮੀਦ ਜਗੀ ਹੈ। ਲੱਦਾਖ ਦੇ ਲੇਹ ਸਥਿਤ ਸਪਿਤੁਕ ਫਾਰਕਾ ਵਿਖੇ ਕਰੀਬ 4,000 ਵਰਗ ਮੀਟਰ ਜ਼ਮੀਨ ‘ਤੇ ਕੇਸਰ ਦੀ ਖੇਤੀ ਦਾ ਪ੍ਰਯੋਗ ਕੀਤਾ ਗਿਆ ਹੈ। ਇਸ ਮਿਸ਼ਨ ਲਈ ਈਰਾਨ ਤੋਂ ਕਰੀਬ 800 ਕਿਲੋ ਵਜ਼ਨ ਦੇ 90,000 ਕੇਸਰ ਦੇ ਬਲਬ (ਬੀਜ) ਮੰਗਵਾਏ ਗਏ ਸਨ। ਇਨ੍ਹਾਂ ਬਲਬਾਂ ਨੂੰ 1 ਅਕਤੂਬਰ 2026 ਨੂੰ ਜ਼ਮੀਨ ਵਿੱਚ ਲਗਾਇਆ ਗਿਆ ਸੀ। ਪ੍ਰਸ਼ਾਸਨ ਨੂੰ ਉਮੀਦ ਸੀ ਕਿ ਫੁੱਲ ਆਉਣ ਵਿੱਚ ਕਰੀਬ ਦੋ ਮਹੀਨੇ ਲੱਗਣਗੇ, ਪਰ ਮਹਿਜ਼ 30 ਦਿਨਾਂ ਵਿੱਚ ਹੀ ਫੁੱਲ ਖਿੜਨੇ ਸ਼ੁਰੂ ਹੋ ਗਏ। ਸ਼ੁਰੂਆਤੀ ਚਾਰ ਦਿਨਾਂ ਵਿੱਚ ਹੀ ਕਰੀਬ 22 ਗ੍ਰਾਮ ਕੇਸਰ ਇਕੱਠਾ ਕਰ ਲਿਆ ਗਿਆ ਹੈ। ਇਹ ਪ੍ਰਯੋਗ ਲੱਦਾਖ ਦੀ ‘ਹਿਮ ਸਰੋਵਰ ਪ੍ਰੋਜੈਕਟ’ ਤਹਿਤ ਅੱਗੇ ਵਧਾਇਆ ਗਿਆ, ਜਿਸ ਦਾ ਮੁੱਖ ਮਕਸਦ ਬਰਫ਼ ਪਿਘਲਣ ਤੋਂ ਮਿਲਣ ਵਾਲੇ ਪਾਣੀ ਨੂੰ ਸੰਭਾਲਣਾ ਅਤੇ ਅਣਵਰਤੀ ਜ਼ਮੀਨ ਨੂੰ ਖੇਤੀ ਦੇ ਯੋਗ ਬਣਾਉਣਾ ਹੈ। ਲੱਦਾਖ ਦੇ ਉਪ-ਰਾਜਪਾਲ (LG) ਵੀ. ਕੇ. ਸਕਸੈਨਾ ਵੱਲੋਂ ਸ਼ੁਰੂ ਕੀਤੀ ਗਈ ਇਸ ਪਹਿਲਕਦਮੀ ਨਾਲ ਭਵਿੱਖ ਵਿੱਚ ਵੱਡੇ ਪੱਧਰ ‘ਤੇ ਕੇਸਰ ਦੀ ਖੇਤੀ ਕਰਕੇ ਸਥਾਨਕ ਕਿਸਾਨਾਂ ਨੂੰ ਰੁਜ਼ਗਾਰ ਅਤੇ ਕਾਰੋਬਾਰ ਦੇ ਨਵੇਂ ਮੌਕੇ ਮੁਹੱਈਆ ਕਰਵਾਏ ਜਾਣਗੇ। ਕੇਸਰ ਦੀ ਕੀਮਤ ਜ਼ਿਆਦਾ ਹੋਣ ਦਾ ਮੁੱਖ ਕਾਰਨ ਇਸ ਦੇ ਉਤਪਾਦਨ ਦੀ ਮੁਸ਼ਕਿਲ ਪ੍ਰਕਿਰਿਆ ਹੈ। ਕੇਸਰ ਦੇ ਹਰ ਇੱਕ ਫੁੱਲ ਵਿੱਚੋਂ ਸਿਰਫ਼ ਤਿੰਨ ਲਾਲ ਧਾਗੇ (ਸਟਿਗਮਾ) ਨਿਕਲਦੇ ਹਨ, ਜਿਨ੍ਹਾਂ ਨੂੰ ਹੱਥਾਂ ਨਾਲ ਬੜੀ ਸਾਵਧਾਨੀ ਨਾਲ ਕੱਢ ਕੇ ਸੁਕਾਉਣਾ ਅਤੇ ਪ੍ਰੋਸੈਸ ਕਰਨਾ ਪੈਂਦਾ ਹੈ। ਭਾਰਤ ਵਿੱਚ ਕੇਸਰ ਉਤਪਾਦਨ ਦਾ ਕਰੀਬ 90 ਫੀਸਦੀ ਹਿੱਸਾ ਜੰਮੂ-ਕਸ਼ਮੀਰ ਦੇ ਪੰਪੋਰ ਤੋਂ ਆਉਂਦਾ ਹੈ। ਹੁਣ ਲੱਦਾਖ ਵਿੱਚ ਇਸ ਦੀ ਵਪਾਰਕ ਖੇਤੀ ਨਾਲ ਖੇਤਰ ਦੇ ਨਿਵਾਸੀਆਂ ਨੂੰ ਵੱਡਾ ਆਰਥਿਕ ਲਾਭ ਮਿਲਣ ਦੀ ਸੰਭਾਵਨਾ ਹੈ।

