BSF jawan dies after drowning in a river along the India-Bangladesh border; CM Naidu expresses grief
ਭਾਰਤ-ਬੰਗਲਾਦੇਸ਼ ਸਰਹੱਦ ‘ਚ ਨਦੀ ‘ਚ ਡੁੱਬਣ ਨਾਲ BSF ਜਵਾਨ ਦੀ ਮੌਤ, CM ਨਾਇਡੂ ਨੇ ਜਤਾਇਆ ਸੋਗ
ਅਮਰਾਵਤੀ (ਆਵਾਜ਼ਿ ਕੌਮ ਬਿਊਰੋ)-ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਨੇ ਸ਼ੁੱਕਰਵਾਰ ਨੂੰ ਸਰਹੱਦੀ ਸੁਰੱਖਿਆ ਫ਼ੋਰਸ (ਬੀਐੱਸਐੱਫ) ਦੇ ਕਾਂਸਟੇਬਲ ਕੇ. ਵੇਣੂ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ। ਵੇਣੂ ਆਸਾਮ ‘ਚ ਭਾਰਤ-ਬੰਗਲਾਦੇਸ਼ ਸਰਹੱਦ ‘ਤੇ ਡਿਊਟੀ ਦੌਰਾਨ ਨਦੀ ‘ਚ ਡੁੱਬ ਗਏ ਸਨ। ਮੁੱਖ ਮੰਤਰੀ ਨੇ ਵੇਣੂ ਦੀ ਘੱਟ ਉਮਰ ‘ਚ ਹੋਈ ਮੌਤ ਨੂੰ ਬਹੁਤ ਦੁਖਦਾਈ ਦੱਸਿਆ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟ ਕੀਤੀ। ਨਾਇਡੂ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਇਕ ਪੋਸਟ ‘ਚ ਕਿਹਾ,”ਆਸਾਮ ‘ਚ ਭਾਰਤ-ਬੰਗਲਾਦੇਸ਼ ਸਰਹੱਦ ‘ਤੇ ਡਿਊਟੀ ਦੌਰਾਨ ਨਦੀ ‘ਚ ਡੁੱਬਣ ਨਾਲ ਆਂਧਰਾ ਪ੍ਰਦੇਸ਼ ਦੇ ਨਿਵਾਸੀ ਬੀਐੱਸਐੱਫ ਕਾਂਸਟੇਬਲ ਕਦੀਮੀ ਵੇਣੂ ਦੀ ਮੌਤ ਬਹੁਤ ਦੁਖਦਾਈ ਹੈ। ਮੈਂ ਉਨ੍ਹਾਂ ਦੇ ਦੁਖੀ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦਾ ਹਾਂ।” ਵੇਣੂ ਪੂਰਬੀ ਗੋਦਾਵਰੀ ਜ਼ਿਲ੍ਹੇ ਦੇ ਗੋਖਾਵਰਮ ਮੰਡਲ ਦੇ ਕੋਠਾਪੱਲੀ ਪਿੰਡ ਦੇ ਰਹਿਣ ਵਾਲੇ ਸਨ। ਉਹ ਆਸਾਮ ਦੇ ਕਛਾਰ ਜ਼ਿਲ੍ਹੇ ਦੇ ਕਟੀਗੋਰਾ ਖੇਤਰ ‘ਚ ਹਰੀਨਗਰ ਸਰਹੱਦੀ ਚੌਕੀ ‘ਤੇ ਬੀਐੱਸਐੱਫ ਦੀ 75ਵੀਂ ਬਟਾਲੀਅਨ ‘ਚ ਤਾਇਨਾਤ ਸਨ। ਉਹ 23 ਨਵੰਬਰ ਨੂੰ ਬਰਾਕ ਨਦੀ ‘ਚ ਬੰਗਲਾਦੇਸ਼ ਤੋਂ ਪਸ਼ੂ ਤਸਕਰਾਂ ਨੂੰ ਫੜਨ ਲਈ ਇਕ ਮੁਹਿੰਮ ‘ਚ ਹਿੱਸਾ ਲੈਂਦੇ ਹੋਏ ਲਾਪਤਾ ਹੋ ਗਏ ਸਨ। ਤਿੰਨ ਦਿਨਾਂ ਦੀ ਤਲਾਸ਼ੀ ਮੁਹਿੰਮ ਤੋਂ ਬਾਅਦ, ਬੀਐੱਸਐੱਫ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਉਨ੍ਹਾਂ ਦੇ ਪਰਿਵਾਰ ਨੂੰ ਸੂਚਿਤ ਕੀਤਾ ਕਿ ਉਨ੍ਹਾਂ ਦੀ ਲਾਸ਼ ਸ਼੍ਰੀਭੂਮੀ ਜ਼ਿਲ੍ਹੇ ‘ਚ ਕੁਸ਼ਿਆਰਾ ਨਦੀ ਤੋਂ ਲਗਭਗ 25 ਕਿਲੋਮੀਟਰ ਹੇਠਾਂ ਵੱਲ ਬਰਾਮਦ ਕੀਤੀ ਗਈ ਹੈ। ਵੇਣੂ ਦਾ ਵਿਆਹ 2 ਸਾਲ ਪਹਿਲਾਂ ਹੋਇਆ ਸੀ। ਉਨ੍ਹਾਂ ਦੇ ਪਰਿਵਾਰ ‘ਚ ਪਤਨੀ ਸੁਗੁਨਾ ਅਤੇ 5 ਮਹੀਨਿਆਂ ਦੀ ਧੀ ਅਨਵਿਤਾ ਹੈ। ਬੀਐੱਸਐੱਫ ਦੇ ਅਧਿਕਾਰੀ ਪੋਸਟਮਾਰਟਮ ਅਤੇ ਹੋਰ ਅਧਿਕਾਰਤ ਰਸਮਾਂ ਪੂਰੀਆਂ ਹੋਣ ਮਗਰੋਂ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਜੱਦੀ ਪਿੰਡ ਪਹੁੰਚਾਉਣ ਦੀ ਵਿਵਸਥਾ ਕਰ ਰਹੇ ਹਨ।

