Gang committing fraud by creating fake shopping pages on Instagram busted; 2 arrested
Instagram ਫਰਜ਼ੀ ਸ਼ਾਪਿੰਗ ਪੇਜ਼ ਬਣਾ ਕੇ ਠੱਗੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 2 ਗ੍ਰਿਫ਼ਤਾਰ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)-ਦਿੱਲੀ ਪੁਲਸ ਨੇ ਇੰਸਟਾਗ੍ਰਾਮ ‘ਤੇ ਫਰਜ਼ੀ ਸ਼ਾਪਿੰਗ ਪੇਜ਼ ਅਤੇ ਐਮਾਜ਼ੋਨ ਦੇ ਪ੍ਰਤੀਨਿਧੀ ਬਣ ਕੇ ਲੋਕਾਂ ਨਾਲ ਠੱਗੀ ਕਰਨ ਵਾਲੇ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕਰ ਕੇ 2 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਕ ਸੀਨੀਅਰ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਦੱਖਣੀ ਦਿੱਲੀ ਦੇ ਡਿਪਟੀ ਕਮਿਸ਼ਨਰ ਆਫ਼ ਪੁਲਸ (ਡੀਸੀਪੀ) ਅਨੰਤ ਮਿੱਤਲ ਨੇ ਕਿਹਾ ਕਿ ਪੁਲਸ ਨੇ ਧੋਖਾਧੜੀ ਦੇ 1.04 ਲੱਖ ਰੁਪਏ ਬਰਾਮਦ ਕੀਤੇ ਅਤੇ ਇਕ ਪੀੜਤ ਨੂੰ ਵਾਪਸ ਕਰਵਾ ਦਿੱਤੇ। ਉਨ੍ਹਾਂ ਦੇ ਅਨੁਸਾਰ, ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਕਥਿਤ ਗਿਰੋਹ ਦੇ ਆਗੂ ਅਸ਼ੋਕ ਕੁਮਾਰ ਮੀਨਾ (32) ਅਤੇ ਉਸ ਦੇ ਸਾਥੀ ਅਜੈ ਮੀਨਾ (20) ਵਜੋਂ ਹੋਈ ਹੈ। ਅਸ਼ੋਕ ਨੂੰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦੋਂ ਕਿ ਅਜੈ ਨੂੰ ਰਾਜਸਥਾਨ ਦੇ ਜੈਪੁਰ ਜ਼ਿਲ੍ਹੇ ਦੇ ਜਮਵਰਮਗੜ੍ਹ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਸ ਨੇ ਕਿਹਾ ਕਿ ਮਾਲਵੀਆ ਨਗਰ ਦੀ ਇਕ ਔਰਤ ਨੇ ਸ਼ਿਕਾਇਤ ਕੀਤੀ ਸੀ ਕਿ ਉਸ ਨੇ ਇਕ ਇੰਸਟਾਗ੍ਰਾਮ ਪੇਜ ਤੋਂ 999 ਰੁਪਏ ਦਾ ਬੈਗ ਮੰਗਵਾਇਆ ਸੀ। ਇਸ ਤੋਂ ਬਾਅਦ, ਇਕ ਵਿਅਕਤੀ ਨੇ ਐਮਾਜ਼ੋਨ ਪ੍ਰਤੀਨਿਧੀ ਬਣ ਕੇ ਸੰਪਰਕ ਕੀਤਾ ਅਤੇ ਵੱਖ-ਵੱਖ ਬਹਾਨਿਆਂ ਨਾਲ 14 ਵਾਰ ‘ਚ UPI ਰਾਹੀਂ ਉਸ ਨਾਲ 103,973 ਰੁਪਏ ਦੀ ਧੋਖਾਧੜੀ ਕੀਤੀ। ਮਿੱਤਲ ਨੇ ਦੱਸਿਆ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਇੰਸਟਾਗ੍ਰਾਮ ‘ਤੇ ਜਾਅਲੀ ਸ਼ਾਪਿੰਗ ਪੇਜ ਚਲਾਉਂਦੇ ਸਨ, ਗਾਹਕਾਂ ਨੂੰ ਸਸਤੀਆਂ ਚੀਜ਼ਾਂ ਦਾ ਲਾਲਚ ਦਿੰਦੇ ਸਨ ਅਤੇ ਫਿਰ ਉਨ੍ਹਾਂ ਨੂੰ ਵਟਸਐੱਪ ਰਾਹੀਂ ਐਡਵਾਂਸ ਭੁਗਤਾਨ ਲਈ ਸੰਪਰਕ ਕਰਨ ਲਈ ਕਹਿੰਦੇ ਸਨ। ਉਨ੍ਹਾਂ ਕਿਹਾ ਕਿ ਇਸ ਤੋਂ ਬਾਅਦ ਐਮਾਜ਼ੋਨ ਦਾ ਪ੍ਰਤੀਨਿਧੀ ਬਣ ਕੇ ਉਨ੍ਹਾਂ ਤੋਂ ਆਫ਼ਰ ਵੈਰੀਫਿਕੇਸ਼ਨ, ਪ੍ਰੋਸੈਸਿੰਗ ਫੀਸ ਅਤੇ ਰਕਮ ਵਾਪਸ ਕਰਨ ਦੇ ਨਾਂ ‘ਤੇ ਵਾਰ-ਵਾਰ ਭੁਗਤਾਨ ਕਰਵਾਇਆ ਜਾਂਦਾ ਸੀ। ਪੁਲਸ ਨੇ ਦੱਸਿਆ ਕਿ ਪੈਸੇ ਨੂੰ ਲੁਕਾਉਣ ਲਈ ਆਨਲਾਈਨ ਗੇਮਿੰਗ ਵੈੱਬਸਾਈਟਾਂ ਤੋਂ QR ਕੋਡ ਅਤੇ ਗੇਮਿੰਗ ਆਈਡੀ ਦੀ ਵਰਤੋਂ ਕਰਕੇ ਧੋਖਾਧੜੀ ਵਾਲੇ ਫੰਡਾਂ ਨੂੰ ਇੱਧਰ-ਉੱਧਰ ਭੇਜਿਆ ਗਿਆ ਤਾਂ ਕਿ ਪੈਸਿਆਂ ਦੇ ਲੈਣ-ਦੇਣ ਦਾ ਪਤਾ ਨਾ ਲੱਗ ਸਕੇ। ਡੀਸੀਪੀ ਨੇ ਕਿਹਾ ਕਿ ਪੁਲਸ ਨੇ ਸ਼ੱਕੀ ਵਟਸਐੱਪ ਨੰਬਰਾਂ ਅਤੇ ਤਕਨੀਕੀ ਡਾਟਾ ਦਾ ਵਿਸ਼ਲੇਸ਼ਣ ਕਰਕੇ ਰੈਕੇਟ ਦਾ ਪਰਦਾਫਾਸ਼ ਕੀਤਾ। ਉਨ੍ਹਾਂ ਦੇ ਅਨੁਸਾਰ, ਜਾਂਚ ਦੌਰਾਨ ਚਾਰ ਮੋਬਾਈਲ ਫੋਨ, ਜਾਅਲੀ ਪੈਨ ਅਤੇ ਆਧਾਰ ਕਾਰਡ, ਜਾਅਲੀ ਐਮਾਜ਼ੋਨ ਆਈਡੀ ਕਾਰਡ, QR ਕੋਡ ਅਤੇ ਸੱਤ ਜਾਅਲੀ ਇੰਸਟਾਗ੍ਰਾਮ ਸ਼ਾਪਿੰਗ ਪੇਜਾਂ ਦੇ ਡਿਜੀਟਲ ਵੇਰਵੇ ਬਰਾਮਦ ਕੀਤੇ ਗਏ ਸਨ। ਪੁਲਸ ਦੇ ਅਨੁਸਾਰ, ਦੋਸ਼ੀਆਂ ਤੋਂ 57 ਸੰਭਾਵੀ ਪੀੜਤਾਂ ਦੇ ਮੋਬਾਈਲ ਨੰਬਰਾਂ ਦੀ ਸੂਚੀ ਅਤੇ 9 ਹੋਰ ਪੀੜਤਾਂ ਨਾਲ ਗੱਲਬਾਤ ਵੀ ਬਰਾਮਦ ਕੀਤੀ ਗਈ ਹੈ। ਮਾਮਲੇ ਦੀ ਜਾਂਚ ਜਾਰੀ ਹੈ।

