
ਭਾਈ ਨਰਾਇਣ ਸਿੰਘ ਚੌੜਾ ਨੂੰ ਪੰਥ ਵਿੱਚੋਂ ਛੇਕਣ ਦੇ ਫੈਸਲੇ ਨੂੰ ਰੱਦ ਕਰਨ ਦੀ ਪ੍ਰਕਿਰਿਆ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਪ੍ਰਤੀਕਿਰਿਆ ਕਰਦਿਆਂ ਆਖਿਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜ ਕਰਨੀ ਦੀ ਅੱਜ ਦੀ ਇਕੱਤਰਤਾ ਵਿੱਚ ਜਥੇਦਾਰ ਹਰਪ੍ਰੀਤ ਸਿੰਘ ਬਾਰੇ ਲੈ ਫੈਸਲੇ ਦੀ ਵੀ ਪੁਸ਼ਟੀ ਨਹੀਂ ਕਰਵਾਈ ਗਈ ਜਿਸ ਦਾ ਅਰਥ ਇਹੀ ਬਣਦਾ ਹੈ ਕਿ ਹੁਣ ਇਹ ਫੈਸਲੇ ਰੱਦ ਹਨ। ਜਥੇਦਾਰ ਪੰਜੋਲੀ ਨੇ ਆਖਿਆ ਕਿ ਇਹ ਫੈਸਲੇ ਸਿਆਸਤ ਤੋਂ ਪ੍ਰੇਰਤ ਸਨ ਅਤੇ ਇਹ ਸਿੱਖ ਇਤਿਹਾਸ ਦੇ ਬਿਲਕੁਲ ਉਲਟ ਸਨ ਉਹਨਾਂ ਆਖਿਆ ਕਿ ਪਹਿਲੇ ਦਿਨ ਤੋਂ ਹੀ ਇਨਾ ਫੈਸਲਿਆਂ ਖਿਲਾਫ ਖਾਲਸਾ ਪੰਥ ਅੰਦਰ ਅੰਤਾਂ ਦਾ ਰੋਹ ਭੜਕਦਾ ਰਿਹਾ ਹੈ ਅਤੇ ਇਹ ਚੰਗੀ ਗੱਲ ਹੈ ਕਿ ਹੁਣ ਸ਼੍ਰੋਮਣੀ ਕਮੇਟੀ ਨੇ ਇਹਨਾਂ ਫੈਸਲਿਆਂ ਦੀ ਪੁਸ਼ਟੀ ਨਹੀਂ ਕਰਵਾਈ। ਉਹਨਾਂ ਆਖਿਆ ਕਿ ਬਾਦਲ ਦਲ ਦੇ ਆਗੂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਸਮੇਤ ਤਖਤ ਸਾਹਿਬਾਨ ਦੇ ਜਥੇਦਾਰ ਸਾਹਿਬਾਨ ਨੂੰ ਕੌਮ ਦੇ ਸਾਹਮਣੇ ਹਾਸੋਹੀਣੀ ਸਥਿਤੀ ਵਿੱਚ ਲਿਆ ਕੇ ਕਸੂਤਾ ਫਸਾ ਦਿੰਦੇ ਹਨ।ਉਹਨਾਂ ਆਖਿਆ ਕਿ ਜੇਕਰ ਸ਼੍ਰੋਮਣੀ ਕਮੇਟੀ ਅੱਜ ਇਹ ਫੈਸਲੇ ਰੱਦ ਨਾ ਵੀ ਕਰਦੀ ਤਾਂ ਵੀ ਇਹ ਫੈਸਲੇ ਪੰਥ ਨੇ ਕਦੇ ਪ੍ਰਵਾਨ ਨਹੀਂ ਸੀ ਕਰਨੇ ।ਉਹਨਾਂ ਆਖਿਆ ਕਿ ਦੋ ਦਸੰਬਰ ਦੇ ਫੈਸਲਿਆਂ ਨੂੰ ਪਲਟਾਉਣ ਲਈ ਗਿਆਨੀ ਹਰਪ੍ਰੀਤ ਸਿੰਘ ਦੇ ਸਿਰ ਤੇ ਤਲਵਾਰ ਲਮਕਾ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਜਥੇਦਾਰ ਰਘਬੀਰ ਸਿੰਘ ਨੂੰ ਸੁਨੇਹਾ ਲਾਇਆ ਜਾ ਰਿਹਾ ਹੈ। ਉਹਨਾਂ ਆਖਿਆ ਕਿ ਜਦ ਆਮ ਆਦਮੀ ਪਾਰਟੀ ਗ੍ਰੰਥੀਆਂ ਅਤੇ ਪੁਜਾਰੀਆਂ ਨੂੰ 18000 ਰੁਪਆ ਮਹੀਨਾ ਦੇਣ ਦੇ ਐਲਾਨ ਕਰਕੇ ਚੋਣਾਂ ਲੜ ਸਕਦੀ ਹੈ ਤਾਂ ਅਕਾਲੀ ਲੀਡਰਸ਼ਿਪ ਕਿਉਂ ਭਰਮ ਫੈਲਾ ਰਹੀ ਹੈ ਕਿ ਜੇ ਅਸੀਂ ਧਰਮ ਤੋਂ ਸੇਧ ਲਈ ਤਾਂ ਮਾਨਤਾ ਰੱਦ ਹੋ ਜਾਏਗੀ। ਉਹਨਾਂ ਆਖਿਆ ਕਿ ਹੇਰਾ ਫੇਰੀ ਠੱਗੀ ਛਲ ਕਪਟ ਬੜੀ ਜਲਦੀ ਨੰਗੇ ਹੋ ਜਾਂਦੇ ਹੁੰਦੇ ਹਨ। ਉਹਨਾਂ ਆਖਿਆ ਕਿ ਖਾਲਸਾ ਪੰਥ ਨੂੰ ਇਹੋ ਜਿਹੇ ਅਕਾਲੀ ਦਲ ਦੀ ਕੋਈ ਲੋੜ ਨਹੀਂ ਜਿਹੜਾ ਸਿੱਖ ਧਰਮ ਨਾਲ ਆਪਣੇ ਸਬੰਧ ਦਿਖਾਉਣ ਤੋਂ ਟਲਦਾ ਅਤੇ ਲੁਕਦਾ ਹੋਵੇ ਅੱਜ ਦੇ ਫੈਸਲਿਆਂ ਲਈ ਉਹਨਾਂ ਨੇ ਸਮੁੱਚੇ ਸਿੱਖ ਜਗਤ ਨੂੰ ਵਧਾਈ ਦਿੱਤੀ ਹੈ ।