Kaurmi Insaf Morcha Announces All-Out Battle After Three Years
ਤਿੰਨ ਸਾਲਾਂ ਤੋਂ ਜਾਰੀ ਕੌਮੀ ਇਨਸਾਫ਼ ਮੋਰਚੇ ਨੇ ਐਲਾਨ ਕੀਤਾ ਆਰ–ਪਾਰ ਦੀ ਲੜਾਈ

09 ਜਨਵਰੀ 2026,ਲੰਡਨ/ਮੋਹਾਲੀ(ਸਰਬਜੀਤ ਸਿੰਘ ਬਨੂੜ) – ਚੰਡੀਗੜ੍ਹ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਚੱਲ ਰਹੇ ਕੌਮੀ ਇਨਸਾਫ਼ ਮੋਰਚੇ ਨੂੰ ਅੱਜ ਤਿੰਨ ਸਾਲ ਪੂਰੇ ਹੋ ਗਏ ਹਨ, ਪਰ ਭਾਰਤੀ ਰਾਜ ਦਾ ਰਵੱਈਆ ਅਜੇ ਵੀ ਹਠੀਲਾ ਅਤੇ ਭੇਦਭਾਵਪੂਰਣ ਬਣਿਆ ਹੋਇਆ ਹੈ। ਤਿੰਨ ਦਹਾਕਿਆਂ ਤੋਂ ਵੱਧ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਸਿੱਖ ਰਾਜਨੀਤਕ ਕੈਦੀਆਂ ਨੂੰ ਨਾ ਤਾਂ ਰਿਹਾਈ ਮਿਲ ਰਹੀ ਹੈ ਅਤੇ ਨਾ ਹੀ ਬਹੁਤਿਆਂ ਨੂੰ ਪੈਰੋਲ। ਵਿਸ਼ੇਸ਼ ਗੱਲਬਾਤ ਕਰਦਿਆਂ ਮੋਰਚੇ ਦੇ ਕਨਵੀਨਰ ਬਾਪੂ ਗੁਰਚਰਨ ਸਿੰਘ ਨੇ ਕਿਹਾ ਕਿ 12 ਜਨਵਰੀ ਅਤੇ 26 ਜਨਵਰੀ ਨੂੰ ਪੰਜਾਬ ਭਰ ਵਿੱਚ ਟੋਲ ਪਲਾਜ਼ੇ ਬੰਦ ਕੀਤੇ ਜਾਣਗੇ ਅਤੇ ਪੰਜਾਬ ਭਾਜਪਾ ਦੇ ਦਫ਼ਤਰਾਂ ਅਤੇ ਆਗੂਆਂ ਦੇ ਘਰਾਂ ਅੱਗੇ ਰੋਸ ਪ੍ਰਦਰਸ਼ਨ ਸ਼ੁਰੂ ਕੀਤੇ ਜਾਣਗੇ ਤੇ ਵਿਦੇਸ਼ਾਂ ਵਿੱਚ ਭਾਰਤੀ ਅੰਬੈਸੀਆਂ ਦਾ ਘਿਰਾਓ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੋਰਚੇ ਦੇ ਤਿੰਨ ਸਾਲਾਂ ਦੇ ਸੰਘਰਸ਼ ਦੌਰਾਨ ਭਾਈ ਲਖਵਿੰਦਰ ਸਿੰਘ, ਭਾਈ ਸ਼ਮਸ਼ੇਰ ਸਿੰਘ ਅਤੇ ਭਾਈ ਗੁਰਮੀਤ ਸਿੰਘ ਇੰਜੀਨੀਅਰ ਨੂੰ ਜ਼ਮਾਨਤ ਮਿਲੀ ਹੈ, ਪਰ ਭਾਈ ਜਗਤਾਰ ਸਿੰਘ ਹਵਾਰਾ ਅਤੇ ਭਾਈ ਜਗਤਾਰ ਸਿੰਘ ਤਾਰਾ ਵਰਗੇ ਸਿੱਖ ਕੈਦੀਆਂ ਦੇ ਕੇਸ 15–15 ਸਾਲਾਂ ਤੱਕ ਟ੍ਰਾਇਲ ਤੋਂ ਬਿਨਾਂ ਹੀ ਲਟਕੇ ਰਹੇ, ਜਿਸ ਕਾਰਨ ਉਨ੍ਹਾਂ ਦੀ ਪੈਰੋਲ ਤੱਕ ਅਪਲਾਈ ਨਹੀਂ ਹੋ ਸਕੀ। ਮੋਰਚੇ ਨੇ ਮੌਜੂਦਾ ਪੰਜਾਬ ਸਰਕਾਰ ਨੂੰ ਵੀ ਕੜੇ ਸ਼ਬਦਾਂ ਵਿੱਚ ਘੇਰਿਆ ਅਤੇ ਕਿਹਾ ਕਿ ਇਹ ਸਰਕਾਰ ਦਿੱਲੀ ਅਤੇ ਕੇਂਦਰ ਦੀ ਭਾਜਪਾ ਦੇ ਹੁਕਮਾਂ ਦੀ ਗੁਲਾਮ ਬਣੀ ਹੋਈ ਹੈ। ਪੰਥ ਅਤੇ ਪੰਜਾਬੀਆਂ ਦੀਆਂ ਭਾਵਨਾਵਾਂ ਦਾ ਸਤਿਕਾਰ ਇਸਦੇ ਏਜੰਡੇ ਵਿੱਚ ਸ਼ਾਮਲ ਨਹੀਂ। ਐਨ.ਐਸ.ਏ. ਲਗਾ ਕੇ ਬਿਨਾਂ ਮੁਕੱਦਮੇ ਚਲਾਏ ਨੌਜਵਾਨਾਂ ਨੂੰ ਜੇਲ੍ਹਾਂ ਵਿੱਚ ਡੱਕਣਾ ਅਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਕੈਦੀਆਂ ਨੂੰ ਰਿਹਾਅ ਨਾ ਕਰਨਾ ਇਸ ਗੱਲ ਦਾ ਸਾਫ਼ ਸਬੂਤ ਹੈ ਕਿ ਸਾਰੇ ਫ਼ੈਸਲੇ ਕੇਂਦਰ ਤੋਂ ਹੋ ਰਹੇ ਹਨ। ਬਾਪੂ ਗੁਰਚਰਨ ਸਿੰਘ ਨੇ ਵੱਖ-ਵੱਖ ਜਥੇਬੰਦੀਆਂ ਨੂੰ ਮੋਰਚੇ ਨਾਲ ਜੁੜਨ ਦੀ ਅਪੀਲ ਕੀਤੀ। ਮੋਰਚੇ ਨੇ ਸਾਫ਼ ਕੀਤਾ ਕਿ ਹੁਣ ਲੜਾਈ ਸਿੱਧੀ ਤਰ੍ਹਾਂ ਭਾਜਪਾ ਖ਼ਿਲਾਫ਼ ਲੜੀ ਜਾਵੇਗੀ ਅਤੇ ਜਦ ਤੱਕ ਬੰਦੀ ਸਿੰਘਾਂ ਨੂੰ ਇਨਸਾਫ਼ ਨਹੀਂ ਮਿਲਦਾ, ਸੰਘਰਸ਼ ਹੋਰ ਤੇਜ਼ ਅਤੇ ਵਿਸ਼ਾਲ ਕੀਤਾ ਜਾਂਦਾ ਰਹੇਗਾ। ਬੁਲਾਰਿਆਂ ਨੇ ਕਿਹਾ ਕਿ ਇੱਕ ਪਾਸੇ ਬਲਾਤਕਾਰ ਅਤੇ ਕਤਲ ਦੇ ਦੋਸ਼ੀ ਸੌਦਾ ਸਾਧ ਵਰਗੇ ਲੋਕਾਂ ਨੂੰ ਪੈਰੋਲ ਮਿਲਣਾ ਆਮ ਗੱਲ ਬਣ ਚੁੱਕੀ ਹੈ, ਪਰ ਦੂਜੇ ਪਾਸੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀ ਅਜੇ ਵੀ ਜੇਲ੍ਹਾਂ ਵਿੱਚ ਸੜ ਰਹੇ ਹਨ। ਇਹ ਭਾਰਤੀ ਨਿਆਂ ਪ੍ਰਣਾਲੀ ਦੇ ਦੋਹਰੇ ਮਾਪਦੰਡ ਦਾ ਨੰਗਾ ਚਿੱਤਰ ਹੈ। ਇਸ ਮੌਕੇ ਪੰਜਾਬ ਭਰ ਤੋਂ ਕਿਸਾਨ, ਮਜ਼ਦੂਰ, ਧਾਰਮਿਕ ਅਤੇ ਵਪਾਰੀ ਆਗੂਆਂ ਸਮੇਤ ਬਲਵੀਰ ਸਿੰਘ ਬੇਰੋਪੁਰ, ਬਲਵਿੰਦਰ ਸਿੰਘ ਕਾਲਾ ਝਾੜ, ਗੁਰਦੀਪ ਸਿੰਘ ਬਠਿੰਡਾ, ਪਾਲ ਸਿੰਘ ਫਰਾਂਸ, ਬਾਬਾ ਮਨਮੋਹਨ ਸਿੰਘ ਬਾਰਨ ਵਾਲੇ, ਤਰੁਣ ਜੈਨ ਬਾਵਾ, ਬਲਵਿੰਦਰ ਸਿੰਘ ਫਿਰੋਜ਼ਪੁਰ, ਪਾਲ ਸਿੰਘ ਘੜੂੰਆਂ, ਜੀਤ ਸਿੰਘ ਔਲਖ, ਦਰਸ਼ਨ ਸਿੰਘ (ਅਕਾਲੀ ਦਲ ਅੰਮ੍ਰਿਤਸਰ) ਅਮਰੀਕਾ, ਕਿਸਾਨ ਨੇਤਾ ਸਤਨਾਮ ਸਿੰਘ ਬਹਿਰੂ, ਲੋਕ ਹਿੱਤ ਮਿਸ਼ਨ ਤੋਂ ਰਵਿੰਦਰ ਸਿੰਘ ਵਜੀਦਪੁਰ, ਕਿਰਤੀ ਕਿਸਾਨ ਯੂਨੀਅਨ ਤੋਂ ਹਰਮੇਸ਼ ਸਿੰਘ ਢੇਸੀ, ਸ਼ੇਰੇ ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਗੁਰਵਿੰਦਰ ਸਿੰਘ ਭੰਗੂ, ਜਗਜੀਤ ਸਿੰਘ ਕਰਾਲਾ (ਜ਼ਿਲ੍ਹਾ ਪ੍ਰਧਾਨ ਡਕੌਂਦਾ), ਜਸਪਾਲ ਸਿੰਘ ਲਾਂਡਰਾਂ (ਜ਼ਿਲ੍ਹਾ ਪ੍ਰਧਾਨ ਲੱਖੋਵਾਲ), ਐਡਵੋਕੇਟ ਗੁਰਸ਼ਰਨ ਧਾਲੀਵਾਲ, ਕਿਸਾਨ ਆਗੂ ਗੁਰਦੀਪ ਸਿੰਘ ਭੋਗਪੁਰ, ਕਰਨੈਲ ਸਿੰਘ ਪੰਜੋਲੀ, ਭਾਈ ਸਤਨਾਮ ਸਿੰਘ ਖੰਡਾ (ਪੰਜ ਪਿਆਰੇ), ਬਾਬਾ ਗੁਰਦੇਵ ਸਿੰਘ ਨਾਨਕਸਰ, ਬੀਬੀ ਪ੍ਰੀਤਮ ਕੌਰ, ਬੀਬੀ ਬਲਜੀਤ ਕੌਰ, ਬੀਬੀ ਜਸਵਿੰਦਰ ਕੌਰ (ਸੁਖਮਨੀ ਸੇਵਾ ਸੁਸਾਇਟੀ), ਬਲਜੀਤ ਸਿੰਘ ਭਾਊ, ਬਲਜੀਤ ਸਿੰਘ ਖਾਲਸਾ, ਸੁਖਬੀਰ ਸਿੰਘ ਬਲਬੇੜਾ, ਬੱਬੂ ਪੰਧੇਰ ਸਮੇਤ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।
