Khalisai March to Begin from Sri Akal Takht Sahib on 9 March
ਭਾਈ ਤਾਰਾ ਸਿੰਘ ਵਾਂ ਦੀ 300 ਸਾਲਾ ਸ਼ਹੀਦੀ ਸ਼ਤਾਬਦੀ ਲਈ 9 ਮਾਰਚ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਖਾਲਸਈ ਮਾਰਚ

06 ਮਾਰਚ 2026, ਅੰਮ੍ਰਿਤਸਰ – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਭਾਈ ਤਾਰਾ ਸਿੰਘ ਜੀ ਵਾਂ ਦੀ 300 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਧਰਮ ਪ੍ਰਚਾਰ ਲਹਿਰ ਸ਼ੁਰੂ ਕਰਨ ਤੋਂ ਪਹਿਲਾਂ ਅੱਜ ਧਰਮ ਪ੍ਰਚਾਰ ਕਮੇਟੀ ਦੇ ਪ੍ਰਚਾਰਕਾਂ, ਢਾਡੀ ਅਤੇ ਕਵੀ ਸਾਹਿਬਾਨ ਨਾਲ ਵਿਸ਼ੇਸ਼ ਇਕੱਤਰਤਾ ਕੀਤੀ ਹੈ। ਇਸ ਇਕੱਤਰਤਾ ਵਿੱਚ ਸ਼ਤਾਬਦੀ ਨੂੰ ਯਾਦਗਾਰੀ ਬਣਾਉਣ ਲਈ ਰੂਪਰੇਖਾ ਤਿਆਰ ਕੀਤੀ ਗਈ ਹੈ।
ਜਥੇਦਾਰ ਗੜਗੱਜ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਵੱਡੇ ਉਪਰਾਲੇ ਕੀਤੇ ਗਏ ਹਨ ਅਤੇ ਇਸੇ ਤਹਿਤ 9 ਮਾਰਚ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ‘ਗੁਰਸਿਖਾ ਇਕੋ ਪਿਆਰ ਗੁਰਮਿਤਾ ਪੁਤਾ ਭਾਈਆ’ ਨਾਮ ਹੇਠ ਖਾਲਸਈ ਮਾਰਚ ਸਜਾਇਆ ਜਾਵੇਗਾ। ਇਹ ਵਿਸ਼ੇਸ਼ ਨਗਰ ਕੀਰਤਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਵੇਰੇ 9 ਵਜੇ ਸ਼ੁਰੂ ਹੋ ਕੇ ਵੱਖ-ਵੱਖ ਪਿੰਡਾਂ ਵਿੱਚੋਂ ਹੁੰਦਾ ਹੋਇਆ ਦੋ ਰਾਤਾਂ ਦੇ ਪੜਾਅ ਕਰਕੇ 11 ਮਾਰਚ ਨੂੰ ਪਿੰਡ ਵਾਂ ਪਹੁੰਚੇਗਾ। ਪਹਿਲੇ ਦਿਨ 9 ਮਾਰਚ ਨੂੰ ਨਗਰ ਕੀਰਤਨ ਘਿਓ ਮੰਡੀ, ਭੰਡਾਰੀ ਪੁਲ, ਚੀਫ਼ ਖਾਲਸਾ ਦੀਵਾਨ, ਪੁਤਲੀ ਘਰ, ਖਾਲਸਾ ਕਾਲਜ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਖੰਡਵਾਲਾ, ਗੁਰਦੁਆਰਾ ਛੇਹਰਟਾ ਸਾਹਿਬ, ਗੁਰੂ ਕੀ ਵਡਾਲੀ, ਗਮੂੰਵਾਲ, ਕੋਟਲੀ, ਗੁਰਦੁਆਰਾ ਸੰਨ੍ਹ ਸਾਹਿਬ, ਢੰਡ, ਕਸੇਲ, ਮੀਆਂਪੁਰ ਰਾਹੀਂ ਹੁੰਦਾ ਹੋਇਆ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ ਰਾਤਰੀ ਵਿਸ਼ਰਾਮ ਕਰੇਗਾ। ਦੂਜੇ ਦਿਨ 10 ਮਾਰਚ ਨੂੰ ਬਘਿਆੜੀ ਮੋੜ, ਝਬਾਲ ਅੱਡਾ, ਪੰਜਵੜ, ਗੱਗੋਬੂਆ, ਮੂਸੇ, ਛਿਛਰੇਵਾਲ, ਸੁਰ ਸਿੰਘ, ਸਿੰਘਪੁਰਾ, ਭਿੱਖੀਵਿੰਡ ਤੋਂ ਹੁੰਦਾ ਹੋਇਆ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ ਪਹੂਵਿੰਡ ਵਿਖੇ ਰਾਤਰੀ ਵਿਸ਼ਰਾਮ ਕਰੇਗਾ। ਤੀਸਰੇ ਦਿਨ 11 ਮਾਰਚ ਨੂੰ ਦਰਾਜਕੇ, ਪਹਿਲ ਵਾਨਕੇ, ਮਾੜੀ ਉਧੋਕੇ, ਮਾੜੀ ਕੰਭੋਕੇ ਤੋਂ ਹੁੰਦਾ ਹੋਇਆ ਗੁਰਦੁਆਰਾ ਸ਼ਹੀਦ ਭਾਈ ਤਾਰਾ ਸਿੰਘ ਜੀ ਵਾਂ ਪਿੰਡ ਪਹੁੰਚੇਗਾ।
ਜਥੇਦਾਰ ਗੜਗੱਜ ਨੇ ਕਿਹਾ ਕਿ ਇਸ ਮਾਰਚ ਦਾ ਮਕਸਦ ਸਿੱਖ ਨੌਜਵਾਨੀ ਨੂੰ ਸਿੱਖੀ ਅਤੇ ਸਿੱਖ ਇਤਿਹਾਸ ਨਾਲ ਜੋੜਨਾ ਅਤੇ ਧਰਮ ਪਰਿਵਰਤਨ ਕਰਨ ਵਾਲੇ ਭਰਮ ਨੂੰ ਦੂਰ ਕਰਨਾ ਹੈ। ਉਨ੍ਹਾਂ ਸਮੂਹ ਸੰਗਤ ਨੂੰ ਵੱਧ ਤੋਂ ਵੱਧ ਸਹਿਯੋਗ ਅਤੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਹੈ।
