Interfaith Motorcycle Yatra Announced in Punjab on 28 March
28 ਮਾਰਚ ਨੂੰ ਸਰਬ ਧਰਮ ਸਾਂਝੀ ਮੋਟਰਸਾਈਕਲ ਯਾਤਰਾ ਦਾ ਐਲਾਨ

17 ਮਾਰਚ 2026 ਅੰਮ੍ਰਿਤਸਰ – ਸਰਬ ਧਰਮ ਸਾਂਝਾ ਫਰੰਟ (ਪੰਜਾਬ) ਦੇ ਮੁੱਖ ਦਫਤਰ ਦੱਤਾ ਇਨਕਲੇਵ, ਮਜੀਠਾ ਰੋਡ ਵਿਖੇ ਚੇਅਰਮੈਨ ਬਿਕਰਮ ਦੱਤਾ ਨੇ ਪ੍ਰੈੱਸ ਕਾਨਫਰੰਸ ਕਰਕੇ ਸੰਗਠਨ ਦੇ ਭਵਿੱਖੀ ਪ੍ਰੋਗਰਾਮਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਫਰੰਟ ਨੇ 7 ਮੈਂਬਰੀ ਕਮੇਟੀ ਗਠਿਤ ਕੀਤੀ ਹੈ ਜਿਸ ਵਿੱਚ ਸੁਰਿੰਦਰਪਾਲ ਸਿੰਘ (ਸਿੱਖ), ਅਜੇ ਸੇਠ (ਹਿੰਦੂ), ਅਬਦੁੱਲ ਨੂਰ (ਮੁਸਲਿਮ), ਜਸਪਾਲ ਮਸੀਹ (ਇਸਾਈ), ਰਾਜੀਵ ਭਗਤ (ਕਬੀਰਪੰਥੀ), ਸੰਨੀ ਦਾਨਵ (ਵਾਲਮੀਕ) ਅਤੇ ਹਕੂਮਤ ਰਾਏ (ਰਵਿਦਾਸੀਆ) ਨੂੰ ਸ਼ਾਮਲ ਕੀਤਾ ਗਿਆ ਹੈ। ਇਕਬਾਲ ਸਿੰਘ ਤੁੰਗ ਨੂੰ ਸੀਨੀਅਰ ਹੋਣ ਕਾਰਨ ਮੁੱਖ ਬੁਲਾਰਾ ਨਿਯੁਕਤ ਕੀਤਾ ਗਿਆ ਹੈ।
ਚੇਅਰਮੈਨ ਬਿਕਰਮ ਦੱਤਾ ਨੇ ਐਲਾਨ ਕੀਤਾ ਕਿ ‘ਸਰਬ ਧਰਮ ਸਾਂਝੀ ਮੋਟਰਸਾਈਕਲ ਯਾਤਰਾ’ 28 ਮਾਰਚ ਨੂੰ ਸਵੇਰੇ 10 ਵਜੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਹੋਵੇਗੀ। ਯਾਤਰਾ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਅਰੰਭ ਹੋਵੇਗੀ ਅਤੇ ਮੁਸਲਿਮ ਭਾਈਚਾਰੇ ਦੀ ਜਾਮਾ ਮਸਜਿਦ, ਹਿੰਦੂ ਭਾਈਚਾਰੇ ਦੇ ਦੂਰਗਿਆਨਾ ਮੰਦਰ, ਇਸਾਈ ਭਾਈਚਾਰੇ ਦੇ ਰਿਆਲਟੂ ਚਰਚ ਅਤੇ ਵਾਲਮੀਕ ਭਾਈਚਾਰੇ ਦੇ ਸ਼੍ਰੀ ਰਾਮ ਤੀਰਥ ਮੰਦਰ ਤੋਂ ਹੁੰਦੀ ਹੋਈ ਸੰਪੂਰਨ ਹੋਵੇਗੀ। ਇਸ ਯਾਤਰਾ ਦਾ ਮਕਸਦ ਵੱਖ-ਵੱਖ ਧਰਮਾਂ ਵਿਚਕਾਰ ਏਕਤਾ, ਭਾਈਚਾਰਕ ਸਾਂਝ ਅਤੇ ‘ਮਿਸ਼ਨ ਸਰਬੱਤ ਦਾ ਭਲਾ’ ਨੂੰ ਅੱਗੇ ਵਧਾਉਣਾ ਹੈ।
ਚੇਅਰਮੈਨ ਅਤੇ ਮੁੱਖ ਬੁਲਾਰੇ ਇਕਬਾਲ ਸਿੰਘ ਤੁੰਗ ਨੇ ਕਿਹਾ ਕਿ ਇਹ ਉਪਰਾਲਾ ਨਸ਼ੇ ਅਤੇ ਭ੍ਰਿਸ਼ਟਾਚਾਰ ਵਰਗੀਆਂ ਬੁਰਾਈਆਂ ਨੂੰ ਖਤਮ ਕਰਨ ਅਤੇ ਸਮਾਜ ਵਿੱਚ ਅਮਨ-ਅਮਾਨ, ਆਪਸੀ ਭਾਈਚਾਰੇ ਅਤੇ ਧਾਰਮਿਕ ਏਕਤਾ ਨੂੰ ਮਜ਼ਬੂਤ ਕਰਨ ਲਈ ਕੀਤਾ ਜਾ ਰਿਹਾ ਹੈ। ਫਰੰਟ ਨੇ ਸਾਰੇ ਧਰਮਾਂ ਦੇ ਲੋਕਾਂ ਖਾਸ ਕਰਕੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਚੜ੍ਹ ਕੇ ਇਸ ਯਾਤਰਾ ਵਿੱਚ ਹਿੱਸਾ ਲੈਣ ਅਤੇ ਏਕਤਾ ਦਾ ਸੰਦੇਸ਼ ਫੈਲਾਉਣ। ਇਸ ਮੌਕੇ ਸ਼ਾਈ ਮੀਂਆ ਮੀਰ ਫਾਊਂਡੇਸ਼ਨ ਇੰਟਰਨੈਸ਼ਨਲ ਦੇ ਮੁੱਖੀ ਹਰਭਜਨ ਸਿੰਘ ਬਰਾੜ ਨੇ ਵੀ ਫਰੰਟ ਨੂੰ ਪੂਰਨ ਸਮਰਥਨ ਦਾ ਐਲਾਨ ਕੀਤਾ ਹੈ।
