“Farmer Unions to Block Railways on April 17 from 12 to 3 PM”
“ਕਿਸਾਨ ਜਥੇਬੰਦੀਆਂ ਵੱਲੋਂ 17 ਅਪ੍ਰੈਲ ਨੂੰ 12 ਤੋਂ 3 ਵਜੇ ਤੱਕ ਰੇਲਾਂ ਦਾ ਚੱਕਾ ਜਾਮ”

15 ਅਪ੍ਰੈਲ 2026 ਚੰਡੀਗੜ੍ਹ – ਕਿਸਾਨ ਜਥੇਬੰਦੀਆਂ ਨੇ 17 ਅਪ੍ਰੈਲ ਨੂੰ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਰੇਲਾਂ ਦਾ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ। ਇਸ ਰੋਸ ਧਰਨੇ ਰਾਹੀਂ ਉਨ੍ਹਾਂ ਮੀਂਹ ਤੇ ਗੜੇਮਾਰੀ ਕਾਰਨ ਹੋਏ ਫ਼ਸਲੀ ਨੁਕਸਾਨ ਤੋਂ ਬਾਅਦ ਕਣਕ ਖਰੀਦ ਨਿਯਮਾਂ ਵਿਚ ਢਿੱਲ ਨਾ ਦੇਣ ਅਤੇ ਮੰਡੀਆਂ ਨੂੰ ਪ੍ਰਾਈਵੇਟ ਹੱਥਾਂ ਵਿਚ ਸੌਂਪਣ ਵਾਲੀਆਂ ਚਾਲਾਂ ਦਾ ਵਿਰੋਧ ਕੀਤਾ ਜਾਵੇਗਾ।
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਸਰਕਾਰ ਵੱਲੋਂ “ਮੁਕੰਮਲ ਖਰੀਦ” ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਅਸਲ ਵਿਚ ਕਣਕ ਖੁੱਲ੍ਹੇ ਆਸਮਾਨ ਹੇਠ ਰੁਲ ਰਹੀ ਹੈ ਅਤੇ ਖਰੀਦ ਵਿਚ ਢਿੱਲ ਵਰਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮੀਂਹ ਤੇ ਗੜੇਮਾਰੀ ਨਾਲ ਵੱਡਾ ਨੁਕਸਾਨ ਹੋਇਆ ਹੈ, ਫਿਰ ਵੀ ਸਰਕਾਰ ਨਿਯਮਾਂ ਵਿਚ ਢਿੱਲ ਨਹੀਂ ਦੇ ਰਹੀ। ਇਸ ਤੋਂ ਇਲਾਵਾ ਮੋਦੀ ਸਰਕਾਰ ਮੰਡੀਆਂ ਨੂੰ ਪ੍ਰਾਈਵੇਟ ਹੱਥਾਂ ਵਿਚ ਦੇਣ ਦੀਆਂ ਚਾਲਾਂ ਚਲ ਰਹੀ ਹੈ, ਜਿਸ ਨੂੰ ਕਿਸਾਨ ਬਰਦਾਸ਼ਤ ਨਹੀਂ ਕਰਨਗੇ।
ਪੰਧੇਰ ਨੇ ਅਪੀਲ ਕੀਤੀ ਕਿ ਸਾਰੀਆਂ ਕਿਸਾਨ ਜਥੇਬੰਦੀਆਂ ਇਸ ਰੇਲ ਰੋਕੋ ਪ੍ਰੋਗਰਾਮ ਵਿਚ ਪੂਰਾ ਸਹਿਯੋਗ ਦੇਣ। ਉਨ੍ਹਾਂ ਚਿਤਾਵਨੀ ਵੀ ਦਿੱਤੀ ਕਿ ਜੇਕਰ ਸਰਕਾਰ ਨੇ ਤੁਰੰਤ ਨੁਕਸਾਨੀ ਫ਼ਸਲ ਲਈ ਢਿੱਲ ਨਾ ਦਿੱਤੀ ਤਾਂ ਇਹ ਅੰਦੋਲਨ ਹੋਰ ਵੀ ਤੀਖਾ ਹੋਵੇਗਾ। ਇਸ ਐਲਾਨ ਤੋਂ ਬਾਅਦ ਰੇਲਵੇ ਵਿਭਾਗ ਵੀ ਚੌਕਸ ਹੋ ਗਿਆ ਹੈ।
