“Bibi Parmjit Kaur Ji Passes Away, Deep Shock to Bhai Jagtar Singh Rode Family”
“ਬੀਬੀ ਪਰਮਜੀਤ ਕੌਰ ਜੀ ਦਾ ਅਕਾਲ ਚਲਾਣਾ, ਭਾਈ ਜਗਤਾਰ ਸਿੰਘ ਰੋਡੇ ਪਰਿਵਾਰ ਨੂੰ ਡੂੰਘਾ ਸਦਮਾ”

19 ਅਪ੍ਰੈਲ 2026 ਬਾਘਾ ਪੁਰਾਣਾ (ਪਿੰਡ ਰੋਡੇ) – ਪੰਜਾਬ ਦੇ ਧਾਰਮਿਕ ਤੇ ਪੰਥਕ ਵਰਗ ਲਈ ਇੱਕ ਬਹੁਤ ਦੁਖਦਾਈ ਖ਼ਬਰ ਆਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਜਗਤਾਰ ਸਿੰਘ ਰੋਡੇ ਦੀ ਧਰਮ ਸੁਪਤਨੀ ਬੀਬੀ ਪਰਮਜੀਤ ਕੌਰ ਜੀ ਦਾ ਅੱਜ ਸਵੇਰੇ ਕਰੀਬ 11 ਵਜੇ ਅਕਾਲ ਚਲਾਣਾ ਹੋ ਗਿਆ। ਉਹ ਪਿਛਲੇ ਲੰਬੇ ਸਮੇਂ ਤੋਂ ਇੱਕ ਭਿਆਨਕ ਬਿਮਾਰੀ ਨਾਲ ਜੂਝ ਰਹੀਆਂ ਸਨ ਤੇ ਇਸ ਦੌਰਾਨ ਉਨ੍ਹਾਂ ਨੇ ਬੇਮਿਸਾਲ ਹੌਸਲੇ ਤੇ ਅਟੱਲ ਵਿਸ਼ਵਾਸ ਨਾਲ ਇਸ ਬਿਮਾਰੀ ਦਾ ਸਾਹਮਣਾ ਕੀਤਾ।
ਭਾਈ ਜਗਤਾਰ ਸਿੰਘ ਰੋਡੇ ਅਮਰ ਸ਼ਹੀਦ ਸਰਦਾਰ ਜਗੀਰ ਸਿੰਘ ਦੇ ਪੁੱਤਰ ਹਨ ਤੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਭਤੀਜੇ ਹਨ। ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਵੀਰ ਸਿੰਘ ਰੋਡੇ ਦੇ ਛੋਟੇ ਭਰਾ ਵੀ ਹਨ। ਬੀਬੀ ਪਰਮਜੀਤ ਕੌਰ ਜੀ ਨੇ ਆਪਣੇ ਜੀਵਨ ਦੌਰਾਨ ਤਨ-ਮਨ ਨਾਲ ਸੇਵਾ ਕੀਤੀ ਤੇ ਗੁਰਸਿੱਖੀ ਦੇ ਮੂਲਿਆਂ ਨੂੰ ਨਿਭਾਇਆ। ਉਨ੍ਹਾਂ ਨੇ ਹਰ ਮੁਸ਼ਕਲ ਵੇਲੇ ਚੜ੍ਹਦੀ ਕਲਾ ਵਿਚ ਰਹਿਣ ਦਾ ਪ੍ਰਮਾਣ ਦਿੱਤਾ।
ਅੱਜ ਸ਼ਾਮ 4 ਵਜੇ ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਰੋਡੇ ਵਿਖੇ, ਸੰਤਾਂ ਵਾਲੇ ਕੋਠੇ ਅੱਗੇ, ਅੰਤਿਮ ਅਰਦਾਸਾਂ ਨਾਲ ਕੀਤਾ ਗਿਆ। ਭਾਵੇਂ ਉਨ੍ਹਾਂ ਨੂੰ ਹਰ ਤਰ੍ਹਾਂ ਦੀਆਂ ਮੈਡੀਕਲ ਸਹੂਲਤਾਂ ਤੇ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ, ਪਰ ਅਕਾਲ ਪੁਰਖ ਦੇ ਹੁਕਮ ਅਨੁਸਾਰ ਉਹ ਸਾਨੂੰ ਸਦੀਵੀ ਵਿਛੋੜਾ ਦੇ ਗਏ।
ਇਸ ਦੁਖਦਾਈ ਘੜੀ ਵਿਚ ਇੰਟਰਨੈਸ਼ਨਲ ਪੰਥਕ ਦਲ ਇੰਗਲੈਂਡ, ਇਟਲੀ, ਅਸਟਰੀਆ ਤੇ ਪੰਜਾਬ ਦੇ ਆਗੂਆਂ ਨੇ ਭਾਈ ਜਗਤਾਰ ਸਿੰਘ ਰੋਡੇ ਤੇ ਰੋਡੇ ਪਰਿਵਾਰ ਨਾਲ ਡੂੰਘੀ ਸੰਵੇਦਨਾ ਪ੍ਰਗਟ ਕੀਤੀ। ਸਭ ਨੇ ਇੱਕਸੁਰ ਹੋ ਕੇ ਕਿਹਾ ਕਿ ਇਹ ਅਕਾਲ ਪੁਰਖ ਦਾ ਭਾਣਾ ਹੈ ਤੇ ਗੁਰਸਿੱਖੀ ਅਨੁਸਾਰ ਭਾਣਾ ਮੰਨਣਾ ਹੀ ਸੱਚੀ ਭਗਤੀ ਹੈ। ਅਕਾਲ ਪੁਰਖ ਅੱਗੇ ਅਰਦਾਸ ਹੈ ਕਿ ਬੀਬੀ ਪਰਮਜੀਤ ਕੌਰ ਜੀ ਦੀ ਆਤਮਾ ਨੂੰ ਆਪਣੇ ਚਰਨਾਂ ਵਿਚ ਸਦੀਵੀ ਨਿਵਾਸ ਬਖ਼ਸ਼ਣ ਤੇ ਪਰਿਵਾਰ ਨੂੰ ਇਹ ਦੁੱਖ ਸਹਿਣ ਦਾ ਬਲ ਬਖ਼ਸ਼ਣ।
