Phone call from a foreign number sends woman into a panic! ₹200 crore demanded in Goldy’s name
ਔਰਤ ਨੂੰ ਵਿਦੇਸ਼ੀ ਨੰਬਰ ਤੋਂ ਆਏ ਫ਼ੋਨ ਨੇ ਪਵਾਈਆਂ ਭਾਜੜਾਂ ! ਗੋਲਡੀ ਦੇ ਨਾਂ ‘ਤੇ ਮੰਗ ਲਿਆ 200 ਕਰੋੜ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)-ਦਿੱਲੀ ਦੀ ਇਕ ਔਰਤ ਨੂੰ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਦੇ ਨਾਮ ‘ਤੇ ਵਿਦੇਸ਼ੀ ਨੰਬਰ ਤੋਂ ਫੋਨ ਕਰ ਕੇ 200 ਕਰੋੜ ਰੁਪਏ ਦੀ ਫਿਰੌਤੀ ਮੰਗੀ ਗਈ। ਪੁਲਸ ਸੂਤਰਾਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਤਰਾਂ ਅਨੁਸਾਰ, ਇਹ ਰਾਸ਼ਟਰੀ ਰਾਜਧਾਨੀ ‘ਚ ਹੁਣ ਤੱਕ ਦੀ ਮੰਗੀ ਗਈ ਫਿਰੌਤੀ ਦੀ ਸਭ ਤੋਂ ਵੱਡੀ ਰਕਮ ਹੈ। ਮੁੱਢਲੀ ਜਾਂਚ ਤੋਂ ਬਾਅਦ ਉੱਤਰੀ ਦਿੱਲੀ ਦੇ ਸਿਵਲ ਲਾਈਨਜ਼ ਪੁਲਸ ਸਟੇਸ਼ਨ ‘ਚ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਦੇ ਸਪੈਸ਼ਲ ਸੈੱਲ ਦੀ ਇਕ ਟੀਮ ਵੀ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਸ ਫੋਨ ਕਰਨ ਵਾਲੇ ਦੀ ਪਛਾਣ ਕਰਨ ਅਤੇ ਇੰਨੀ ਵੱਡੀ ਰਕਮ ਦੀ ਮੰਗ ਦੇ ਪਿੱਛੇ ਦੇ ਉਦੇਸ਼ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪੁਲਸ ਨੇ ਕਿਹਾ ਕਿ ਔਰਤ ਆਪਣੇ ਸਹੁਰੇ ਦੀ ਮੌਤ ਦੇ ਬਾਅਦ ਤੋਂ ਪਰਿਵਾਰ ਨਾਲ ਅਣਬਣ ਸੀ ਅਤੇ ਇਸ ਸੰਦਰਭ ‘ਚ ਫਿਰੌਤੀ ਲਈ ਆਏ ਫੋਨ ਨਾਲ ਜੁੜੇ ਹਾਲਾਤ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਫੋਨ ਕਰਨ ਵਾਲੇ ਦੀ ਪਛਾਣ, ਫੋਨ ਦੇ ਪਿੱਛੇ ਦੇ ਉਦੇਸ਼ ਅਤੇ ਕੀ ਕਾਲ ਕਰਨ ਵਾਲੇ ਦਾ ਬਰਾੜ ਨਾਲ ਕੋਈ ਸਬੰਧ ਸੀ, ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪੁਲਸ ਨੇ ਕਿਹਾ, “ਮਾਮਲੇ ਦੀ ਸੱਚਾਈ ਦੀ ਪੁਸ਼ਟੀ ਕੀਤੀ ਜਾ ਰਹੀ ਹੈ ਅਤੇ ਜਾਂਚ ਜਾਰੀ ਹੈ।”

