Retired Tihar pharmacist duped of ₹1.75 crore; accused arrested
ਤਿਹਾੜ ਦੇ ਸੇਵਾਮੁਕਤ ਫਾਰਮਾਸਿਸਟ ਨਾਲ 1.75 ਕਰੋੜ ਦੀ ਠੱਗੀ, ਮੁਲਜ਼ਮ ਗ੍ਰਿਫ਼ਤਾਰ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)-ਦਿੱਲੀ ਪੁਲਸ ਨੇ ਤਿਹਾੜ ਜੇਲ ਦੇ ਇਕ ਸੇਵਾਮੁਕਤ ਫਾਰਮਾਸਿਸਟ ਨਾਲ ਝੂਠੇ ਦਸਤਾਵੇਜ਼ਾਂ ਰਾਹੀਂ 6 ਪਲਾਟ ਵੇਚ ਕੇ 1.75 ਕਰੋੜ ਰੁਪਏ ਦੀ ਧੋਖਾਦੇਹੀ ਕਰਨ ਦੇ ਮਾਮਲੇ ’ਚ ਲੋੜੀਂਦੇ ਅਪਰਾਧੀ ਨੂੰ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੁਲਜ਼ਮ ਵਿਨੋਦ ਕੁਮਾਰ ਭਾਰਦਵਾਜ ਉਰਫ਼ ਰਾਹੁਲ ਉਰਫ਼ ਪੱਪੂ ’ਤੇ 50,000 ਰੁਪਏ ਦਾ ਇਨਾਮ ਐਲਾਨਿਆ ਗਿਆ ਸੀ ਅਤੇ ਤੀਸ ਹਜ਼ਾਰੀ ਅਦਾਲਤ ਨੇ ਉਸ ਨੂੰ ਭਗੌੜਾ ਕਰਾਰ ਦਿੱਤਾ ਹੋਇਆ ਸੀ। ਇਹ ਮਾਮਲਾ ਕੈਲਾਸ਼ ਨਾਰਾਇਣ ਦੀ ਸ਼ਿਕਾਇਤ ’ਤੇ ਰਨਹੋਲਾ ਥਾਣੇ ’ਚ ਦਰਜ ਕੀਤਾ ਗਿਆ ਸੀ ਜੋ 2024 ’ਚ ਤਿਹਾੜ ਜੇਲ ਤੋਂ ਸੀਨੀਅਰ ਫਾਰਮਾਸਿਸਟ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ। ਪੁਲਸ ਅਨੁਸਾਰ, ਮੁਲਜ਼ਮ ਪ੍ਰਾਪਰਟੀ ਡੀਲਰ ਪ੍ਰਵੀਨ ਰਾਹੀਂ ਨਾਰਾਇਣ ਨੂੰ ਜਾਣਦਾ ਸੀ। ਉਸ ਨੇ ਆਪਣੀ ਪਤਨੀ, ਸਾਲੇ ਬੀ. ਐੱਸ. ਭਾਰਦਵਾਜ ਅਤੇ ਹੋਰ ਸਾਥੀਆਂ ਨਾਲ ਮਿਲ ਕੇ ਸੇਵਾਮੁਕਤ ਫਾਰਮਾਸਿਸਟ ਨੂੰ ਆਪਣੀ ਸੇਵਾਮੁਕਤੀ ਦੀ ਬਚਤ ਨੂੰ ਜਾਇਦਾਦ ’ਚ ਨਿਵੇਸ਼ ਕਰਨ ਦਾ ਕਥਿਤ ਤੌਰ ’ਤੇ ਲਾਲਚ ਦਿੱਤਾ। ਮੁਲਜ਼ਮਾਂ ਨੇ ਪੀੜਤ ਨੂੰ 6 ਪਲਾਟ ਖਰੀਦਣ ਲਈ ਰਾਜ਼ੀ ਕੀਤਾ ਅਤੇ ਫ਼ਰਜ਼ੀ ਤੇ ਜਾਅਲੀ ਦਸਤਾਵੇਜ਼ਾਂ ਦੇ ਆਧਾਰ ’ਤੇ ਉਨ੍ਹਾਂ ਨੂੰ ਜ਼ਮੀਨ ਵੇਚ ਦਿੱਤੀ।

