₹30 lakh fraud via ‘fake restaurants’ on Swiggy; customers’ accounts drained after learning the method on YouTube
Swiggy ’ਤੇ ‘ਜਾਅਲੀ ਰੈਸਟੋਰੈਂਟ’ ਬਣਾ ਕੇ 30 ਲੱਖ ਦੀ ਠੱਗੀ, ਯੂ-ਟਿਊਬ ਤੋਂ ਤਰੀਕਾ ਸਿੱਖ ਕੇ ਗਾਹਕਾਂ ਦੇ ਖਾਤੇ ਕੀਤੇ ਖਾਲੀ
ਗਾਜ਼ੀਆਬਾਦ (ਆਵਾਜ਼ਿ ਕੌਮ ਬਿਊਰੋ)-ਆਨਲਾਈਨ ਖਾਣਾ ਆਰਡਰ ਕਰਨ ਵਾਲੇ ਗਾਹਕਾਂ ਨੂੰ ਨਿਸ਼ਾਨਾ ਬਣਾ ਕੇ ਸਾਈਬਰ ਧੋਖਾਦੇਹੀ ਦਾ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਸਾਈਬਰ ਕ੍ਰਾਈਮ ਪੁਲਸ ਨੇ ਸਵਿਗੀ ਪਲੇਟਫਾਰਮ ’ਤੇ ਜਾਅਲੀ ਰੈਸਟੋਰੈਂਟ ਬਣਾ ਕੇ ਲਗਭਗ 30 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਮੁਲਜ਼ਮ ਦੇ ਕਬਜ਼ੇ ’ਚੋਂ 4 ਮੋਬਾਈਲ ਫੋਨ, ਇਕ ਲੈਪਟਾਪ ਤੇ ਇਕ ਟੈਬਲੇਟ ਬਰਾਮਦ ਕੀਤਾ ਹੈ। ਉਸ ਵਿਰੁੱਧ ਸਾਈਬਰ ਕ੍ਰਾਈਮ ਪੁਲਸ ਸਟੇਸ਼ਨ ’ਚ ਮਾਮਲਾ ਦਰਜ ਕੀਤਾ ਗਿਆ ਹੈ। ਏ. ਸੀ. ਪੀ. ਕ੍ਰਾਈਮ ਅਮਿਤ ਸਕਸੈਨਾ ਅਨੁਸਾਰ ਸਵਿਗੀ ਦੀ ਜੋਖਮ ਪ੍ਰਬੰਧਨ ਟੀਮ ਦੇ ਮੈਨੇਜਰ ਵਿਸ਼ਵਜੀਤ ਚੌਧਰੀ ਨੇ ਸਾਈਬਰ ਕ੍ਰਾਈਮ ਪੁਲਸ ਸਟੇਸ਼ਨ ’ਚ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ’ਚ ਦੋਸ਼ ਲਾਇਆ ਗਿਆ ਕਿ ਇਕ ਜਾਅਲੀ ਰੈਸਟੋਰੈਂਟ ਬਣਾ ਕੇ ਲੋਕਾਂ ਨਾਲ ਲੱਖਾਂ ਰੁਪਏ ਦੀ ਠੱਗੀ ਕੀਤੀ ਗਈ। ਜਾਂਚ ਦੌਰਾਨ ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਜੋ ਗਾਜ਼ੀਆਬਾਦ ਦੇ ਮੋਰਟਾ ਖੇਤਰ ਦਾ ਰਹਿਣ ਵਾਲਾ ਹੈ। ਪੁਲਸ ਵੱਲੋਂ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਖੁਲਾਸਾ ਕੀਤਾ ਕਿ ਉਹ ਪਹਿਲਾਂ ਟੈਕ ਕਾਇਰੋ ’ਚ ਗਾਹਕ ਦੇਖਭਾਲ ਅਧਿਕਾਰੀ ਵਜੋਂ ਕੰਮ ਕਰਦਾ ਸੀ। ਯੂ-ਟਿਊਬ ਵੇਖ ਕੇ ਉਸ ਨੂੰ ਲੋਕਾਂ ਨਾਲ ਧੋਖਾਦੇਹੀ ਕਰਨ ਦਾ ਵਿਚਾਰ ਆਇਆ। ਫਿਰ ਉਸ ਨੇ ‘ਰਾਧਾ ਕੀ ਰਸੋਈ’ ਨਾਂ ਦਾ ਇਕ ਜਾਅਲੀ ਰੈਸਟੋਰੈਂਟ ਬਣਾਇਆ ਅਤੇ ਇਸ ਨੂੰ ਸਵਿਗੀ ’ਤੇ ਰਜਿਸਟਰ ਕੀਤਾ। ਮੁਲਜ਼ਮ ਨਕਲੀ ਰੈਸਟੋਰੈਂਟ ਰਾਹੀਂ ਸਵਿਗੀ ਦੇ ਗਾਹਕਾਂ ਬਾਰੇ ਜਾਣਕਾਰੀ ਆਰਡਰ ਦੇ ਬਹਾਨੇ ਇੱਕਠੀ ਕਰਦਾ ਸੀ। ਉਸ ਨੇ ਫਿਰ ਗਾਹਕਾਂ ਨੂੰ ਬੁਲਾਇਆ ਤੇ ਆਪਣੇ ਆਪ ਨੂੰ ਸਵਿਗੀ ਦੇ ਮੁਲਾਜ਼ਮ ਵਜੋਂ ਪੇਸ਼ ਕੀਤਾ। ਉਹ ਗਾਹਕਾਂ ਨੂੰ ਵੱਖ-ਵੱਖ ਬਹਾਨਿਆਂ ਨਾਲ ਵੱਖ-ਵੱਖ ਗੱਲਾਂ ’ਚ ਸ਼ਾਮਲ ਕਰਦਾ ਸੀ । ਫਿਰ ਉਨ੍ਹਾਂ ਦੇ ਕ੍ਰੈਡਿਟ ਕਾਰਡ ਤੇ ਭੁਗਤਾਨ ਦੀ ਜਾਣਕਾਰੀ ਹਾਸਲ ਕਰਦਾ ਸੀ। ਪੁਲਸ ਅਨੁਸਾਰ ਮੁਲਜ਼ਮ ਗਾਹਕਾਂ ਤੋਂ ਮਿਲਣ ਵਾਲੀ ਜਾਣਕਾਰੀ ਦੀ ਵਰਤੋਂ ਉਨ੍ਹਾਂ ਦੇ ਕ੍ਰੈਡਿਟ ਕਾਰਡਾਂ ਤੋਂ ਪੈਸੇ ਕਢਵਾਉਣ ਲਈ ਕਰਦਾ ਸੀ। ਓ. ਟੀ. ਪੀ. ਹਾਸਲ ਕਰਨ ਤੋਂ ਬਾਅਦ ਉਹ ਅਕਸਰ ਕਾਰਡਾਂ ਤੋਂ ਪੈਸੇ ਟ੍ਰਾਂਸਫਰ ਕਰਦਾ ਸੀ। ਇਸ ਤਰ੍ਹਾਂ ਧੋਖਾਦੇਹੀ ਨਾਲ ਹਾਸਲ ਕੀਤੇ ਫੰਡ ਉਸ ਵੱਲੋਂ ਪ੍ਰਦਾਨ ਕੀਤੇ ਬੈਂਕ ਖਾਤੇ ਤੱਕ ਪਹੁੰਚ ਜਾਂਦੇ ਸਨ। ਜਾਂਚ ’ਚ ਲੱਗਭਗ 30 ਲੱਖ ਰੁਪਏ ਦੀ ਧੋਖਾਦੇਹੀ ਦਾ ਖੁਲਾਸਾ ਹੋਇਆ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਪੁਲਸ ਨੂੰ ਦੱਸਿਆ ਕਿ ਉਹ ਟੈਲੀਗ੍ਰਾਮ ਚੈਟ, ਕ੍ਰੈਡਿਟ ਕਾਰਡ ਦੀ ਜਾਣਕਾਰੀ ਤੇ ਗਾਹਕਾਂ ਦੇ ਡਾਟਾ ਦੀ ਵਰਤੋਂ ਕਰਦਾ ਸੀ। ਪੁਲਸ ਹੁਣ ਉਸ ਦੇ ਸੰਪਰਕ ’ਚ ਰਹੇ ਹੋਰਨਾਂ ਲੋਕਾਂ ਤੇ ਧੋਖਾਦੇਹੀ ਨਾਲ ਜੁੜੇ ਡਿਜੀਟਲ ਨੈੱਟਵਰਕ ਦੀ ਵੀ ਜਾਂਚ ਕਰ ਰਹੀ ਹੈ। ਮੁਲਜ਼ਮ ਦੇ ਮੋਬਾਈਲ, ਲੈਪਟਾਪ ਤੇ ਟੈਬਲੇਟ ਤੋਂ ਬਰਾਮਦ ਕੀਤੇ ਗਏ ਡਾਟਾ ਦੀ ਜਾਂਚ ਤੋਂ ਬਾਅਦ ਇਹ ਉਮੀਦ ਕੀਤੀ ਜਾਂਦੀ ਹੈ ਕਿ ਧੋਖਾਦੇਹੀ ਦੇ ਢੰਗ ਤੇ ਇਸ ’ਚ ਸ਼ਾਮਲ ਰਕਮ ਦਾ ਪੂਰਾ ਵੇਰਵਾ ਸਾਹਮਣੇ ਆਵੇਗਾ। ਸਾਈਬਰ ਧੋਖਾਦੇਹੀ ਦੇ ਇਸ ਮਾਮਲੇ ਨੇ ਭੋਜਨ ਦਾ ਆਨਲਾਈਨ ਆਰਡਰ ਕਰਨ ਵਾਲੇ ਗਾਹਕਾਂ ਦੀ ਸੁਰੱਖਿਆ ਬਾਰੇ ਵੀ ਸਵਾਲ ਖੜ੍ਹੇ ਕੀਤੇ ਹਨ। ਪੁਲਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਅਣਜਾਣ ਵਿਅਕਤੀ ਨਾਲ ਬੈਂਕ, ਕ੍ਰੈਡਿਟ ਕਾਰਡ, ਪਾਸਵਰਡ ਜਾਂ ਓ. ਟੀ. ਪੀ. ਵਰਗੀ ਗੁਪਤ ਜਾਣਕਾਰੀ ਸਾਂਝੀ ਨਾ ਕਰਨ। ਕਿਸੇ ਵੀ ਕੰਪਨੀ ਦੇ ਮੁਲਾਜ਼ਮ ਵਜੋਂ ਪੇਸ਼ ਕਰਨ ਵਾਲੇ ਕਾਲਰ ਦੀ ਪਛਾਣ ਦੀ ਪੁਸ਼ਟੀ ਕੀਤੇ ਬਿਨਾਂ ਭੁਗਤਾਨ ਦੀ ਜਾਣਕਾਰੀ ਪ੍ਰਦਾਨ ਕਰਨਾ ਮਹਿੰਗਾ ਪੈ ਸਕਦਾ ਹੈ।

