ਕੌਮਾਂਤਰੀ ਮਾਂ ਬੋਲੀ ਦਿਹਾੜੇ ਨੂੰ ਸਮਰਪਿਤ ’ਜੀਵੇ ਮਾਂ ਬੋਲੀ’ ਪ੍ਰੋਗਰਾਮ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ ਆਯੋਜਿਤ

ਨਵੀਂ ਦਿੱਲੀ, 15 ਫਰਵਰੀ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਾਤਾ ਸੁੰਦਰੀ ਕਾਲਜ ਦੇ ਮਾਤਾ ਸਾਹਿਬ ਕੌਰ ਆਡੀਟੋਰੀਅਮ ਵਿਚ ਕੌਮਾਂਤਰੀ ਮਾਂ ਬੋਲੀ ਦਿਹਾੜੇ ਨੂੰ ਸਮਰਪਿਤ ’ਜੀਵੇ ਮਾਂ ਬੋਲੀ’ ਪ੍ਰੋਗਰਾਮ ਕਮੇਟੀ ਦੀ ਪੰਜਾਬੀ ਭਾਸ਼ਾ ਪਸਾਰ ਕਮੇਟੀ ਦੇ ਚੇਅਰਮੈਨ ਹਰਦਿੱਤ ਸਿੰਘ ਤੇ ਕੋ ਚੇਅਰਮੈਨ ਰਾਜਿੰਦਰ ਸਿੰਘ ਵਿਰਾਸਤ ਦੀ ਅਗਵਾਈ ਹੇਠ ਕਰਵਾਇਆ ਗਿਆ।

ਇਸ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਇਸ ਪ੍ਰੋਗਰਾਮ ਦੇ ਸਫਲ ਆਯੋਜਨ ਲਈ ਪੰਜਾਬੀ ਭਾਸ਼ਾ ਪਸਾਰ ਕਮੇਟੀ ਦੇ ਚੇਅਰਮੈਨ ਸਰਦਾਰ ਹਰਦਿੱਤ ਸਿੰਘ, ਕੋ ਚੇਅਰਮੈਨ ਸਰਦਾਰ ਰਾਜਿੰਦਰ ਸਿੰਘ ਵਿਰਾਸਤ ਨੂੰ ਵਧਾਈ ਦਿੰਦਿਆਂ ਕਿਹਾ ਕਿ ਜਿਹੜੀਆਂ ਕੌਮਾਂ ਆਪਣੀ ਮਾਂ ਬੋਲੀ, ਵਿਰਸੇ ਤੇ ਸੰਸਕਾਰਾਂ ਨਾਲ ਜੁੜੀਆਂ ਰਹਿੰਦੀਆਂ ਹਨ, ਉਹ ਕੌਮਾਂ ਹਮੇਸ਼ਾ ਚੜ੍ਹਦੀਕਲਾ ਵਿਚ ਰਹਿੰਦੀਆਂ ਹਨ।

ਉਹਨਾਂ ਕਿਹਾ ਕਿ ਪਿਛਲੇ 50 ਸਾਲਾਂ ਵਿਚ ਕਿਸੇ ਨੇ ਵੀ ਪੰਜਾਬੀ ਭਾਸ਼ਾ ਪਸਾਰ ਕਮੇਟੀ ਬਣਾਉਣ ਬਾਰੇ ਨਹੀਂ ਸੋਚਿਆ ਪਰ ਅਸੀਂ ਇਸ ਕਮੇਟੀ ਦਾ ਗਠਨ ਕੀਤਾ ਜਿਸਨੇ ਪਿਛਲੇ ਸਮੇਂ ਵਿਚ ਚੰਗੇ ਉਪਰਾਲੇ ਕਰਦਿਆਂ ਬੱਚਿਆਂ ਨੂੰ ਮਾਂ ਬੋਲੀ ਨਾਲ ਜੋੜਨ ਦੇ ਸ਼ਲਾਘਾਯੋਗ ਯਤਨ ਕੀਤੇ ਹਨ। ਉਹਨਾਂ ਕਿਹਾ ਕਿ ਅੱਜ ਕੌਮਾਂਤਰੀ ਪੰਜਾਬੀ ਭਾਸ਼ਾ ਦਿਵਸ ਮਨਾਉਣ ਦਾ ਮਕਸਦ ਇਕ ਸੰਦੇਸ਼ ਦੁਨੀਆਂ ਨੂੰ ਦੇਣਾ ਹੈ ਕਿ ਅਸੀਂ ਆਪਣੀ ਮਾਂ ਬੋਲੀ, ਵਿਰਸੇ ਤੇ ਪੰਜਾਬੀਅਤ ਨੂੰ ਜਿਉਂਦੇ ਰੱਖਣ ਲਈ ਚੰਗੇ ਉਪਰਾਲੇ ਕਰ ਰਹੇ ਹਾਂ। ਉਹਨਾਂ ਕਿਹਾ ਕਿ ਸਾਡੇ ਬੱਚਿਆਂ ਨੇ ਸਟੇਜ ’ਤੇ ਚੰਗੀ ਕਾਰਗੁਜ਼ਾਰੀ ਵਿਖਾਈ ਹੈ।

ਉਹਨਾਂ ਕਿਹਾ ਕਿ ਅਸੀਂ ਆਪਣੀ ਭਾਸ਼ਾ ਨੂੰ ਮਾਂ ਬੋਲੀ ਬੋਲਣਾ ਇਸ ਕਰ ਕੇ ਸ਼ੁਰੂ ਕੀਤਾ ਗਿਆ ਕਿਉਂਕਿ ਜਦੋਂ ਤੱਕ ਭਾਸ਼ਾ ਰਹੇਗੀ ਤੁਹਾਡੇ ਸੰਸਕਾਰ ਤੇ ਪਿਛੋਕੜ ਜਿਉਂਦੇ ਰਹਿਣਗੇ। ਉਹਨਾਂ ਕਿਹਾ ਕਿ  ਜਿਸ ਕੋਲ ਸੰਸਕਾਰ ਤੇ ਪਿਛੋਕੜ ਹੈ, ਉਹ ਵਿਅਕਤੀ ਕਦੇ ਜ਼ਿੰਦਗੀ ਵਿਚ ਖ਼ਤਾ ਨਹੀਂ ਖਾ ਸਕਦਾ ਤੇ ਜਿਸ ਕੌਮ ਕੋਲ ਸੰਸਕਾਰ ਤੇ ਪਿਛੋਕੜ ਹੈ, ਉਹ ਕੌਮਾਂ ਹਮੇਸ਼ਾ ਜਿਉਂਦਾ ਰਹਿੰਦੀਆਂ ਹਨ।

ਸਰਦਾਰ ਕਾਲਕਾ ਤੇ ਸਰਦਾਰ ਕਾਹਲੋਂ ਨੇ ਕਿਹਾ ਕਿ ਅੱਜ ਜਿਸ ਆਧੁਨਿਕ ਦੌਰ ਵਿਚ ਦੁਨੀਆਂ ਵਿਚ ਲੋਕ ਰਹਿ ਰਹੇ ਹਨ, ਬੱਚੇ ਆਪਣੇ ਮਾਂ ਬੋਲੀ ਤੋਂ ਦੂਰ ਹੁੰਦੇ ਜਾ ਰਹੇ ਹਨ। ਉਹਨਾਂ ਕਿਹਾ ਕਿ

ਜਿਸ ਘਰ ਵਿਚ ਹਿੰਦੀ ਤੇ ਅੰਗਰੇਜ਼ੀ ਭਾਸ਼ਾ ਵਿਚ ਗੱਲਾਂ ਹੁੰਦੀਆਂ ਹੋਣ, ਉਹਨਾਂ ਘਰਾਂ ਵਿਚ ਪੰਜਾਬੀ ਮਾਂ ਬੋਲੀ ਕਦੇ ਜਿਉਂਦੀ ਨਹੀਂ ਰਹੇਗੀ।

ਉਹਨਾਂ ਕਿਹਾ ਕਿ ਪੰਜਾਬੀ ਮਾਂ ਬੋਲੀ ਗੁਰੂ ਸਾਹਿਬਾਨ ਵੱਲੋਂ ਬਖਸ਼ਿਸ਼ ਕੀਤੀ ਹੋਈ ਹੈ। ਗੁਰੂ ਸਾਹਿਬ ਨੇ ਸਾਨੂੰ ਗੁਰਮੁਖੀ ਲਿਪੀ ਦੀ ਦਾਤ ਬਖਸ਼ਿਸ਼ ਕੀਤੀ ਹੈ। ਗੁਰੂ ਅੰਗਦ ਦੇਵ ਜੀ ਨੇ 35 ਅੱਖਰੀ ਸ਼ੁਰੂ ਕੀਤੀ ਤੇ ਫਿਰ ਇਸ ਵਿਚ 6 ਅੱਖ਼ਰ ਹੋਰ ਜੋੜ ਕੇ 41 ਅੱਖਰੀਂ ਕੀਤਾ ਗਿਆ।

ਉਹਨਾਂ ਕਿਹਾ ਕਿ ਜਿਹੜਾ ਬੱਚਾ ਮਾਂ ਬੋਲੀ ਨਾਲ ਜੁੜੇਗਾ, ਉਹ ਗੁਰਸਿਖੀ ਤੋਂ ਦੂਰ ਨਹੀਂ ਹੋ ਸਕਦਾ। ਉਹਨਾਂ ਕਿਹਾ ਕਿ ਅਜੋਕੇ ਸਮੇਂ ਵਿਚ ਜੋ ਨਸ਼ਿਆਂ ਅਤੇ ਪਤਿਤਪੁਣੇ ਦਾ ਰੋਗ ਆ ਗਿਆ ਹੈ, ਉਸ ਤੋਂ ਬਚਣ ਦਾ ਇਕਲੌਤਾ ਰਾਹ ਹੈ ਕਿ ਅਸੀਂ ਪੰਜਾਬੀ ਭਾਸ਼ਾ ਨਾਲ ਜੁੜੇ ਰਹੀਏ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਜੁਆਇੰਟ ਸਕੱਤਰ ਸ. ਜਸਮੇਨ ਸਿੰਘ ਨੋਨੀ , ਮੈਂਬਰ ਸ. ਗੁਰਪ੍ਰੀਤ ਸਿੰਘ ਜੱਸਾ, ਸ. ਪਰਮਜੀਤ ਸਿੰਘ ਖੁਰਾਣਾ, ਸ. ਗੁਰਮੀਤ ਸਿੰਘ ਸ਼ੰਟੀ, ਸ. ਜਤਿੰਦਰਪਾਲ ਸਿੰਘ ਗੋਲਡੀ, ਸ. ਸਤਨਾਮ ਸਿੰਘ ਸੱਤਾ, ਸ. ਬਲਜਿੰਦਰ ਸਿੰਘ ,ਸ. ਸਤਨਾਮ ਸਿੰਘ ਮਰਵਾਹ  ਅਤੇ ਸ. ਕੁਲਵਿੰਦਰ ਸਿੰਘ, ਸ.  ਹਰਦਿੱਤ ਸਿੰਘ, ਸ. ਰਾਜਿੰਦਰ ਸਿੰਘ ਵਿਰਾਸਤ, ਸ. ਅਜੀਤਪਾਲ ਸਿੰਘ, ਸ. ਨਰਿੰਦਰਜੀਤ ਸਿੰਘ ਅਤੇ ਸ. ਸੁਰਜੀਤ ਸਿੰਘ ਪ੍ਰਧਾਨ ਤੋਂ ਇਲਾਵਾ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਪ੍ਰਿੰਸੀਪਲ, ਸਟਾਫ ਤੇ ਵਿਦਿਆਰਥੀ ਵੱਡੀ ਗਿਣਤੀ ਵਿਚ ਹਾਜ਼ਰ ਸਨ।