ਗੁਰੂ ਕਾਸ਼ੀ ਯੂਨੀਵਰਸਿਟੀ ਦੀਆਂ ਖਿਡਾਰਨਾਂ ਬਣੀਆਂ “ਆਲ ਇੰਡੀਆ ਇੰਟਰ ਯੂਨੀਵਰਸਿਟੀ ਚੈਂਪੀਅਨ”

ਜੀ.ਕੇ.ਯੂ. ਦੀ ਨਿਸ਼ਾ ਬਣੀ ਬੈਸਟ ਰੇਡਰ ਤੇ ਸੀ.ਯੂ ਦੀ ਸਾਕਸ਼ੀ ਨੂੰ ਮਿਲਿਆ ਬੈਸਟ ਡਿਫੈਂਡਰ ਦਾ ਖਿਤਾਬ

ਤਲਵੰਡੀ ਸਾਬੋ, 30 ਜਨਵਰੀ (ਗੁਰਜੰਟ ਸਿੰਘ ਨਥੇਹਾ)- ਗੁਰੂ ਕਾਸ਼ੀ ਯੂਨੀਵਰਸਿਟੀ ਵੱਲੋਂ ਆਯੋਜਿਤ ਛੇ ਰੋਜ਼ਾ ਨੋਰਥ ਜ਼ੋਨ/ਆਲ ਇੰਡੀਆ ਇੰਟਰ ਯੂਨੀਵਰਸਿਟੀ ਚੈੰਪੀਅਨਸ਼ਿਪ–2024 (ਲੜਕੀਆਂ) ਦਾ ਖਿਤਾਬ ਮੇਜ਼ਬਾਨ ਖਿਡਾਰਨਾਂ ਨੇ ਚੰਡੀਗੜ੍ਹ ਯੂਨੀਵਰਸਿਟੀ, ਮੋਹਾਲੀ ਨੂੰ 31-25  ਦੇ ਫਰਕ ਨਾਲ ਹਰਾ ਕੇ ਜਿੱਤਿਆ। ਇਸ ਮੌਕੇ ਹੋਏ ਸ਼ਾਨਦਾਰ ਤੇ ਪ੍ਰਭਾਵਸ਼ਾਲੀ ਸਮਾਰੋਹ ‘ਤੇ ਆਪਣੇ ਵਧਾਈ ਸੰਦੇਸ਼ ਵਿੱਚ ਚਾਂਸਲਰ ਸ. ਗੁਰਲਾਭ ਸਿੰਘ ਸਿੱਧੂ ਤੇ ਮੈਨੇਜਿੰਗ ਡਾਇਰੈਕਟਰ ਸ. ਸੁਖਰਾਜ ਸਿੰਘ ਸਿੱਧੂ ਨੇ ਇਸ ਸ਼ਾਨਾਮੱਤੀ ਪ੍ਰਾਪਤੀ ਤੇ ਜੀ.ਕੇ.ਯੂ. ਦੇ ਅਧਿਕਾਰੀਆਂ, ਖਿਡਾਰੀਆਂ, ਕੋਚ, ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਅੰਤਰ-ਰਾਸ਼ਟਰੀ ਪੱਧਰ ‘ਤੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਖਿਡਾਰਨਾਂ ਦੀ ਇਹ ਉਪਲਬਧੀ ਬਾਕੀ ਵਿਦਿਆਰਥੀਆਂ ਲਈ ਇੱਕ ਪ੍ਰੇਰਨਾ ਸਰੋਤ ਦਾ ਕੰਮ ਕਰੇਗੀ। ਚੈਂਪੀਅਨਸ਼ਿਪ ਦੇ ਇਨਾਮ ਵੰਡ ਸਮਾਰੋਹ ਵਿੱਚ ਮੁੱਖ ਮਹਿਮਾਨ ਉਪ ਕੁਲਪਤੀ ਪ੍ਰੋ.(ਡਾ.) ਐਸ.ਕੇ.ਬਾਵਾ ਨੇ ਖਿਡਾਰੀਆਂ ਨੂੰ ਹੋਰ ਮਿਹਨਤ ਕਰਨ ਤੇ ਅਭਿਆਸ ਕਰਕੇ ਆਪਣੀ ਖੇਡ ਕਲਾ ਨੂੰ ਨਿਖਾਰਨ ਦੀ ਪ੍ਰੇਰਣਾ ਦਿੱਤੀ। ਉਨ੍ਹਾਂ ਚੈਂਪੀਅਨਸ਼ਿਪ ਦੇ ਸਫਲ ਆਯੋਜਨ ਲਈ ‘ਵਰਸਿਟੀ ਪ੍ਰਬੰਧਕਾਂ, ਮਹਿਮਾਨਾਂ, ਟੀਮਾਂ, ਅਧਿਕਾਰੀਆਂ, ਜੀ.ਕੇ.ਯੂ ਦੇ ਡਾਇਰੈਕਟਰ ਸੋਪਰਟਸ, ਖੇਡ ਵਿਭਾਗ ਤੇ ਸਮੂਹ ਸਟਾਫ ਨੂੰ ਵਧਾਈ ਦਿੱਤੀ। ਉਨ੍ਹਾਂ ਖਿਡਾਰਨਾਂ ਨੂੰ ਆਪਣੇ ਜੋਸ਼, ਜਨੂਨ ਨੂੰ ਹੋਰ ਪੱਕਾ ਅਤੇ ਦ੍ਰਿੜ ਕਰਨ ਦੀ ਪ੍ਰੇਰਣਾ ਦਿੱਤੀ। ਉਨ੍ਹਾਂ ਕਿਹਾ ਕਿ ਇਹ ਅਜੇ ਸਫਲਤਾ ਤੇ ਸ਼ੋਹਰਤ ਦੀ ਪਹਿਲੀ ਪੌੜੀ ਹੈ, ਅਜੇ ਜ਼ਿੰਦਗੀ ਵਿੱਚ ਜਿੱਤਣ ਲਈ ਆਸਮਾਨ ਦੀ ਉੱਚਾਈ ਤੱਕ ਬਹੁਤ ਕੁਝ ਬਾਕੀ ਹੈ।ਚੈਂਪੀਅਨਸ਼ਿਪ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਡਾਇਰੈਕਟਰ ਸਪੋਰਟਸ ਡਾ. ਬਲਵਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਸੈਮੀ ਫਾਈਨਲ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਨੇ ਕੁਰਕਸ਼ੇਤਰਾ ਯੂਨੀਵਰਸਿਟੀ ਨੂੰ (30-29) ਦੇ ਨੇੜਲੇ ਮੁਕਾਬਲੇ ਵਿੱਚ ਹਰਾਇਆ। ਯੂਨੀਵਰਸਿਟੀ ਆਫ਼ ਕੋਟਾ (ਰਾਜਸਥਾਨ) ਤੇ ਕੁਰਕਸ਼ੇਤਰਾ ਯੂਨੀਵਰਸਿਟੀ, ਕੁਰਕਸ਼ੇਤਰਾ ਨੂੰ ਅੰਕਾਂ ਦੇ ਆਧਾਰ ਤੇ ਸਾਂਝੇ ਤੌਰ ‘ਤੇ ਤੀਜਾ ਸਥਾਨ ਹਾਸਿਲ ਹੋਇਆ। ਇਸ ਮੌਕੇ ਆਯੋਜਕਾਂ ਵੱਲੋਂ ਅੰਤਰ-ਰਾਸ਼ਟਰੀ ਕਬੱਡੀ ਖਿਡਾਰੀ ਪੂਜਾ, ਕੁਰਕਸ਼ੇਤਰਾ ਯੂਨੀਵਰਸਿਟੀ ਤੇ ਆਲ ਇੰਡੀਆ ਯੂਨੀਵਰਸਿਟੀ ਅਧਿਕਾਰੀ ਤੇ ਚੈਂਪੀਅਨਸ਼ਿਪ ਦੇ ਓਬਸਰਵਰ ਡਾ. ਸੁਨੀਲ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਨਾਮ ਵੰਡ ਸਮਾਰੋਹ ਵਿੱਚ ਜੇਤੂ ਖਿਡਾਰੀਆਂ ਨੂੰ ਟਰਾਫੀਆਂ ਅਤੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਫੈਕਲਟੀ ਦੇ ਡੀਨ, ਸਟਾਫ ਅਤੇ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ।