
ਤਲਵੰਡੀ ਸਾਬੋ, 14 ਸਤੰਬਰ (ਗੁਰਜੰਟ ਸਿੰਘ ਨਥੇਹਾ)- ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਹਿਉਮੈਨਟੀਜ਼ ਐਂਡ ਲੈਂਗੂਏਜ਼ਸ ਦੇ ਹਿੰਦੀ ਵਿਭਾਗ ਵੱਲੋਂ ਉਪ ਕੁਲਪਤੀ ਪ੍ਰੋ. (ਡਾ.) ਐਸ.ਕੇ.ਬਾਵਾ ਦੀ ਪ੍ਰੇਰਣਾ ਸਦਕਾ ਹਿੰਦੀ ਦਿਵਸ ਮੌਕੇ “ਹਿੰਦੀ ਬਨਾਮ ਖੇਤਰੀ ਭਾਸ਼ਾਵਾਂ” ਵਿਸ਼ੇ ‘ਤੇ ਡਾ. ਰਾਕੇਸ਼ ਕੁਮਾਰ ਸਿੰਘ, ਵਿਭਾਗ ਮੁਖੀ ਦੀ ਰਹਿਨੁਮਾਈ ਹੇਠ ਇੱਕ ਵੈਬੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵਿਸ਼ੇਸ਼ ਮਹਿਮਾਨ ਤੇ ਕੁੰਜੀਵੱਤ ਬੁਲਾਰੇ ਪ੍ਰੋ. (ਡਾ.) ਪ੍ਰਭਾਕਰ ਸਿੰਘ, ਕਾਸ਼ੀ ਹਿੰਦੂ ਯੂਨੀਵਰਸਿਟੀ ਵਾਰਾਨਸੀ ਨੇ ਕਿਹਾ ਕਿ ਹਿੰਦੀ ਤੇ ਖੇਤਰੀ ਭਾਸ਼ਾਵਾਂ ਦੀ ਸੰਰਚਨਾ ਨੂੰ ਸਮਝਣ ਦੇ ਲਈ ਪਹਿਲਾਂ ਵੱਖ-ਵੱਖ ਖੇਤਰਾਂ ਦੇ ਲੋਕਾਂ ਦੇ ਦਿਲਾਂ ਨੂੰ ਸਮਝਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਭਾਰਤ ਇੱਕ ਬਹੁ-ਭਾਸ਼ਾਈ ਦੇਸ਼ ਹੈ, ਜਿਸ ਵਿੱਚ ਵੱਖ-ਵੱਖ ਸੱਭਿਆਚਾਰ, ਸੰਸਕ੍ਰਿਤੀ, ਪਹਿਰਾਵੇ ਅਤੇ ਰੀਤੀ ਰਿਵਾਜਾਂ ਵਾਲੇ ਲੋਕ ਰਹਿੰਦੇ ਹਨ। ਇਸ ਲਈ ਭਾਰਤ ਇੱਕ ਵਿਸ਼ਾਲ ਬਗੀਚੇ ਦੇ ਵਾਂਗ ਹੈ ਜਿਸ ਵਿੱਚ ਵੱਖ ਖੁਸ਼ਬੂ ਅਤੇ ਰੰਗਾਂ ਦੇ ਫੁੱਲ ਵਿਰਾਜਮਾਨ ਹਨ। ਉਨ੍ਹਾਂ ਡਾ. ਰਾਮਵਿਲਾਸ ਸ਼ਰਮਾ ਵੱਲੋਂ ਇਸ ਵਿਸ਼ੇ ਤੇ ਲਿਖੀਆਂ ਗਈਆਂ ਸਤਰਾਂ ਦਾ ਉਦਾਹਰਣ ਦਿੰਦੇ ਹੋਏ ਭਾਸ਼ਾ ਦੇ ਵਿਕਾਸ ਦੇ ਸਫ਼ਰ ਦੀ ਗੱਲ ਕਰਦਿਆਂ ਇਸ ਦੀ ਵਰਤਮਾਨ ਪਾਠਨ ਸ਼ੈਲੀ ਬਾਰੇ ਨੁਕਤੇ ਸਾਂਝੇ ਕੀਤੇ। ਸੈਮੀਨਾਰ ਦੇ ਦੂਜੇ ਮੁੱਖ ਬੁਲਾਰੇ ਡਾ. ਰਾਮ ਪ੍ਰਤਾਪ ਨੀਰਜ ਨੇ ਭਾਰਤੀ ਬੋਲੀਆਂ ਵਿਸ਼ੇਸ਼ ਤੌਰ ‘ਤੇ ਭੋਜਪੁਰੀ, ਮਗਧੀ ਅਤੇ ਮੈਥਿਲੀ ਦਾ ਵਿਸ਼ਲੇਸ਼ਨ ਕਰਦੇ ਹੋਏ ਹਿੰਦੀ ਦੇ ਵਿਸਥਾਰ ਖੇਤਰ ਬਾਰੇ ਜਾਣਕਾਰੀ ਦਿੱਤੀ। ਡਾ. ਪ੍ਰਦੀਪ ਕੌੜਾ, ਡੀਨ ਨੇ ਆਪਣੇ ਸਵਾਗਤੀ ਭਾਸ਼ਣ ਵਿੱਚ ‘ਵਰਸਿਟੀ ਪ੍ਰਬੰਧਕਾਂ ਅਤੇ ਆਯੋਜਕਾਂ ਨੂੰ ਹਿੰਦੀ ਦਿਵਸ ਦੀ ਵਧਾਈ ਦਿੰਦੇ ਹੋਏ ਇਸ ਦੇ ਇਤਿਹਾਸ ਅਤੇ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ।