ਤਲਵੰਡੀ ਸਾਬੋ ਵਿਖੇ ਸਿਹਤ ਵਿਭਾਗ ਨੇ ਮਨਾਇਆ ਫਰਾਈ ਡੇਅ, ਡਰਾਈ ਡੇਅ ਹਫਤਾ।

ਤਲਵੰਡੀ ਸਾਬੋ,  13 ਸਤੰਬਰ (ਗੁਰਜੰਟ ਸਿੰਘ ਨਥੇਹਾ)- ਸਿਵਲ ਸਰਜਨ ਬਠਿੰਡਾ, ਜਿਲਾ ਸਿਹਤ ਅਫਸਰ ਡਾ. ਊਸ਼ਾ ਗੋਇਲ, ਜਿਲਾ ਐਪੀਡੀਮੋਲੋਜਿਸਟ ਡਾ. ਮਯੰਕਜੋਤ ਸਿੰਘ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਡਾ. ਦਰਸ਼ਨ ਕੌਰ ਐਸ.ਐਮ.ਓ ਤਲਵੰਡੀ ਸਾਬੋ, ਜਿਲਾ ਏ.ਐਮ.ਓ ਹਰਵਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਵਾਟਰਵਰਕਸ ਤਲਵੰਡੀ ਸਾਬੋ, ਨਗਰ ਪੰਚਾਇਤ ਦਫ਼ਤਰ ਅਤੇ ਬੀਡੀਪੀਓ ਤਲਵੰਡੀ ਸਾਬੋ ਵਿਖੇ ਕੰਪੇਨ ਤਹਿਤ ਫਰਾਈ ਡੇਅ ਡਰਾਈ ਡੇਅ ਮਨਾਇਆ ਅਤੇ ਡੇਂਗੂ ਸਬੰਧੀ ਜਾਗਰੂਕਤਾ ਗਤੀਵਿਧੀ ਕੀਤੀ ਗਈ। ਇਸ ਮੌਕੇ ਹੈਲਥ ਸੁਪਰਵਾਈਜਰ ਕੁਲਦੀਪ ਸਿੰਘ ਨੇ ਦੱਸਿਆ ਕਿ ਜਾਗਰੂਕਤਾ ਕੈਂਪ ਲਗਾ ਕੇ ਲੋਕਾਂ ਨੂੰ ਡੇਂਗੂ ਤੋਂ ਬਚਾਅ ਲਈ ਜਾਗਰੂਕ ਕੀਤਾ ਜਾ ਰਿਹਾ ਹੈ ਤੇ ਇਸੇ ਲੜੀ ਤਹਿਤ ਅੱਜ ਵੱਖ-ਵੱਖ ਥਾਵਾਂ ‘ਤੇ ਜਾ ਕੇ ਡੇਂਗੂ ਬਾਰੇ ਵਿਸਤਾਰ ਨਾਲ ਦੱਸਿਆ। ਡੇਂਗੂ ਮਾਦਾ ਮੱਛਰ ਦੇ ਡੰਗਣ ਕਾਰਨ ਹੁੰਦਾ ਹੈ ਜੋ ਕਿ ਖੜ੍ਹੇ ਸਾਫ਼ ਪਾਣੀ ‘ਚ ਪੈਦਾ ਹੁੰਦਾ ਹੈ। ਇਸ ਲਈ ਜ਼ਰੂਰੀ ਹੈ ਕਿ ਘਰਾਂ ਦੇ ਆਲੇ-ਦੁਆਲੇ ਤੇ ਛੱਤਾਂ ‘ਤੇ ਪਾਣੀ ਖੜ੍ਹਾ ਨਾ ਹੋਣ ਦਿੱਤਾ ਜਾਵੇ।

ਇਸ ਮੌਕੇ ਮਲਟੀਪਰਪਜ ਹੈਲਥ ਵਰਕਰ ਹਰਪਾਲ ਸਿੰਘ ਗਿਆਨਾ ਨੇ ਦੱਸਿਆ ਕਿ ਬਾਰਿਸ਼ਾਂ ਦੇ ਮੌਸਮ ਦੌਰਾਨ ਘਰਾਂ ਦੀਆਂ ਛੱਤਾਂ ਤੇ ਪਏ ਕਬਾੜ, ਗਮਲਿਆਂ, ਟੁੱਟੇ ਬਰਤਨਾਂ, ਕੂਲਰਾਂ ਅਤੇ ਫਰਿੱਜ ਦੀ ਟਰੇਅ ਨੂੰ ਹਰ ਹਫ਼ਤੇ ਖਾਲੀ ਕਰਕੇ ਸੁਕਾਇਆ ਜਾਵੇ। ਪੂਰੇ ਸਰੀਰ ਨੂੰ ਢਕਣ ਵਾਲੇ ਕੱਪੜੇ ਪਾਏ ਜਾਣ ਅਤੇ ਰਾਤ ਨੂੰ ਸੌਣ ਵਾਲੇ ਮੱਛਰ ਭੁਜਾਉਣ ਵਾਲੀਆਂ ਕਰੀਮਾਂ, ਮੱਛਰ ਭੁਜਾਊ ਜੰਤਰਾਂ ਅਤੇ ਜਾਲੀਦਾਰ ਦਰਵਾਜਿਆਂ ਆਦਿ ਦੀ ਵਰਤੋਂ ਕੀਤੀ ਜਾਵੇ। ਇਸ ਮੌਕੇ ਮਲਟੀਪਰਪਜ ਹੈਲਥ ਵਰਕਰ ਕੁਲਦੀਪ ਸਿੰਘ ਕਮਾਲੂ, ਗੁਰਸੇਵਕ ਸਿੰਘ, ਕੁਲਦੀਪ ਕੁਮਾਰ, ਜਗਸੀਰ ਸਿੰਘ, ਬਰੀਡ ਚੈਕਰ ਅਮਨਪ੍ਰੀਤ ਸਿੰਘ ਅਤੇ ਸੁਖਚੈਨ ਸਿੰਘ ਹਾਜ਼ਰ ਸਨ।