



ਤਲਵੰਡੀ ਸਾਬੋ, 17 ਫਰਵਰੀ (ਗੁਰਜੰਟ ਸਿੰਘ ਨਥੇਹਾ)- ਜਿੱਥੇ ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਲਹਿਰੀ ਦੇ ਵਿਦਿਆਰਥੀ ਖੇਡਾਂ ਅਤੇ ਸਿੱਖਿਆ ਦੇ ਖੇਤਰ ਵਿੱਚ ਵੱਡੀਆਂ ਮੱਲਾਂ ਮਰ ਰਹੇ ਹਨ ਉਥੇ ਹੀ ਧਾਰਮਿਕ ਖੇਤਰ ਵਿਚ ਵੱਡੀਆਂ ਪ੍ਰਾਪਤੀਆਂ ਕਰਦੇ ਹੋਏ ਧਾਰਮਿਕ ਖੇਡਾਂ, ਗੁਰਬਾਣੀ ਨਾਲ ਜੁੜ ਰਹੇ ਹਨ। ਏਸੇ ਦੇ ਚਲਦਿਆਂ ਉਕਤ ਸਕੂਲ ਦੀ ਗੱਤਕਾ ਪਾਰਟੀ ਵੱਲੋਂ ਪਿੰਡ ਲਹਿਰੀ ਵਿਖੇ ਸੰਤ ਬਾਬਾ ਗੁਰਦਿਆਲ ਸਿੰਘ ਅਤੇ ਸੰਤ ਬਾਬਾ ਫੌਜਾ ਸਿੰਘ ਜੀ ਦੀਆਂ ਬਰਸੀ ਮੌਕੇ ਸਜਾਏ ਗਏ ਨਗਰ ਕੀਰਤਨ ਵਿੱਚ ਗੱਤਕੇ ਦੇ ਜੌਹਰ ਦਿਖਾ ਕੇ ਸੰਗਤ ਨੂੰ ਜੈਕਾਰੇ ਗੁੰਜਾਉਣ ਲਈ ਮਜ਼ਬੂਰ ਕੀਤਾ। ਇਸ ਤੋਂ ਇਲਾਵਾ ਸਕੂਲ ਦੀ ਲੜਕੀਆਂ ਟੀਮ ਨੇ ਕੋਰਿਓਗ੍ਰਾਫੀਆਂ ਰਾਹੀਂ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਪ੍ਰਿੰਸੀਪਲ ਸ੍ਰ. ਲਖਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਸਕੂਲ ਵਿਖੇ ਕਾਫੀ ਸਮੇਂ ਤੋਂ ਗੱਤਕਾ ਅਤੇ ਗੁਰਬਾਣੀ ਦੀਆਂ ਕਲਾਸਾਂ ਲੱਗ ਰਹੀਆਂ ਹਨ ਪ੍ਰੰਤੂ ਕੋਰੋਨਾ ਕਾਲ ਦੌਰਾਨ ਕੁਝ ਸਮਾਂ ਗਤੀਵਿਧੀਆਂ ਰੋਕਣੀਆਂ ਪੈ ਗਈਆਂ ਸਨ। ਇਸ ਸੈਸ਼ਨ ਦੌਰਾਨ ਥੋੜ੍ਹੇ ਸਮੇਂ ‘ਚ ਬੱਚਿਆਂ ਦੀ ਗੱਤਕਾ ਅਤੇ ਧਾਰਮਿਕ ਗਤੀਵਿਧੀਆਂ ਲਈ ਤਿਆਰੀ ਕਰਵਾਈ ਗਈ ਸੀ ਜਿਸ ਕਾਰਨ ਪਿੰਡ ਲਹਿਰੀ ਵਿਖੇ ਗੱਤਕਾ ਟੀਮ ਨੇ ਹਾਜ਼ਰੀ ਭਰਨ ਦਾ ਮੌਕਾ ਮਿਲਿਆ। ਇਸ ਸਵਾਲ ਦੇ ਜਵਾਬ ਉਹਨਾਂ ਕਿਹਾ ਕਿ ਬੇਸ਼ਕ ਛੋਟੇ ਬੱਚਿਆਂ ਦੀ ਟੀਮ ਹੈ ਪ੍ਰੰਤੂ ਨਗਰ ਕੀਰਤਨ ਦੌਰਾਨ ਸਮੁੱਚੀ ਟੀਮ ਨੇ ਹੈਰਾਨ ਕਰਨ ਵਾਲੇ ਜੌਹਰ ਦਿਖਾਏ ਗਏ ਅਤੇ ਤਿੰਨ ਕੋਰੀਓਗਰਾਫੀਆਂ ਪੇਸ਼ ਕਰਕੇ ਸੰਗਤ ਨੂੰ ਇਤਿਹਾਸ ਤੋਂ ਜਾਣੂ ਕਰਵਾਇਆ। ਉਹਨਾਂ ਦੱਸਿਆ ਕਿ ਇਹਨਾਂ ਬੱਚਿਆਂ ਦੀ ਤਿਆਰੀ ਗੁਰਜੰਟ ਸਿੰਘ ਵੱਲੋਂ ਕਰਵਾਈ ਗਈ ਹੈ ਅਤੇ ਭਵਿਖ ‘ਚ ਵੀ ਇਹ ਮਾਰਸ਼ਲ ਆਰਟ ਜਾਰੀ ਰਹੇਗਾ। ਇਸ ਮੌਕੇ ਸੁਸਾਇਟੀ ਪ੍ਰਧਾਨ ਸ੍ਰੀਮਤੀ ਜਸਵਿੰਦਰ ਕੌਰ ਸਿੱਧੂ ਅਤੇ ਸਕੱਤਰ ਸ਼੍ਰੀਮਤੀ ਪਰਮਜੀਤ ਕੌਰ ਵਲੋਂ ਜਿੱਥੇ ਬੱਚਿਆਂ ਨੂੰ ਵਧਾਈ ਦਿੱਤੀ ਉਥੇ ਗੱਤਕਾ ਕੋਚ ਗੁਰਜੰਟ ਸਿੰਘ ਨੂੰ ਸਨਮਾਨਿਤ ਕੀਤਾ ਗਿਆ।