
ਬੰਦੀ ਸਿੰਘਾਂ ਦੀ ਤੁਰੰਤ ਰਿਹਾਈ ਅਤੇ ਜੇਲ੍ਹ ਬਦਲ ਕੇ ਪੰਜਾਬ ਭੇਜਣ ਦੀ ਕੀਤੀ ਗਈ ਮੰਗ
ਨਵੀਂ ਦਿੱਲੀ 10 ਮਾਰਚ (ਮਨਪ੍ਰੀਤ ਸਿੰਘ ਖਾਲਸਾ):-ਪੰਜਾਬ ਅਤੇ ਭਾਰਤ ਦੀ ਮੌਜੂਦਾ ਸਟੇਟ ਅਤੇ ਕੇਂਦਰ ਸਰਕਾਰ ਵੱਲੋਂ ਡਿਬਰੂਗੜ ਅਸਾਮ ਦੀ ਜੇਲ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਅਤੇ ਉਸ ਦੇ ਨਾਲਦੇ ਸਿਂਘਾਂ ਉੱਪਰ ਹੋ ਰਹੇ ਅਣਮਨੁੱਖੀ ਤਸ਼ੱਦਦ ਦੇ ਵਿਰੋਧ ਵਿੱਚ ਕੈਨੇਡਾ ਸਰੀ ਦੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵੱਲੋ ਇੱਕ ਬਹੁਤ ਵੱਡਾ ਪੈਦਲ ਰੋਸ ਮਾਰਚ ਕੀਤਾ ਗਿਆ । ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਤੋਂ ਸਰਬੱਤ ਦੇ ਭਲੇ, ਬੰਦੀ ਸਿੰਘਾਂ ਦੀ ਰਿਹਾਈ, ਦੇਹ ਅਰੋਗਤਾ ਅਤੇ ਕਿਸਾਨੀ ਮੋਰਚੇ ਦੀ ਜਿੱਤ ਲਈ ਕੀਤੀ ਗਈ ਅਰਦਾਸ ਨਾਲ ਪੈਦਲ ਮਾਰਚ ਸ਼ੂਰੂ ਹੋਇਆ । ਸ਼ਹਿਰ ਅੰਦਰ ਤਕਰੀਬਨ ਦੋ ਘੰਟੇ ਪੈਦਲ ਮਾਰਚ ਕਰਦੇ ਹੋਏ ਸਿੰਘ ਸਿੰਘਣੀਆਂ ਬੀਬੀਆਂ, ਬੱਚੇ ਅਤੇ ਬਜ਼ੁਰਗ ਨੇ ਹੱਥਾਂ ਵਿੱਚ ਖਾਲਸਾਈ ਨਿਸ਼ਾਨ ਦੇ ਝੰਡੇ ਅਤੇ ਭਾਰਤ ਅੰਦਰ ਹੋ ਰਹੇ ਜ਼ੁਲਮਾਂ ਦੇ ਬੈਨਰ ਫੜਕੇ ਭਾਰਤ ਦੇ ਲੋਕਤੰਤਰ ਨੂੰ ਦੁਨੀਆ ਸਾਹਮਣੇ ਨੰਗਾ ਕੀਤਾ ।


ਰੋਸ ਮਾਰਚ ਅੰਦਰ ਨਿੱਕੇ ਨਿੱਕੇ ਬੱਚਿਆਂ ਸਮੇਤ ਬੀਬੀਆਂ ਬਜ਼ੁਰਗ ਅਤੇ ਨੌਜੁਆਨ ਵੱਡੀ ਗਿਣਤੀ ਅੰਦਰ ਸ਼ਾਮਿਲ ਹੋ ਕੇ ਨਾਹਰੇ ਲਗਾਉਂਦੇ ਹੋਏ ਗੁਰਦੁਆਰਾ ਦਸ਼ਮੇਸ਼ ਦਰਬਾਰ ਸਾਹਿਬ ਪਹੁੰਚੇ । ਰੋਸ ਮਾਰਚ ਵਿਚ ਸ਼ਾਮਿਲ ਬੁਲਾਰਿਆਂ ਨੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਅਤੇ ਕਿਹਾ ਕਿ ਜਦੋ ਤਕ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੁੰਦੀ ਉਨ੍ਹਾਂ ਨੂੰ ਤੁਰੰਤ ਪੰਜਾਬ ਦੀ ਜੇਲ੍ਹ ਅੰਦਰ ਬਦਲਿਆ ਜਾਏ । ਬੁਲਾਰਿਆਂ ਨੇ ਕਿਸਾਨਾਂ ਨਾਲ ਕੀਤੇ ਜਾ ਰਹੇ ਅਣਮਨੁੱਖੀ ਤਸ਼ੱਦਦ ਦੀ ਨਿੰਦਿਆਂ ਕਰਦਿਆਂ ਉਨ੍ਹਾਂ ਦੀਆਂ ਮੰਗਾ ਨੂੰ ਮੰਨਣ ਵਾਸਤੇ ਵੀ ਕਿਹਾ । ਪੈਦਲ ਰੋਸ ਮਾਰਚ ਦੀ ਸਮਾਪਤੀ ਤੇ ਗੁਰੂ ਪਾਤਸ਼ਾਹ ਅੱਗੇ ਸਮੂਹ ਬੰਦੀ ਸਿੰਘ ਦੀ ਜਲਦ ਰਿਹਾਈ ਅਤੇ ਉਹਨਾਂ ਦੇ ਪਰਿਵਾਰਾਂ ਦੀ ਚੜਦੀ ਕਲਾ ਦੀ ਅਰਦਾਸ ਉਪਰੰਤ ਪ੍ਰਬੰਧਕਾਂ ਵਲੋਂ ਪੈਦਲ ਮਾਰਚ ਵਿੱਚ ਸ਼ਾਮਿਲ ਹੋਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ ।
