ਮੈਂਬਰ ਪਾਰਲੀਮੈਂਟ ਸ੍ਰ ਸਿਮਰਨਜੀਤ ਸਿੰਘ ਮਾਨ ਵੱਲੋਂ ਡਿਬਰੂਗੜ ਜੇਲ ਵਿੱਚ ਨਜ਼ਰਬੰਦ ਸਿੰਘਾਂ, ਕਿਸਾਨਾਂ ਦੀਆਂ ਮੰਗਾਂ ਅਤੇ ਐਸ ਜੀ ਪੀ ਸੀ ਵੋਟਾਂ ਸਬੰਧੀ ਡੀ ਸੀ ਅੰਮ੍ਰਿਤਸਰ ਨੂੰ ਦਿੱਤੇ ਗਏ ਮੰਗ ਪੱਤਰ

ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਮੈਂਬਰ ਪਾਰਲੀਮੈਂਟ ਸ੍ਰ ਸਿਮਰਨਜੀਤ ਸਿੰਘ ਮਾਨ ਵੱਲੋਂ ਦੇਸ਼ ਦੀ ਰਾਸ਼ਟਰਪਤੀ ਸ਼੍ਰੀਮਤੀ ਦਰੋਪਦੀ ਮੂਰਮੂ ਜੀ ਨੂੰ ਡੀ ਸੀ ਅੰਮ੍ਰਿਤਸਰ ਦੇ ਰਾਹੀਂ ਤਿੰਨ ਮੈਮੋਰੰਡਮ ਦਿੱਤੇ ਗਏ ਜਿਨਾਂ ਵਿੱਚ ਪਹਿਲੇ ਨੰਬਰ ਤੇ ਡਿਬਰੂਗੜ੍ਹ ਜੇਲ ਵਿਖੇ ਨਜ਼ਰਬੰਦ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ ਪੰਜਾਬ ਸ਼ਿਫਟ ਕਰਨ ਸਬੰਧੀ ਦੂਜਾ ਕਿਸਾਨਾਂ ਵੱਲੋਂ ਲਗਾਏ ਗਏ ਹੱਕੀ ਮੰਗਾਂ ਦੇ ਧਰਨੇ ਸਬੰਧੀ ਅਤੇ ਤੀਸਰਾ ਐਸ ਜੀ ਪੀ ਸੀ ਚੋਣਾਂ ਦੇ ਸੰਬੰਧ ਵਿੱਚ ਚੋਣ ਕਮਿਸ਼ਨ ਵੱਲੋਂ ਬੀ ਐਲੋ ਓਜ਼ ਅਤੇ ਪਟਵਾਰੀ ਨੂੰ ਘਰ ਘਰ ਭੇਜ ਕੇ ਵੋਟਾਂ ਬਣਾਉਣ ਸੰਬੰਧੀ। ਇਸ ਤੋਂ ਇਲਾਵਾ ਡਿਬਰੂਗੜ੍ਹ ਜੇਲ ਵਿਖੇ ਨਜ਼ਰਮੰਦ ਬੰਦੀ ਸਿੰਘਾਂ ਦੇ ਪਰਿਵਾਰਾਂ ਵੱਲੋਂ ਜੋ ਧਰਨਾ ਦਰਬਾਰ ਸਾਹਿਬ ਦੇ ਨਜਦੀਕ ਸਾਰਾਗੜੀ ਗੁਰਦੁਆਰਾ ਸਾਹਿਬ ਦੇ ਸਾਹਮਣੇ ਲਗਾਇਆ ਗਿਆ ਹੈ ਉਸ ਵਿੱਚ ਵੀ ਮੈਂਬਰ ਪਾਰਲੀਮੈਂਟ ਸ੍ਰ ਸਿਮਰਨਜੀਤ ਸਿੰਘ ਜੀ ਮਾਨ ਵੱਲੋਂ ਸ਼ਮੂਲੀਅਤ ਕੀਤੀ ਗਈ। ਇੲ ਮੌਕੇ ਸ੍ਰ ਮਾਨ ਦੇ ਨਾਲ ਸ੍ਰ ਹਰਪਾਲ ਸਿੰਘ ਬਲੇਰ ਜਰਨਲ ਸੱਕਤਰ, ਸ੍ਰ ਉਪਕਾਰ ਸਿੰਘ ਸੰਧੂ ਜਰਨਲ ਸਕੱਤਰ, ਸ੍ਰ ਜਸਬੀਰ ਸਿੰਘ ਜੀ ਬੱਚੜੇ ਜਥੇਬੰਦਕ ਸਕੱਤਰ, ਸ੍ਰੀ ਉਪਿੰਦਰਪ੍ਰਤਾਪ ਸਿੰਘ ਪੀ ਏ, ਸ੍ਰ ਅਮਰੀਕ ਸਿੰਘ ਜੀ ਨੰਗਲ ਜਥੇਬੰਦਕ ਸਕੱਤਰ, ਸ੍ਰ ਸ਼ਮਸ਼ੇਰ ਸਿੰਘ ਬਰਾੜ ਜਿਲਾ ਪ੍ਰਧਾਨ ਅੰਮ੍ਰਿਤਸਰ ਦਿਹਾਤੀ, ਸ੍ਰ ਦਵਿੰਦਰ ਸਿੰਘ ਫਤਾਹਪੁਰ, ਸ੍ਰ ਹਰਜੀਤ ਸਿੰਘ ਮੀਆਂਪੁਰ ਜਿਲਾ ਪ੍ਰਧਾਨ ਤਰਨਤਾਰਨ, ਸ੍ਰ ਨਿਸ਼ਾਨ ਸਿੰਘ ਬਲੇਰ, ਸ੍ਰ ਰਵੀਸ਼ੇਰ ਸਿੰਘ ਯੂਥ ਆਗੂ,ਸ੍ਰ ਮਹਿੰਦਰਪਾਲ ਸਿੰਘ ਮਹਿਤਾ, ਸ੍ਰ ਕੁਲਵੰਤ ਸਿੰਘ ਮਜੀਠਾ, ਸ੍ਰ ਸਿਮਰਨਜੀਤ ਸਿੰਘ, ਸ੍ਰ ਸਿਮਰਨ ਸਿੰਘ, ਸ੍ਰ ਜਸਬੀਰ ਸਿੰਘ ਵਡਾਲੀ,ਸ੍ਰ ਗੁਰਦੀਪ ਸਿੰਘ ਮੱਲੀ, ਸ੍ਰ ਸ਼ਮਸ਼ੇਰ ਸਿੰਘ ਪੱਧਰੀ ਪ੍ਰੈਸ ਸਕੱਤਰ ਜਿਲਾ ਅੰਮ੍ਰਿਤਸਰ ਵੀ ਹਾਜਰ ਸਨ। ਇਸ ਸਮੇਂ ਤੇ ਸਰਦਾਰ ਸਿਮਰਨਜੀਤ ਸਿੰਘ ਜੀ ਮਾਨ ਨੇ ਪ੍ਰੈਸ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਡਿਬਰੂਗੜ ਜੇਲ ਵਿਖੇ ਨਜਰਬੰਦ ਬੰਦੀ ਸਿੰਘਾਂ ਦੇ ਵਿਸ਼ੇ ਨੂੰ ਸਰਕਾਰ ਦੇ ਧਿਆਨ ਵਿੱਚ ਲਿਆਉਦੀ ਹੋਈ ਇਹ ਸਮੁੱਚੀ ਸਿੱਖ ਕੌਮ ਮੰਗ ਕਰਦੀ ਹੈ ਕਿ ਸਰਕਾਰ ਸਾਡੇ ਯਾਦ ਪੱਤਰ ਦੇ ਮਿਲਦਿਆ ਹੀ ਵਾਰਿਸ ਪੰਜਾਬ ਦੇ” ਮੁੱਖੀ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਡਿਬਰੂਗੜ੍ਹ ਜੇਲ੍ਹ ਵਿਚ ਨਜਰਬੰਦ ਕੀਤੇ ਗਏ ਸਾਥੀਆ ਖਿਲਾਫ ਦਰਜ ਕੀਤੇ ਗਏ ਐਨ.ਐਸ.ਏ. ਦੇ ਝੂਠੇ ਕੇਸ ਨੂੰ ਤੁਰੰਤ ਰੱਦ ਕਰਕੇ, ਡਿਬਰੂਗੜ੍ਹ ਜੇਲ੍ਹ ਤੋਂ ਉਨ੍ਹਾਂ ਸਭਨਾਂ ਨੂੰ ਪੰਜਾਬ ਦੀ ਜੇਲ੍ਹ ਵਿਚ ਤਬਦੀਲ ਕਰਦੇ ਹੋਏ ਉਨ੍ਹਾਂ ਖਿਲਾਫ ਮੰਦਭਾਵਨਾ ਅਧੀਨ ਬਣਾਏ ਗਏ ਝੂਠੇ ਕੇਸਾਂ ਨੂੰ ਵਾਪਸ ਲੈਦੇ ਹੋਏ ਉਨ੍ਹਾਂ ਦੀ ਰਿਹਾਈ ਦੇ ਹੁਕਮ ਜਾਰੀ ਕਰੇ।ਉਹਨਾਂ ਕਿਹਾ ਕਿ ਕੇਂਦਰ ਸਰਕਾਰ ਡਿਬਰੂਗੜ ਜੇਲ ਵਿਖੇ ਨਜ਼ਰਬੰਦ ਭਾਈ ਅੰਮ੍ਰਿਤਪਾਲ ਸਿੰਘ ਅਤੇ ਬਾਕੀ ਬੰਦੀ ਸਿੰਘਾਂ ਨਾਲ ਗੈਰ ਕਾਨੂੰਨੀ ਤੇ ਅਣ-ਮਨੁੱਖੀ ਵਤੀਰਾ ਕਰ ਰਹੀ ਹੈ ਜੋ ਕਿ ਕਦਾਚਿੱਤ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਡਿਬਰੂਗੜ੍ਹ ਜੇਲ ਵਿਖੇ ਨਜ਼ਰਬੰਦ ਬੰਦੀ ਸਿੰਘਾਂ ਦੇ ਪਰਿਵਾਰਾਂ ਦੇ ਮੋਢੇ ਨਾਲ ਮੋਢਾ ਲਾਕੇ ਖੜਾ ਹੈ। ਉਹਨਾਂ ਕਿਹਾ ਕਿ ਸਾਡੀ ਪਾਰਟੀ ਡਿਬਰੂਗੜ ਜੇਲ ਵਿੱਚ ਨਜ਼ਰਬੰਦ ਬੰਦੀ ਸਿੰਘਾਂ ਦੇ ਪਰਿਵਾਰਾਂ ਵੱਲੋਂ ਲਗਾਏ ਗਏ ਧਰਨੇ ਵਿੱਚ ਬਿਲਕੁਲ ਸਪਸ਼ਟ ਤੌਰ ਤੇ ਉਹਨਾਂ ਦੇ ਨਾਲ ਹੈ ਅਤੇ ਜੇਕਰ ਕੇਂਦਰ ਸਰਕਾਰ ਪੰਜ ਦਿਨਾਂ ਦੇ ਅੰਦਰ-ਅੰਦਰ ਡਿਬਰੂਗੜ੍ਹ ਜੇਲ ਵਿਖੇ ਨਜ਼ਰਬੰਦ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ ਪੰਜਾਬ ਦੀ ਕਿਸੇ ਜੇਲ ਵਿੱਚ ਸ਼ਿਫਟ ਨਹੀਂ ਕਰਦੇ ਤਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਇੱਕ ਵੱਡੀ ਮੁਹਿੰਮ ਵਿੱਡੀ ਜਾਵੇਗੀ ਜਿਸਦੀ ਜਿੰਮੇਵਾਰ ਸਰਕਾਰ ਆਪ ਹੋਵੇਗੀ। ਇਸ ਮੌਕੇ ਪੰਜਾਬ ਦੇ ਕਿਸਾਨਾਂ ਵੱਲੋਂ ਲਗਾਏ ਗਏ ਧਰਨੇ ਦੇ ਸਬੰਧ ਵਿੱਚ ਉਹਨਾਂ ਬੋਲਦਿਆਂ ਹੋਇਆਂ ਕਿਹਾ ਪਿਛਲੇ ਲੰਮੇ ਸਮੇ ਤੋਂ ਇਹ ਖੇਤੀਬਾੜੀ ਦਾ ਧੰਦਾ ਲਗਾਤਾਰ ਘਾਟੇ ਵੱਲ ਜਾ ਰਿਹਾ ਹੈ ਜਿਸਦੇ ਸੰਬੰਧ ਵਿਚ ਪੰਜਾਬ ਦਾ ਕੁੱਲ ਕਿਸਾਨ ਖੇਤੀਬਾੜੀ ਦੇ ਸਰਕਾਰੀ ਰੇਟ/ਸਰਕਾਰੀ ਮੰਡੀ ਦੀ ਮੰਗ ਕਰਦਾ ਆ ਰਿਹਾ ਹੈ । ਪਰ ਅਫਸੋਸ, ਪਿਛਲੇ ਸਮੇਂ ਚੱਲੇ ਅੰਦੋਲਨ ਵਿਚ ਜੋ ਸਮਝੌਤਾ ਹੋਇਆ ਸੀ, ਜਿਸ ਵਿਚ ਐਮ.ਐਸ.ਪੀ ਦੇਣ ਦੀ ਮੁੱਖ ਮੰਗ ਸਰਕਾਰ ਵੱਲੋ ਮੰਨੀ ਗਈ ਸੀ, ਨਾ ਉਸਦਾ ਅੱਜ ਤੱਕ ਕੋਈ ਨੋਟੀਫਿਕੇਸਨ ਜਾਰੀ ਹੋਇਆ, ਨਾ ਹੀ ਖੇਤੀਬਾੜੀ ਵਿਚ ਵੱਖ-ਵੱਖ ਫਸਲਾਂ ਤੇ ਐਮ.ਐਸ.ਪੀ. ਜਾਰੀ ਕੀਤੀ ਗਈ । ਜਦੋਕਿ ਦੁਨੀਆ ਜਾਣਦੀ ਹੈ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ। ਇਹ ਉਪਰੋਕਤ ਹਾਲਾਤਾਂ ਦੇ ਮੱਦੇਨਜਰ ਹੀ ਪੰਜਾਬ ਦਾ ਕਿਸਾਨ ਦਿਨੋ ਦਿਨ ਕਰਜਾਈ ਹੁੰਦਾ ਜਾ ਰਿਹਾ ਹੈ । ਇਥੋ ਤੱਕ ਕਿ ਉਹ ਆਤਮ ਹੱਤਿਆ ਕਰਨ ਲਈ ਮਜਬੂਰ ਹੋਇਆ ਪਿਆ ਹੈ। ਸੋ ਐਨੇ ਸਮੇਂ ਬਾਅਦ ਹੁਣ ਦੁਆਰਾ ਫਿਰ ਪੰਜਾਬ ਦੀ ਕਿਸਾਨੀ ਨੇ ਆਪਣੀਆ ਮੰਨੀਆਂ ਗਈਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਅੰਦੋਲਨ ਦਾ ਰਾਹ ਮਜ਼ਬੂਰੀ ਵੱਸ ਚੁਣਨਾ ਪਿਆ। ਪਰ ਅਫਸੋਸ ਭਾਰਤ ਆਪਣੇ ਆਪ ਨੂੰ ਲੋਕਤੰਤਰ ਵੱਜੋ ਪੇਸ਼ ਕਰਦਾ ਹੈ ਪ੍ਰੰਤੂ ਇਥੇ ਡੈਮੋਕ੍ਰੇਸੀ ਵਿਚ ਹੱਕ ਮੰਗਣ ਆਏ ਲੋਕਾਂ ਨੂੰ ਲਾਠੀ ਦੇ ਜ਼ੋਰ ਉਤੇ ਉਹਨਾਂ ਦੀ ਜੁਬਾਨ ਬੰਦ ਕਰਵਾਈ ਜਾ ਰਹੀ ਹੈ। ਜਿਸਦਾ ਤਾਜ਼ਾ ਪ੍ਰਣਾਮ ਇਹ ਹੈ ਕਿ ਹੱਕ ਮੰਗਣ ਆਏ ਕਿਸਾਨਾਂ ਨੂੰ ਸੰਭੂ ਬਾਰਡਰ ਉਤੇ ਘੇਰਿਆ ਗਿਆ। ਉਨ੍ਹਾਂ ਉਪਰ ਪੈਰਾ ਮਿਲਟਰੀ ਵਰਗੀਆਂ ਫੋਰਸਾਂ ਦੀ ਵਰਤੋ ਕੀਤੀ ਗਈ। ਜਦੋਂ ਕਿ ਆਪਣੇ ਹੀ ਦੇਸ਼ ਵਿਚ ਆਪਣੇ ਹੀ ਲੋਕਾਂ ਉਤੇ ਹੱਕ ਮੰਗ ਰਹੇ ਲੋਕਾਂ ਉਪਰ ਆਰਮੀ ਰਾਹੀ ਜ਼ਬਰ ਕਰਨਾ ਕੀ ਜਾਇਜ ਹੈ ? ਹੁਣ ਮੌਜੂਦਾ ਸਮੇਂ ਸੰਭੂ ਬਾਰਡਰ ਉਪਰ ਅੱਥਰੂ ਗੈਸ, ਰਬੜ ਦੀਆਂ ਗੋਲੀਆਂ, ਮਿਰਚਾਂ ਵਾਲੇ ਬੰਬ, ਪਾਣੀ ਦੀਆਂ ਬੁਛਾੜਾ ਆਦਿ ਹੱਥਕੰਡੇ ਅਪਣਾਕੇ ਬੁਰੀ ਤਰ੍ਹਾਂ ਹੱਕ-ਸੱਚ ਇਨਸਾਫ ਦੀ ਆਵਾਜ ਨੂੰ ਦਬਾਇਆ ਜਾ ਰਿਹਾ ਹੈ । ਜਿਸ ਵਿਚ ਅੱਜ ਜ਼ਿਲ੍ਹਾ ਬਰਨਾਲਾ ਦੇ ਬੱਲੋ ਪਿੰਡ ਦਾ ਇਕ ਨੌਜਵਾਨ ਆਰਮੀ ਦੀ ਗੋਲੀ ਨਾਲ ਮਾਰ ਦਿੱਤਾ ਗਿਆ। ਇਹ ਹਕੂਮਤੀ ਜ਼ਬਰ ਬਿਲਕੁਲ ਬੇਬੁਨਿਆਦ ਹੈ। ਇਸ ਨਾਲ ਮੁਲਕ ਵਿਚ ਅਸਥਿਰਤਾ ਫੈਲੇਗੀ ਅਤੇ ਦੇਸ਼ ਪ੍ਰਤੀ ਵਿਸਵਾਸਦਾਰੀ ਦਾ ਭਰੋਸਾ ਟੁੱਟ ਜਾਵੇਗਾ। ਇਸ ਦੇ ਨਾਲ ਹੀ ਤੀਸਰੇ ਮੈਮੋਰੈਂਡਮ ਦੇ ਸਬੰਧ ਵਿੱਚ ਬੋਲਦਿਆਂ ਹੋਇਆਂ ਸ੍ਰ ਮਾਨ ਨੇ ਕਿਹਾ ਕਿ ਚੋਣ ਕਮਿਸ਼ਨ ਆਪਣੀ ਜਿੰਮੇਵਾਰੀ ਸਮਝਦੇ ਹੋਏ ਐਸ ਜੀ ਪੀ ਸੀ ਚੋਣਾਂ ਤੋਂ ਪਹਿਲੋਂ ਹਰ ਸਿੱਖ ਦੀ ਖੁਦ ਉਸ ਦੇ ਘਰ ਪਹੁੰਚ ਕਰਕੇ ਵੋਟ ਬਣਾਉਣਾ ਯਕੀਨੀ ਕਰੇ।