
ਤਲਵੰਡੀ ਸਾਬੋ, 04 ਫਰਵਰੀ (ਗੁਰਜੰਟ ਸਿੰਘ ਨਥੇਹਾ)- ਸਿੱਖ ਕੌਮ ਦੀ ਮਹਾਨ ਧਾਰਮਿਕ ਸਖਸ਼ੀਅਤ ਸੰਤ ਬਾਬਾ ਅਤਰ ਸਿੰਘ ਜੀ ਦੀ ਬਰਸੀ, ਰਾਗੀ ਜੰਗ ਸਿੰਘ ਅਤੇ ਸੰਪਰਦਾਇ ਮਸਤੂਆਣਾ ਮੁਖੀ ਰਹਿ ਚੁੱਕੇ ਸੱਚਖੰਡਵਾਸੀ ਮਾ. ਗੁਰਚਰਨ ਸਿੰਘ ਦੀ ਬਰਸੀ ਨੂੰ ਸਮਰਪਿਤ ਕਰਕੇ ਵਿਸ਼ਾਲ ਧਾਰਮਿਕ ਸਮਾਗਮ ਅੱਜ ਲੰਗਰ ਬੁੰਗਾ ਮਸਤੂਆਣਾ ਧਾਰਮਿਕ ਮਹਾਂ ਵਿਦਿਆਲਾ ਦਮਦਮਾ ਸਾਹਿਬ ਵਿਖੇ ਕਰਵਾਏ ਗਏ ਜਿਸ ਵਿੱਚ ਵੱਡੀ ਗਿਣਤੀ ਸੰਗਤਾਂ ਨੇ ਸ਼ਮੂਲੀਅਤ ਕੀਤੀ। ਅੱਜ ਸਭ ਤੋਂ ਪਹਿਲਾਂ ਬੁੰਗਾ ਮਸਤੂਆਣਾ ਸਾਹਿਬ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਬੁੰਗਾ ਮਸਤੂਆਣਾ ਸਾਹਿਬ ਦੇ ਰਾਗੀ ਜਥਿਆਂ ਵੱਲੋਂ ਸ਼ਬਦ ਗਾਇਨ ਕੀਤਾ ਗਿਆ। ਅਰਦਾਸ ਉਪਰੰਤ ਸਜਾਏ ਵਿਸ਼ਾਲ ਧਾਰਮਿਕ ਦੀਵਾਨਾਂ ਦੌਰਾਨ ਪੰਥ ਦੇ ਉੇੱਘੇ ਵਿਦਵਾਨ ਗਿਆਨੀ ਹਰਭਜਨ ਸਿੰਘ ਢੁੱਡੀਕੇ ਨੇ ਗੁਰਬਾਣੀ ਕਥਾ ਵੀਚਾਰਾਂ ਰਾਹੀਂ ਸੰਗਤਾਂ ਨੂੰ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਲਈ ਪ੍ਰੇਰਿਤ ਕੀਤਾ। ਗੁ: ਬੁੰਗਾ ਮਸਤੂਆਣਾ ਦੇ ਮੁਖੀ ਬਾਬਾ ਕਾਕਾ ਸਿੰਘ ਨੇ ਆਪਣੇ ਸੰਬੋਧਨ ਦੌਰਾਨ ਸੰਤ ਬਾਬਾ ਅਤਰ ਸਿੰਘ ਜੀ ਵੱਲੋਂ 1923 ਵਿੱਚ ਗੁਰਦੁਆਰਾ ਬੁੰਗਾ ਮਸਤੂਆਣਾ ਦੀ ਸਥਾਪਨਾ ਦੇ ਸਮੁੱਚੇ ਇਤਿਹਾਸ ਤੋਂ ਸੰਗਤਾਂ ਨੂੰ ਜਾਣੂੰ ਕਰਵਾਉਦਿਆਂ, ਉਨਾਂ ਉੇਪਰੰਤ ਰਾਗੀ ਜੰਗ ਸਿੰਘ ਵੱਲੋਂ ਨਿਭਾਈਆਂ ਸੇਵਾਵਾਂ ਨੂੰ ਯਾਦ ਕੀਤਾ। ਸਮਾਗਮ ਦੀ ਸਮਾਪਤੀ ਮੌਕੇ ਸੰਪਰਦਾਇ ਮਸਤੂਆਣਾ ਮੁਖੀ ਬਾਬਾ ਟੇਕ ਸਿੰਘ ਧਨੌਲਾ ਨੇ ਸੰਬੋਧਨ ਦੌਰਾਨ ਸੰਤ ਅਤਰ ਸਿੰਘ ਜੀ ਵੱਲੋਂ ਆਪਣੇ ਜੀਵਨ ਕਾਲ ਦੌਰਾਨ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਕੀਤੇ ਯਤਨਾਂ ਬਾਰੇ ਸੰਗਤਾਂ ਨੂੰ ਦੱਸਦਿਆਂ ਉਨਾਂ ਵੱਲੋਂ ਹੋਂਦ ਚ ਲਿਆਂਦੀਆਂ ਧਾਰਮਿਕ ਸੰਸਥਾਵਾਂ ਵੱਲੋਂ ਅੱਜ ਵੀ ਧਾਰਮਿਕ ਅਤੇ ਸਮਾਜਿਕ ਖੇਤਰ ‘ਚ ਪਾਏ ਜਾ ਰਹੇ ਯੋਗਦਾਨਾਂ ਬਾਬਤ ਜਾਣਕਾਰੀ ਦਿੱਤੀ। ਉਨਾਂ ਨੇ ਸੱਚਖੰਡਵਾਸੀ ਮਾਸਟਰ ਗੁਰਚਰਨ ਸਿੰਘ ਦੀਆਂ ਪੰਥਕ ਸੇਵਾਵਾਂ ਦੀ ਵੀ ਸ਼ਲਾਘਾ ਕੀਤੀ।ਅੰਤ ਵਿੱਚ ਬਾਬਾ ਟੇਕ ਸਿੰਘ ਅਤੇ ਬਾਬਾ ਕਾਕਾ ਸਿੰਘ ਸਮੇਤ ਸਮੁੱਚੇ ਸੰਤ ਸੇਵਕ ਜਥੇ ਵੱਲੋਂ ਪੁੱਜੀਆਂ ਸਖਸ਼ੀਅਤਾਂ ਦਾ ਸਨਮਾਨ ਵੀ ਕੀਤਾ ਗਿਆ।ਸਮਾਗਮ ਦੌਰਾਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਆਗੂ ਬਾਬਾ ਗੁਰਮੀਤ ਸਿੰਘ ਤ੍ਰਿਲੋਕੇਵਾਲਾ, ਵਿਦਵਾਨ ਲੇਖਕ ਗਿਆਨੀ ਕੌਰ ਸਿੰਘ ਕੋਠਾਗੁਰੂ, ਬਾਬਾ ਦਰਸ਼ਨ ਸਿੰਘ ਦਾਦੂ, ਬਾਬਾ ਸ਼ਿਵਾਨੰਦ ਕਿਉਲ, ਦਮਦਮੀ ਟਕਸਾਲ ਦੇ ਜਥੇਦਾਰ ਪਿੱਪਲ ਸਿੰਘ, ਤਖਤ ਸ੍ਰੀ ਦਮਦਮਾ ਸਾਹਿਬ ਦੇ ਮੀਤ ਮੈਨੇਜ਼ਰ ਭਾਈ ਮੇਜਰ ਸਿੰਘ, ਬਾਬਾ ਗੁਰਪਾਲ ਸਿੰਘ ਚੋਰਮਾਰ, ਕਾਰ ਸੇਵਾ ਭੂਰੀ ਵਾਲਿਆਂ ਦੇ ਬਾਬਾ ਝੀਤਾ ਸਿੰਘ, ਬਾਬਾ ਤੇਜਾ ਸਿੰਘ ਹੈੱਡ ਗ੍ਰੰਥੀ, ਭਾਈ ਸੰਤ ਸਿੰਘ ਸਕੱਤਰ ਬੁੰਗਾ ਮਸਤੂਆਣਾ, ਬਾਬਾ ਨਰਾਇਣ ਸਿੰਘ, ਬਾਬਾ ਚੰਦ ਸਿੰਘ, ਬਾਬਾ ਮਹਿੰਦਰ ਸਿੰਘ, ਬਾਬਾ ਜਮਨਾਦਾਸ ਦੁੱਨੇਵਾਲਾ ਦੇ ਨੁਮਾਇੰਦੇ, ਭਾਈ ਅਵਤਾਰ ਸਿੰਘ ਰਾਗੀ, ਸਤਨਾਮ ਸਿੰਘ ਦਮਦਮੀ, ਭੁਪਿੰਦਰ ਸਿੰਘ ਗਰੇਵਾਲ, ਭਾਈ ਚਤਰ ਸਿੰਘ ਆਦਿ ਸਖਸ਼ੀਅਤਾਂ ਨੇ ਹਾਜ਼ਰੀ ਭਰੀ। ਸਟੇਜ ਸੈਕਟਰੀ ਦੀ ਜ਼ਿੰਮੇਵਾਰੀ ਰਾਗੀ ਮਲਕੀਤ ਸਿੰਘ ਨੇ ਨਿਭਾਈ।