
ਅੰਮ੍ਰਿਤਸਰ, 28 ਜਨਵਰੀ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਪਹੂਵਿੰਡ ‘ਚ ਕੈਪਟਨ ਨੇ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੀ ਇੱਕ ਤਸਵੀਰ ਹਟਾਈ ਪਰ ਅਣਖ਼ੀਲੇ ਸਿੱਖ ਨੌਜਵਾਨਾਂ ਨੇ ਅਨੇਕਾਂ ਤਸਵੀਰਾਂ ਲਗਾ ਦਿੱਤੀਆਂ ਅਤੇ ਹੁਣ ਹੋਰ ਵੀ ਲੱਗਣਗੀਆਂ। ਉਹਨਾਂ ਕਿਹਾ ਕਿ ਕੈਪਟਨ ਹਰਸਿਮਰਨ ਸਿਹੁੰ ਦੀ ਮੱਤ ਮਾਰੀ ਗਈ ਹੈ, ਅਜਿਹੇ ਸਿੱਖ ਵਿਰੋਧੀ ਵਿਅਕਤੀ ਨੂੰ ਗੁਰਦੁਆਰਾ ਜਨਮ ਅਸਥਾਨ ਸ਼ਹੀਦ ਬਾਬਾ ਦੀਪ ਸਿੰਘ ਜੀ, ਪਿੰਡ ਪਹੂਵਿੰਡ ਦੇ ਪ੍ਰਬੰਧ ਦੀ ਸੇਵਾ ਖੋਹਣੀ ਚਾਹੀਦੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਚਾਹੀਦਾ ਹੈ ਕਿ ਇਸ ਨੂੰ ਸੰਗਲਾਂ ਨਾਲ ਨੂੜ ਕੇ ਸ੍ਰੀ ਅਕਾਲ ਤਖਤ ਸਾਹਿਬ ‘ਤੇ ਲਿਆਵੇ ਅਤੇ ਇਸ ਨੂੰ ਖਾਲਸਾ ਪੰਥ ਵਿੱਚੋਂ ਛੇਕਿਆ ਜਾਵੇ। ਉਹਨਾਂ ਕਿਹਾ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੂੰ ਖਾਲਸਾ ਪੰਥ ਵੱਲੋਂ ਵੀਹਵੀਂ ਸਦੀ ਦਾ ਮਹਾਨ ਸਿੱਖ ਐਲਾਨਿਆ ਗਿਆ ਹੈ, ਉਹ ਸਾਡੀ ਕੌਮ ਦੇ ਮਹਾਨ ਸ਼ਹੀਦ ਅਤੇ ਜਰਨੈਲ ਹਨ, ਜਿਨ੍ਹਾਂ ਦੀ ਯਾਦਗਾਰ ਵੀ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਸੁਸ਼ੋਭਿਤ ਹੈ ਤੇ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਤਸਵੀਰ ਵੀ ਲੱਗੀ ਹੈ। ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੇ ਵੀ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਵਾਂਗ ਸ੍ਰੀ ਦਰਬਾਰ ਸਾਹਿਬ ਦੀ ਰਾਖੀ ਲਈ ਸਮੇਂ ਦੀ ਸਰਕਾਰ ਨਾਲ ਟੱਕਰ ਲਈ ਸੀ ਅਤੇ ਸ਼ਾਨਾਮੱਤਾ ਇਤਿਹਾਸ ਸਿਰਜਿਆ। ਉਹਨਾਂ ਕਿਹਾ ਕਿ ਸੰਤ ਜਰਨੈਲ ਸਿੰਘ ਸਿੱਖ ਨੌਜਵਾਨਾਂ ਦੇ ਦਿਲਾਂ ਦੇ ਵਿੱਚ ਚੌਂਕੜਾ ਮਾਰ ਕੇ ਬੈਠੇ ਹਨ। ਉਹਨਾਂ ਨੂੰ ਸਿੱਖ ਮਾਨਸਿਕਤਾ ਵਿੱਚੋਂ ਕੋਈ ਨਹੀਂ ਕੱਢ ਸਕਦਾ। ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਨੇ ਉਹਨਾਂ ਜਾਗਰੂਕ ਅਤੇ ਅਣਖੀਲੇ ਸਿੱਖ ਨੌਜਵਾਨਾਂ ਦੀ ਸ਼ਲਾਘਾ ਵੀ ਕੀਤੀ ਜਿਨ੍ਹਾਂ ਨੇ ਇਸ ਕੈਪਟਨ ਨੂੰ ਸੋਧਾ ਲਾਇਆ, ਉਸ ਦੀ ਗੱਡੀ ਦੇ ਉੱਤੇ ਹਮਲਾ ਕੀਤਾ। ਉਹਨਾਂ ਕਿਹਾ ਕਿ ਉਹ ਸਾਰੇ ਨੌਜਵਾਨ ਸਿੱਖ ਕੌਮ ਦੇ ਹੀਰੇ ਹਨ ਜਿਨ੍ਹਾਂ ਨੇ ਸੰਤ ਭਿੰਡਰਾਂਵਾਲਿਆਂ ਦੀ ਤਸਵੀਰ ਦੇ ਵਿਰੋਧ ਤੋਂ ਬਾਅਦ ਜਬਰਦਸਤ ਸੰਘਰਸ਼ ਕੀਤਾ, ਸੰਤ ਜਰਨੈਲ ਸਿੰਘ ਜੀ ਦੀ ਤਸਵੀਰ ਜੋ ਭਾਈ ਗੁਰਪਾਲ ਸਿੰਘ ਅਲਗੋਂ ਨੇ ਟੈਂਕੀ ਦੇ ਉੱਪਰ ਲਗਾ ਦਿੱਤੀ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਭਾਈ ਹਰਪਾਲ ਸਿੰਘ ਬਲੇਰ ਨੇ ਮੌਕੇ ਉੱਤੇ ਪਹੁੰਚ ਕੇ ਸਿੱਖ ਨੌਜਵਾਨਾਂ ਦਾ ਸਾਥ ਦਿੱਤਾ ਅਤੇ ਨੌਜਵਾਨਾਂ ਨੇ ਜਗ੍ਹਾ ਜਗ੍ਹਾ ‘ਤੇ ਸੰਤਾਂ ਦੀਆਂ ਤਸਵੀਰਾਂ ਲਗਾ ਕੇ ਉਸ ਕਰਨਲ ਨੂੰ ਬਾਖੂਬੀ ਜਵਾਬ ਦਿੱਤਾ। ਉਹਨਾਂ ਕਿਹਾ ਕਿ ਬੁੱਚੜ ਬੇਅੰਤੇ ਅਤੇ ਕੇ.ਪੀ.ਐਸ. ਗਿੱਲ ਦੀ ਰੂਹ ਕੇਵਲ ਸਿਆਸੀ ਨੇਤਾਵਾਂ ਵਿੱਚ ਹੀ ਨਹੀਂ, ਬਲਕਿ ਇਸ ਕੈਪਟਨ ਹਰਸਿਮਰਨ ਸਿਹੁੰ ਵਰਗੇ ਲੋਕ ਜੋ ਧਾਰਮਿਕ ਅਹੁਦਿਆਂ ਉੱਤੇ ਬੈਠੇ ਹਨ ਉਹਨਾਂ ਵਿੱਚ ਵੀ ਪ੍ਰਵੇਸ਼ ਕਰ ਚੁੱਕੀ ਹੈ। ਉਹਨਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਇੱਕ ਗੁਰਦੁਆਰੇ ਦਾ ਪ੍ਰਧਾਨ ਹੀ ਸੰਤ ਜਰਨੈਲ ਸਿੰਘ ਜੀ ਦੀ ਤਸਵੀਰ ਉਤਾਰਨ ਦਾ ਯਤਨ ਕਰ ਰਿਹਾ ਹੈ ਜਦ ਕਿ ਇਹ ਅਸਥਾਨ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਦਾ ਹੈ ਅਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਦਮਦਮੀ ਟਕਸਾਲ ਦੇ ਹੀ ਚੌਦ੍ਹਵੇਂ ਮੁਖੀ ਸਨ। ਉਹਨਾਂ ਕਿਹਾ ਕਿ ਸੰਤ ਜਰਨੈਲ ਸਿੰਘ ਜੀ ਦੀ ਜਰਨੈਲੀ ਸ਼ਖਸੀਅਤ ਇੰਨੀ ਵੱਡੀ ਹੈ ਕਿ ਉਹਨਾਂ ਦੀ ਤਸਵੀਰ ਵੀ ਵੈਰੀਆਂ ਨੂੰ ਡਰਾ ਰਹੀ ਹੈ। ਉਹਨਾਂ ਕਿਹਾ ਕਿ ਗਿਆਨੀ ਰਘਬੀਰ ਸਿੰਘ ਨੂੰ ਚਾਹੀਦਾ ਹੈ ਕਿ ਇਸ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਖਾਲਸਾ ਪੰਥ ਵਿੱਚੋਂ ਛੇਕਿਆ ਜਾਵੇ ਅਤੇ ਇਸ ਨੂੰ ਗੁਰਦੁਆਰਾ ਪਹੂਵਿੰਡ ਦੀ ਪ੍ਰਧਾਨਗੀ ਤੋਂ ਵੀ ਹਟਾਇਆ ਜਾਵੇ, ਇਸ ਤੋਂ ਸਿੱਖ ਹੋਣ ਦਾ ਦਾਅਵਾ ਵੀ ਖੋਹ ਲੈਣਾ ਚਾਹੀਦਾ ਹੈ।