17 Afghan migrants die of thirst; women and children among the dead
ਪਿਆਸ ਨਾਲ 17 ਅਫਗਾਨ ਪ੍ਰਵਾਸੀਆਂ ਦੀ ਮੌਤ, ਔਰਤਾਂ ਤੇ ਬੱਚੇ ਵੀ ਸ਼ਾਮਲ
Sindh, (ਆਵਾਜ਼ਿ ਕੌਮ ਬਿਊਰੋ)-ਬਲੋਚਿਸਤਾਨ ‘ਚ ਸਰਾਵਾਨ ਦੇ ਨੇੜੇ ਇੱਕ ਦੂਰ-ਦੁਰਾਡੇ ਸਰਹੱਦੀ ਖੇਤਰ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰਦਿਆਂ ਘੱਟੋ-ਘੱਟ 17 ਅਫਗਾਨ ਪ੍ਰਵਾਸੀਆਂ ਦੀ ਗੰਭੀਰ ਡੀਹਾਈਡ੍ਰੇਸ਼ਨ (ਪਿਆਸ) ਕਾਰਨ ਮੌਤ ਹੋ ਗਈ ਹੈ, ਜਿਨ੍ਹਾਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। ਖੇਤਰੀ ਖਬਰਾਂ ਦੇ ਆਊਟਲੇਟ ਹਾਲਵਸ਼ ਅਨੁਸਾਰ, ਇਹ ਹਾਦਸਾ ਰੋਤਕ ਸਰਹੱਦ ਦੇ ਨਾਲ ਲੱਗਦੇ ਮਕ-ਸੂਖਤੇ ਖੇਤਰ ਵਿੱਚ ਪਾਣੀ ਖਤਮ ਹੋਣ ਕਰਕੇ ਵਾਪਰਿਆ। ਸਰਾਵਾਨ ਦੇ ਮੁਰਦਾਘਰ ਵਿੱਚ ਥਾਂ ਦੀ ਘਾਟ ਕਾਰਨ, ਬਰਾਮਦ ਕੀਤੀਆਂ ਮ੍ਰਿਤਕ ਦੇਹਾਂ ਨੂੰ ਖਾਸ਼ ਦੇ ਮੁਰਦਾਘਰ ਵਿੱਚ ਭੇਜਿਆ ਗਿਆ। ਮ੍ਰਿਤਕਾਂ ਵਿੱਚ ਅਫਗਾਨਿਸਤਾਨ ਦੇ ਬਾਗਲਾਨ ਪ੍ਰਾਂਤ ਦੇ ਇੱਕ ਹੀ ਪਰਿਵਾਰ ਦੇ 5 ਜੀਅ ਸ਼ਾਮਲ ਹਨ, ਜਿਨ੍ਹਾਂ ਵਿੱਚ ਇੱਕ 45 ਸਾਲਾ ਮਾਂ ਅਤੇ ਉਸ ਦੀਆਂ 14 ਤੋਂ 22 ਸਾਲ ਦੀਆਂ ਚਾਰ ਧੀਆਂ ਹਨ। ਅਫਗਾਨਿਸਤਾਨ ਦੇ ਅੰਦਰ ਆਰਥਿਕ ਮੰਦਹਾਲੀ, ਬੇਰੋਜ਼ਗਾਰੀ ਅਤੇ ਰੋਜ਼ਗਾਰ ਦੇ ਘੱਟ ਮੌਕਿਆਂ ਕਰਕੇ ਲੋਕ ਬਿਹਤਰ ਭਵਿੱਖ ਦੀ ਭਾਲ ਵਿੱਚ ਗੈਰ-ਕਾਨੂੰਨੀ ਰਸਤਿਆਂ ਰਾਹੀਂ ਈਰਾਨ ਵੱਲ ਰੁੱਖ ਕਰ ਰਹੇ ਹਨ। ਇਹ ਰਸਤੇ ਬਹੁਤ ਹੀ ਦੂਰ-ਦੁਰਾਡੇ ਅਤੇ ਔਖੇ ਇਲਾਕਿਆਂ ਵਿੱਚੋਂ ਲੰਘਦੇ ਹਨ, ਜਿੱਥੇ ਪ੍ਰਵਾਸੀਆਂ ਨੂੰ ਅੱਤ ਦੀ ਗਰਮੀ, ਪਿਆਸ, ਭੁੱਖ ਅਤੇ ਜਾਨਲੇਵਾ ਹਾਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਾਨੂੰਨੀ ਮਾਮਲਿਆਂ ਦੇ ਵਿਸ਼ਲੇਸ਼ਕ ਖਲੀਲ-ਅਹਿਮਦ ਨਦੀਮ ਨੇ ਇਸ ਘਟਨਾ ਨੂੰ ਬਹੁਤ ਦੁਖਦਾਈ ਦੱਸਦਿਆਂ ਕਿਹਾ ਕਿ ਅਫਗਾਨ ਅਧਿਕਾਰੀਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਦੇਸ਼ ਦੇ ਅੰਦਰ ਰੋਜ਼ਗਾਰ ਅਤੇ ਬਿਹਤਰ ਹਾਲਾਤ ਪੈਦਾ ਕਰਨ, ਜਦਕਿ ਉਨ੍ਹਾਂ ਨੇ ਈਰਾਨ ਨੂੰ ਵੀ ਇਸ ਸਥਿਤੀ ਦੇ ਮਾਨਵੀ ਪੱਖਾਂ ‘ਤੇ ਗੌਰ ਕਰਨ ਦੀ ਅਪੀਲ ਕੀਤੀ। ਇਹ ਮੌਤਾਂ ਅਜਿਹੇ ਸਮੇਂ ਹੋਈਆਂ ਹਨ ਜਦੋਂ ਅਫਗਾਨਿਸਤਾਨ, ਈਰਾਨ ਅਤੇ ਸੰਯੁਕਤ ਰਾਸ਼ਟਰ ਕਾਬੁਲ ਵਿੱਚ ਇੱਕ ਤਿਕੋਣੀ ਬੈਠਕ ਕਰਨ ਦੀ ਤਿਆਰੀ ਕਰ ਰਹੇ ਹਨ। ਅਫਗਾਨਿਸਤਾਨ ਵਿੱਚ ਸੰਯੁਕਤ ਰਾਸ਼ਟਰ ਸ਼ਰਨਾਰਥੀ ਏਜੰਸੀ ਦੇ ਨੁਮਾਇੰਦੇ ਅਰਾਫਾਤ ਜਮਾਲ ਅਨੁਸਾਰ, ਇਸ ਬੈਠਕ ਵਿੱਚ ਅਫਗਾਨ ਸ਼ਰਨਾਰਥੀਆਂ ਅਤੇ ਪ੍ਰਵਾਸੀਆਂ ਦੀਆਂ ਮੁਸ਼ਕਲਾਂ ਅਤੇ ਜ਼ਬਰਦਸਤੀ ਦੇਸ਼ ਨਿਕਾਲੇ ਵਰਗੇ ਅਹਿਮ ਮੁੱਦਿਆਂ ‘ਤੇ ਚਰਚਾ ਕੀਤੀ ਜਾਵੇਗੀ।

