2 POCSO criminals escape by scaling the wall of Srinagar Central Jail, Kashmir Police issues LOC
ਸ੍ਰੀਨਗਰ ਸੈਂਟਰਲ ਜੇਲ੍ਹ ਦੀ ਕੰਧ ਟੱਪ ਕੇ ਭੱਜੇ POCSO ਦੇ 2 ਅਪਰਾਧੀ, ਕਸ਼ਮੀਰ ਪੁਲਸ ਨੇ ਜਾਰੀ ਕੀਤਾ LOC
ਸ੍ਰੀਨਗਰ (ਆਵਾਜ਼ਿ ਕੌਮ ਬਿਊਰੋ)- ਸ੍ਰੀਨਗਰ ਦੀ ਹਾਈ ਸਕਿਓਰਿਟੀ ਸੈਂਟਰਲ ਜੇਲ੍ਹ ਵਿੱਚ ਐਤਵਾਰ ਨੂੰ ਸੁਰੱਖਿਆ ਪ੍ਰਬੰਧਾਂ ਨੂੰ ਚੁਣੌਤੀ ਦੇਣ ਵਾਲੀ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ, ਜਿੱਥੇ ਪੋਕਸੋ (POCSO) ਐਕਟ ਤਹਿਤ ਦਰਜ ਵੱਖ-ਵੱਖ ਮਾਮਲਿਆਂ ਵਿੱਚ ਬੰਦ ਦੋ ਕੈਦੀ ਜੇਲ੍ਹ ਕੰਪਲੈਕਸ ਦੀ ਸਾਹਮਣੇ ਵਾਲੀ ਕੰਧ ਟੱਪ ਕੇ ਫਰਾਰ ਹੋ ਗਏ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਅਤੇ ਸੁਰੱਖਿਆ ਏਜੰਸੀਆਂ ਨੇ ਦੋਵਾਂ ਭਗੌੜਿਆਂ ਨੂੰ ਕਾਬੂ ਕਰਨ ਲਈ ਵੱਡੇ ਪੱਧਰ ‘ਤੇ ਸਰਚ ਆਪ੍ਰੇਸ਼ਨ (ਤਲਾਸ਼ੀ ਮੁਹਿੰਮ) ਸ਼ੁਰੂ ਕਰ ਦਿੱਤਾ ਹੈ। ਅਧਿਕਾਰੀਆਂ ਮੁਤਾਬਕ ਫਰਾਰ ਹੋਏ ਕੈਦੀਆਂ ਦੀ ਪਛਾਣ ਫਾਰਮਾਨ ਖ਼ਾਨ ਅਤੇ ਮੁਖਤਾਰ ਅਹਿਮਦ ਗੁੱਜਰ ਵਜੋਂ ਹੋਈ ਹੈ। ਫਾਰਮਾਨ ਖ਼ਾਨ ਰਾਜਸਥਾਨ ਦੇ ਸਦਨਪੋਰਾ ਦਾ ਰਹਿਣ ਵਾਲਾ ਹੈ, ਜਦਕਿ ਮੁਖਤਾਰ ਅਹਿਮਦ ਗੁੱਜਰ ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਦੇ ਸਾਂਗਲਨ ਚਿੱਤਰਗੁਲ ਦਾ ਨਿਵਾਸੀ ਹੈ। ਦੋਵਾਂ ਦੇ ਖ਼ਿਲਾਫ਼ ਵੱਖ-ਵੱਖ ਥਾਣਿਆਂ ਵਿੱਚ ਮਾਮਲੇ ਦਰਜ ਹਨ। ਅਧਿਕਾਰੀਆਂ ਅਨੁਸਾਰ ਫਾਰਮਾਨ ਖ਼ਾਨ ਨੂੰ ਬੀਤੀ 23 ਜੂਨ ਨੂੰ ਜੇਲ੍ਹ ਵਿੱਚ ਦਾਖਲ ਕਰਵਾਇਆ ਗਿਆ ਸੀ। ਉਸ ਦੇ ਖ਼ਿਲਾਫ਼ ਗਾਂਦਰਬਲ ਜ਼ਿਲ੍ਹੇ ਦੇ ਲਾਰ ਪੁਲਿਸ ਸਟੇਸ਼ਨ ਵਿੱਚ ਬੀ.ਐਨ.ਐਸ. (BNS) ਦੀਆਂ ਵੱਖ-ਵੱਖ ਧਾਰਾਵਾਂ ਤੋਂ ਇਲਾਵਾ ਪੋਕਸੋ ਐਕਟ ਦੀਆਂ ਧਾਰਾਵਾਂ 3 ਅਤੇ 4 (ਪੈਨੀਟਰੇਟਿਵ ਸੈਕਸੁਅਲ ਅਸਾਲਟ) ਤਹਿਤ ਮਾਮਲਾ ਦਰਜ ਹੈ। ਦੂਜੇ ਪਾਸੇ ਮੁਖਤਾਰ ਅਹਿਮਦ ਗੁੱਜਰ ਨੂੰ 13 ਅਪ੍ਰੈਲ ਨੂੰ ਇਸ ਸੈਂਟਰਲ ਜੇਲ੍ਹ ਵਿੱਚ ਰੱਖਿਆ ਗਿਆ ਸੀ। ਉਸ ਖ਼ਿਲਾਫ਼ ਸ੍ਰੀਨਗਰ ਦੇ ਸੌਰਾ ਪੁਲਸ ਸਟੇਸ਼ਨ ਵਿੱਚ ਬੀ.ਐਨ.ਐਸ. ਅਤੇ ਪੋਕਸੋ ਐਕਟ ਦੀਆਂ ਧਾਰਾਵਾਂ 3 ਅਤੇ 4 ਤਹਿਤ ਐਫ.ਆਈ.ਆਰ. ਦਰਜ ਹੈ। ਦੋਵਾਂ ਦੇ ਜੇਲ੍ਹ ਵਿੱਚੋਂ ਫਰਾਰ ਹੋਣ ਦੇ ਹਾਲਾਤਾਂ ਬਾਰੇ ਫਿਲਹਾਲ ਕੋਈ ਵਿਸਥਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਅਧਿਕਾਰੀ ਇਸ ਗੱਲ ਦੀ ਜਾਣਕਾਰੀ ਇਕੱਠੀ ਕਰ ਰਹੇ ਹਨ ਕਿ ਇਨ੍ਹਾਂ ਦੋਵਾਂ ਨੇ ਜੇਲ੍ਹ ਦੇ ਸੁਰੱਖਿਆ ਪ੍ਰਬੰਧਾਂ ਨੂੰ ਕਿਵੇਂ ਪਾਰ ਕੀਤਾ ਅਤੇ ਫਰਾਰ ਹੋਣ ਤੋਂ ਬਾਅਦ ਉਹ ਕਿਸ ਦਿਸ਼ਾ ਵੱਲ ਗਏ ਹਨ। ਪੁਲਸ ਨੇ ਦੋਵਾਂ ਫਰਾਰ ਮੁਲਜ਼ਮਾਂ ਨੂੰ ਫੜਨ ਲਈ ਵੱਡੇ ਪੱਧਰ ‘ਤੇ ਮੁਹਿੰਮ ਵਿੱਢ ਦਿੱਤੀ ਹੈ। ਉਨ੍ਹਾਂ ਦੀਆਂ ਤਸਵੀਰਾਂ ਅਤੇ ਪਛਾਣ ਦੇ ਆਧਾਰ ‘ਤੇ ਸੰਭਾਵਿਤ ਟਿਕਾਣਿਆਂ ‘ਤੇ ਤਲਾਸ਼ ਕੀਤੀ ਜਾ ਰਹੀ ਹੈ। ਪੁਲਸ ਵੱਲੋਂ ਦੋਵਾਂ ਭਗੌੜੇ ਮੁਲਜ਼ਮਾਂ ਦੇ ਸਬੰਧ ਵਿੱਚ ਵਾਂਟੇਡ ਨੋਟਿਸ ਵੀ ਜਾਰੀ ਕੀਤਾ ਗਿਆ ਹੈ। ਪੁਲਸ ਨੇ ਦੋਵਾਂ ਨੂੰ ਫੜਵਾਉਣ ਵਿੱਚ ਮਦਦ ਕਰਨ ਵਾਲੀ ਜਾਣਕਾਰੀ ਦੇਣ ਵਾਲੇ ਵਿਅਕਤੀ ਨੂੰ ਇਨਾਮ ਦੇਣ ਦਾ ਐਲਾਨ ਕੀਤਾ ਹੈ। ਪੁਲਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਨੂੰ ਦੋਵਾਂ ਵਿੱਚੋਂ ਕਿਸੇ ਬਾਰੇ ਵੀ ਕੋਈ ਜਾਣਕਾਰੀ ਮਿਲਦੀ ਹੈ, ਤਾਂ ਉਹ ਤੁਰੰਤ ਨਜ਼ਦੀਕੀ ਪੁਲਸ ਸਟੇਸ਼ਨ ਜਾਂ ਐਮਰਜੈਂਸੀ ਹੈਲਪਲਾਈਨ ਨੰਬਰ 112 ‘ਤੇ ਸੰਪਰਕ ਕਰਨ।

