488 pilgrims from Punjab will go for Hajj; Instructions to deposit first installment before August 10
ਪੰਜਾਬ ਤੋਂ 488 ਯਾਤਰੀ ਜਾਣਗੇ ਹੱਜ ’ਤੇ; 10 ਅਗਸਤ ਤੋਂ ਪਹਿਲਾਂ ਪਹਿਲੀ ਕਿਸ਼ਤ ਜਮ੍ਹਾ ਕਰਵਾਉਣ ਦੇ ਨਿਰਦੇਸ਼
ਮਾਲੇਰਕੋਟਲਾ (ਆਵਾਜ਼ਿ ਕੌਮ ਬਿਊਰੋ)-ਹੱਜ ਕਮੇਟੀ ਆਫ ਇੰਡੀਆ ਵੱਲੋਂ ਹੱਜ-2027 ਲਈ ਚੁਣੇ ਗਏ ਹੱਜ ਯਾਤਰੀਆਂ ਲਈ ਪਹਿਲੀ ਕਿਸ਼ਤ ਦੇ ਰੂਪ ’ਚ 1,52,300 ਰੁਪਏ ਪ੍ਰਤੀ ਹੱਜੀ ਜਮ੍ਹਾ ਕਰਵਾਉਣ ਲਈ ਹੁਣ ਸਿਰਫ ਚਾਰ ਦਿਨਾਂ ਦਾ ਸਮਾਂ ਬਾਕੀ ਰਹਿ ਗਿਆ ਹੈ। ਪਹਿਲੀ ਕਿਸ਼ਤ ਜਮ੍ਹਾ ਕਰਵਾਉਣ ਦੀ ਆਖਰੀ ਮਿਤੀ 10 ਅਗਸਤ 2026 ਨਿਰਧਾਰਿਤ ਕੀਤੀ ਗਈ ਹੈ। ਇਸ ਸਬੰਧੀ ਖ਼ਾਦਮੁਲ ਹੁੱਜਾਜ਼ ਵੱਲੋਂ ਸਮੂਹ ਹੱਜ ਯਾਤਰੀਆਂ ਨੂੰ ਸਮੇਂ ਸਿਰ ਭੁਗਤਾਨ ਕਰਨ ਦੀ ਜ਼ੋਰਦਾਰ ਅਪੀਲ ਕੀਤੀ ਗਈ ਹੈ। ਹੱਜ ਯਾਤਰੀਆਂ ਦੀ ਨਿਸ਼ਕਾਮ ਸੇਵਾ ’ਚ ਹਮੇਸ਼ਾ ਮੋਹਰੀ ਰਹਿਣ ਵਾਲੇ ਪ੍ਰਸਿੱਧ ਸਮਾਜ ਸੇਵੀ ਮਾਸਟਰ ਅਬਦੁੱਲ ਅਜ਼ੀਜ਼, ਸ਼ਹਿਬਾਜ਼ ਜ਼ਹੂਰ, ਮਾਸਟਰ ਤਨਵੀਰ ਚਿਸ਼ਤੀ ਅਤੇ ਹਾਫ਼ਿਜ਼ ਮਾਸਟਰ ਮੁਹੰਮਦ ਸ਼ਫ਼ੀਕ ਨੇ ਸਾਂਝੇ ਬਿਆਨ ’ਚ ਕਿਹਾ ਕਿ ਜਿਨ੍ਹਾਂ ਹੱਜ ਯਾਤਰੀਆਂ ਦੇ ਫਾਰਮ ਉਨ੍ਹਾਂ ਦੀ ਸੰਸਥਾ ਰਾਹੀਂ ਭਰੇ ਗਏ ਹਨ, ਉਹ ਬਿਨਾਂ ਕਿਸੇ ਦੇਰੀ ਆਪਣੀ ਪਹਿਲੀ ਕਿਸ਼ਤ ਤੁਰੰਤ ਜਮ੍ਹਾ ਕਰਵਾਉਣ, ਤਾਂ ਜੋ ਆਖਰੀ ਸਮੇਂ ਆਨਲਾਈਨ ਜਾਂ ਬੈਂਕਿੰਗ ਸਬੰਧੀ ਕਿਸੇ ਵੀ ਤਰ੍ਹਾਂ ਦੀ ਖੱਜਲ-ਖੁਆਰੀ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਹਾ ਕਿ ਹੱਜ ਯਾਤਰਾ ਨਾਲ ਸਬੰਧਤ ਸਾਰੇ ਦਸਤਾਵੇਜ਼ ਅਤੇ ਹੋਰ ਲੋੜੀਂਦੀਆਂ ਰਸਮੀ ਕਾਰਵਾਈਆਂ ਸਮੇਂ ਸਿਰ ਪੂਰੀਆਂ ਕਰਨਾ ਹਰ ਹੱਜ ਯਾਤਰੀ ਦੀ ਮੁੱਖ ਜ਼ਿੰਮੇਵਾਰੀ ਹੈ। ਇਸ ਦੌਰਾਨ ਪੰਜਾਬ ਸਟੇਟ ਹੱਜ ਕਮੇਟੀ ਦੇ ਚੇਅਰਮੈਨ ਹਾਸ਼ਿਮ ਸੂਫ਼ੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੱਜ ਕਮੇਟੀ ਆਫ ਇੰਡੀਆ ਦੀ ਸਰਪ੍ਰਸਤੀ ਹੇਠ ਇਸ ਸਾਲ ਪੰਜਾਬ ਨਾਲ ਸਬੰਧਿਤ 488 ਹੱਜ ਯਾਤਰੀ ਪਵਿੱਤਰ ਹੱਜ ਦੀ ਅਦਾਇਗੀ ਲਈ ਸਾਊਦੀ ਅਰਬ ਦੀ ਯਾਤਰਾ ’ਤੇ ਜਾਣਗੇ। ਉਨ੍ਹਾਂ ਹੱਜ ਯਾਤਰੀਆਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਨੇ ਅਜੇ ਤੱਕ ਪਹਿਲੀ ਕਿਸ਼ਤ ਜਮ੍ਹਾ ਨਹੀਂ ਕਰਵਾਈ, ਉਹ 10 ਅਗਸਤ ਤੋਂ ਪਹਿਲਾਂ-ਪਹਿਲਾਂ ਇਹ ਰਕਮ ਜਮ੍ਹਾ ਕਰਵਾ ਕੇ ਹੱਜ ਦੀ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਅੱਗੇ ਵਧਾਉਣ।

