61 dead in Assam floods so far, over 7.05 lakh people affected
ਆਸਾਮ ’ਚ ਹੜ੍ਹ ਨਾਲ ਹੁਣ ਤੱਕ 61 ਦੀ ਮੌਤ, 7.05 ਲੱਖ ਤੋਂ ਵੱਧ ਲੋਕ ਪ੍ਰਭਾਵਿਤ
ਗੁਹਾਟੀ, (ਆਵਾਜ਼ਿ ਕੌਮ ਬਿਊਰੋ)-ਆਸਾਮ ’ਚ ਸ਼ਨੀਵਾਰ ਨੂੰ ਵੀ ਹੜ੍ਹ ਦੀ ਸਥਿਤੀ ਗੰਭੀਰ ਬਣੀ ਰਹੀ, ਹਾਲਾਂਕਿ ਕੁਝ ਇਲਾਕਿਆਂ ’ਚ ਪਾਣੀ ਦਾ ਪੱਧਰ ਘਟਣ ਲੱਗਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਆਫ਼ਤ ’ਚ ਹੁਣ ਤੱਕ 61 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ 9 ਜ਼ਿਲਿਆਂ ’ਚ 7.05 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਆਸਾਮ ਰਾਜ ਆਫ਼ਤ ਪ੍ਰਬੰਧਨ ਅਥਾਰਟੀ (ਏ. ਐੱਸ. ਡੀ. ਐੱਮ. ਏ.) ਵੱਲੋਂ ਸ਼ੁੱਕਰਵਾਰ ਦੇਰ ਰਾਤ ਜਾਰੀ ਬੁਲੇਟਿਨ ਅਨੁਸਾਰ ਪਿਛਲੇ 24 ਘੰਟਿਆਂ ’ਚ ਹੜ੍ਹ ਕਾਰਨ 14 ਹੋਰ ਲੋਕਾਂ ਦੀ ਮੌਤ ਹੋ ਗਈ। ਸ਼ਿਵਸਾਗਰ ਹੜ੍ਹ ਤੋਂ ਸਭ ਤੋਂ ਵੱਧ ਪ੍ਰਭਾਵਿਤ ਜ਼ਿਲਾ ਹੈ, ਜਿੱਥੇ ਲੱਗਭਗ 3.5 ਲੱਖ ਲੋਕ ਪ੍ਰਭਾਵਿਤ ਹੋਏ ਹਨ। ਇਸ ਤੋਂ ਬਾਅਦ ਚਰਾਈਦੇਵ ’ਚ ਲੱਗਭਗ 1.9 ਲੱਖ ਅਤੇ ਜੋਰਹਾਟ ’ਚ 1.3 ਲੱਖ ਤੋਂ ਵੱਧ ਲੋਕ ਹੜ੍ਹ ਤੋਂ ਪ੍ਰਭਾਵਿਤ ਹੋਏ ਹਨ। ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਕਿਹਾ ਕਿ ਲਗਾਤਾਰ ਪੈ ਰਹੇ ਮੀਂਹ ਕਾਰਨ ਕਈ ਨਦੀਆਂ ਦੇ ਪਾਣੀ ਦਾ ਪੱਧਰ ਵਧਣ ਨਾਲ ਸਥਿਤੀ ਗੰਭੀਰ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਵਲੋਂ ਹਾਲੇ ਵੀ ਘੱਟੋ-ਘੱਟ 80,000 ਹੜ੍ਹ ਪ੍ਰਭਾਵਿਤ ਲੋਕਾਂ ਤੱਕ ਰਾਹਤ ਸਮੱਗਰੀ ਪਹੁੰਚਾਉਣੀ ਬਾਕੀ ਹੈ।

