International Panthak Dal Organises Chhabil to Mark Third Ghallughara
ਤੀਜੇ ਘੱਲੂਘਾਰੇ ਦੀ ਯਾਦ ‘ਚ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਛਬੀਲ

06 ਜੂਨ 2026, ਅੰਮ੍ਰਿਤਸਰ –ਅੱਜ ਤੀਜੇ ਘੱਲੂਘਾਰੇ ਦੀ ਯਾਦ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਨੇੜੇ ਸ਼ਹੀਦੀ ਯਾਦਗਾਰ ਦੇ ਕੋਲ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਅਤੇ ਇੰਟਰਨੈਸ਼ਨਲ ਪੰਥਕ ਦਲ ਦੇ ਸਰਪ੍ਰਸਤ ਸਿੰਘ ਸਾਹਿਬ ਗਿਆਨੀ ਜਸਵੀਰ ਸਿੰਘ ਰੋਡੇ ਦੀ ਅਗਵਾਈ ਹੇਠ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਕੋਲਡ ਡਰਿੰਕਸ ਦੀ ਛਬੀਲ ਲਗਾਈ ਗਈ। ਇਸ ਮੌਕੇ ਸੰਬੋਧਨ ਕਰਦੇ ਹੋਏ ਸਿੰਘ ਸਾਹਿਬ ਗਿਆਨੀ ਜਸਵੀਰ ਸਿੰਘ ਰੋਡੇ ਨੇ ਦਸਿਆ ਕਿ ਅੱਜ ਤੋਂ 42 ਸਾਲ ਪਹਿਲਾਂ ਉਦੋਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮਾਂ ‘ਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਤੋਪਾਂ ਤੇ ਟੈਂਕਾਂ ਨਾਲ ਹਮਲਾ ਕੀਤਾ ਗਿਆ, ਇਨ੍ਹਾਂ ਦਿਨਾਂ ਵਿੱਚ ਹੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਸੀ ਜਿਸ ਦੇ ਸਬੰਧ ਵਿੱਚ ਸ੍ਰੀ ਦਰਬਾਰ ਸਾਹਿਬ ਵਿਖੇ ਦੂਰ ਦੁਰਾਡੇ ਤੋਂ ਹੋਰ ਵੀ ਵੱਡੀ ਗਿਣਤੀ ਵਿੱਚ ਸੰਗਤ ਪੁੱਜੀ ਹੋਈ ਸੀ। ਇੰਦਰਾ ਗਾਂਧੀ ਨੇ ਆਪਣੀ ਮਾੜੀ ਨੀਅਤ ਨਾਲ ਸਿੱਖਾਂ ਨੂੰ ਸਬਕ ਸਿਖਾਉਣ ਲਈ ਅਤੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਜਥੇ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਆਦਿ ਨੂੰ ਚੁੱਪ ਕਰਾਉਣ ਦੇ ਮਕਸਦ ਨਾਲ ਇਹ ਹਮਲਾ ਕੀਤਾ। ਸਿੰਘ ਸਾਹਿਬ ਨੇ ਕਿਹਾ ਕਿ ਇੰਦਰਾ ਗਾਂਧੀ ਨੂੰ ਭੁਲੇਖਾ ਸੀ ਕਿ ਇਹ ਜੰਗ ਲੜਨ ਵਾਲੇ ਅਣਜਾਣ ਲੋਕ ਹਨ ਪਰ ਜਨਰਲ ਸੂਬੇਗ ਸਿੰਘ ਦੀ ਅਗਵਾਈ ਵਿੱਚ ਬਹੁਤ ਸਾਰੇ ਕਾਰ ਸੇਵਾ ਵਾਲੇ ਮਹਾਪੁਰਖ ਜੋ ਸੇਵਾ ਮੁਕਤ ਫੌਜੀ ਸਨ ਅਤੇ ਹੋਰਾਂ ਨੂੰ ਸਿਖਲਾਈ ਦਿਤੀ ਗਈ। ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਜੁਝਾਰੂ ਪ੍ਰੇਰਨਾ ਸਦਕਾ ਭਾਈ ਅਮਰੀਕ ਸਿੰਘ, ਭਾਈ ਠਾਰਾ ਸਿੰਘ ਸਹਿਤ ਅਨੇਕਾਂ ਜੁਝਾਰੂਆਂ ਨੇ 72 ਘੰਟੇ ਭਾਰਤੀ ਫੌਜ ਦੇ ਦੰਦ ਖੱਟੇ ਕੀਤੇ ਅਤੇ ਆਈਆਂ ਫੌਜਾਂ ਦੇ ਢੇਰ ਲਗਾ ਦਿਤੇ। ਸਿੰਘ ਸਾਹਿਬ ਨੇ ਕਿਹਾ ਕਿ ਸਿੱਖ ਆਜ਼ਾਦੀ ਦੇ ਵੱਡੇ ਭਾਈਵਾਲ ਹਨ ਪਰ ਸਰਕਾਰਾਂ ਉਨ੍ਹਾਂ ਨੂੰ ਇਨਸਾਫ ਦੇਣ ਲਈ ਦੋਹਰੇ ਮਾਪਦੰਡ ਅਪਣਾ ਰਹੀਆਂ ਹਨ। ਅੱਜ ਵੀ 30-32 ਸਾਲਾਂ ਤੋਂ ਬੰਦ ਸਿੰਘਾਂ ਨੂੰ ਰਿਹਾਅ ਕਰਨ ਲਈ ਮੁਆਫੀ ਮੰਗਣ ਦੀ ਸ਼ਰਤ ਲਗਾਈ ਜਾ ਰਹੀ ਹੈ ਪਰ ਸਿੰਘ ਕਦੇ ਮੁਆਫੀ ਨਹੀਂ ਕਰਦੇ। ਅਖੀਰ ਵਿੱਚ ਸਿੰਘ ਸਾਹਿਬ ਨੇ ਪੰਥਕ ਏਕਤਾ ਦੀ ਅਪੀਲ ਕਰਦੇ ਹੋਏ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਦੇ ਝੰਡੇ ਹੇਠ ਕੁੱਝ ਲੋਕਾਂ ਨੇ ਗਲਤੀਆਂ ਕੀਤੀਆਂ ਹਨ ਜਿਸ ਨਾਲ ਸਿੱਖ ਰਾਜਨੀਤੀ ਹਾਸ਼ੀਏ ‘ਤੇ ਪੁੱਜ ਗਈ ਹੈ, ਸਾਨੂੰ ਇੱਕ ਮੰਚ ‘ਤੇ ਇਕੱਤਰ ਹੋ ਕੇ ਆਪਣਾ ਰਾਜ ਲਿਆਉਣ ਅਤੇ ਸਿੱਖੀ ਦਾ ਝੰਡਾ ਬੁਲੰਦ ਕਰਨ ਦੀ ਵੱਡੀ ਲੋੜ ਹੈ। ਇਸ ਮੌਕੇ ਦਮਦਮੀ ਟਕਸਾਲ ਦੇ 14ਵੇਂ ਮੁੱਖੀ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਸਪੁੱਤਰ ਭਾਈ ਈਸ਼ਰ ਸਿੰਘ, ਸ੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁੱਖੀ ਜਥੇਦਾਰ ਬਾਬਾ ਬਲਬੀਰ ਸਿੰਘ 96 ਕਰੋੜੀ, ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਭਾਈ ਤਰਸੇਮ ਸਿੰਘ, ਭਾਈ ਜਗਤਾਰ ਸਿੰਘ ਰੋਡੇ ਮੈਂਬਰ ਸ੍ਰੋਮਣੀ ਕਮੇਟੀ, ਸੰਤ ਬਾਬਾ ਚਰਨਜੀਤ ਸਿੰਘ ਮੈਂਬਰ ਸ੍ਰੋਮਣੀ ਕਮੇਟੀ, ਜਥੇਦਾਰ ਦਲੀਪ ਸਿੰਘ ਚਕਰ, ਬਾਬਾ ਜਤਿੰਦਰ ਸਿੰਘ ਗੋਬਿੰਦ ਬਾਗ ਵਾਲੇ, ਬਾਬਾ ਸੱਜਣ ਸਿੰਘ ਵਾੜਾ ਸ਼ੇਰ ਸਿੰਘ, ਸ. ਰਜਿੰਦਰ ਸਿੰਘ ਰਾਜਾ ਗੁਰਦਾਸਪੁਰ, ਜਥੇਦਾਰ ਗੁਰਭੇਜ ਸਿੰਘ ਭੈਣੀ ਮੱਸਾ ਸਿੰਘ ਤਰਨਤਾਰਨ, ਬਾਬਾ ਦਿਆ ਸਿੰਘ, ਬਾਬਾ ਸਵਰਨਜੀਤ ਸਿੰਘ ਤਰਨਾ ਦਲ ਮਿਸਲ ਸ਼ਹੀਦਾਂ ਦੁਆਬਾ, ਜਥੇਦਾਰ ਹਰਕ੍ਰਿਸ਼ਨ ਸਿੰਘ ਕੋਠੇ ਜੀਵਾ, ਭਾਈ ਕੁਲਦੀਪ ਸਿੰਘ ਡੱਲਾ, ਬਾਬਾ ਸੁਰਿੰਦਰਪਾਲ ਸਿੰਘ ਹਵਾਸ, ਭਾਈ ਮਨਪ੍ਰੀਤ ਸਿੰਘ ਸੋਹੀ, ਕਵੀਸ਼ਰ ਸੰਦੀਪ ਸਿੰਘ ਚੰਦਨ ਸਮੇਤ ਇੰਟਰਨੈਸ਼ਨਲ ਪੰਥਕ ਦਲ ਦੇ ਸਮੂਹ ਅਹੁਦੇਦਾਰ ਅਤੇ ਮੈਂਬਰ ਤੇ ਹੋਰ ਬਹੁਤ ਸਾਰੀਆਂ ਸਖਸ਼ੀਅਤਾਂ ਹਾਜਰ ਸਨ।
ਘੱਲੂਘਾਰਾ ਦਿਵਸ ‘ਤੇ ਸਮੂਹ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਸ਼ਹੀਦੀ ਯਾਦਗਾਰ ਕੋਲ, ਕੋਲਡ ਡਰਿੰਕ ਦੀ ਲਾਈ ਛਬੀਲ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਜਸਵੀਰ ਸਿੰਘ ਰੋਡੇ ਅਤੇ ਹੋਰ ਸ਼ਖਸੀਅਤਾਂ।
