Balendra Shah, a leader from Nepal, arrived in Delhi and met with External Affairs Minister S. Jaishankar
ਨੇਪਾਲ ਦੇ ਪ੍ਰਧਾਨ ਮੰਤਰੀ ਬਾਲੇਂਦਰ ਸ਼ਾਹ ਪਹੁੰਚੇ ਦਿੱਲੀ, ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਕੀਤੀ ਮੁਲਾਕਾਤ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)-ਮਾਰਚ ’ਚ ਅਹੁਦਾ ਸੰਭਾਲਣ ਤੋਂ ਬਾਅਦ ਨੇਪਾਲ ਦੇ ਪ੍ਰਧਾਨ ਮੰਤਰੀ ਬਾਲੇਂਦਰ ਸ਼ਾਹ ਆਪਣੇ ਪਹਿਲੇ ਸਰਕਾਰੀ ਦੌਰੇ ’ਤੇ ਐਤਵਾਰ ਨਵੀਂ ਦਿੱਲੀ ਪਹੁੰਚੇ। ਸੋਮਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬਾਲੇਂਦਰ ਸ਼ਾਹ ਦਰਮਿਆਨ ਹੋਣ ਵਾਲੀ ਬੈਠਕ ’ਚ ਊਰਜਾ, ਪਣ-ਬਿਜਲੀ, ਰੇਲਵੇ, ਸੰਪਰਕ ਤੇ ਬੁਨਿਆਦੀ ਢਾਂਚੇ ਦੇ ਖੇਤਰਾਂ ’ਚ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨ ’ਤੇ ਵਿਚਾਰ ਹੋਣ ਦੀ ਸੰਭਾਵਨਾ ਹੈ। ਸੂਤਰਾਂ ਅਨੁਸਾਰ ਦੋਵਾਂ ਆਗੂਆਂ ਦਰਮਿਆਨ ਇਹ ਮੁਲਾਕਾਤ ਆਉਣ ਵਾਲੇ ਸਾਲਾਂ ’ਚ ਦੁਵੱਲੇ ਸਬੰਧਾਂ ਨੂੰ ਨਵੀਆਂ ਉਚਾਈਆਂ ’ਤੇ ਲਿਜਾਣ ਲਈ ਸਿਆਸੀ ਦਿਸ਼ਾ ਨਿਰਧਾਰਤ ਕਰਨ ’ਚ ਲਾਹੇਵੰਦ ਸਾਬਤ ਹੋ ਸਕਦੀ ਹੈ। ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਨਵੀਂ ਦਿੱਲੀ ’ਚ ਬਾਲੇਂਦਰ ਸ਼ਾਹ ਨਾਲ ਮੁਲਾਕਾਤ ਕੀਤੀ, ਜਿਸ ਦੌਰਾਨ ਹਿਮਾਲਿਆਈ ਰਾਸ਼ਟਰ ਨਾਲ ਆਪਣੀ ਵਿਸ਼ੇਸ਼ ਦੋਸਤੀ ਪ੍ਰਤੀ ਭਾਰਤ ਦੀ ਵਚਨਬੱਧਤਾ ਨੂੰ ਦੁਹਰਾਇਆ ਗਿਆ। ਉੱਚ-ਪੱਧਰੀ ਮੀਟਿੰਗ ਦੋਵਾਂ ਦੇਸ਼ਾਂ ਲਈ ਵੱਖ-ਵੱਖ ਖੇਤਰਾਂ ’ਚ ਸਹਿਯੋਗ ਵਧਾਉਣ ’ਤੇ ਕੇਂਦ੍ਰਿਤ ਸੀ। ਦੋਵਾਂ ਆਗੂਆਂ ਵਿਚਾਲੇ ਹੋਈ ਚਰਚਾ ’ਚ ਦੁਵੱਲੇ ਸਬੰਧਾਂ ਦੇ ਵਿਆਪਕ ਪੱਖਾਂ ਨੂੰ ਸ਼ਾਮਲ ਕੀਤਾ ਗਿਆ, ਜਿਸ ’ਚ ਅਾਪਸੀ ਸੰਪਰਕ ਨੂੰ ਮਜ਼ਬੂਤ ਕਰਨਾ, ਵਪਾਰ, ਆਵਾਜਾਈ, ਊਰਜਾ ਸਹਿਯੋਗ ਤੇ ਸੱਭਿਆਚਾਰਕ ਆਦਾਨ-ਪ੍ਰਦਾਨ ਪ੍ਰਮੁਖ ਹਨ। ਦੋਵਾਂ ਧਿਰਾਂ ਨੇ ਆਪਣੇ ਦੁਵੱਲੇ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ’ਚ ਡੂੰਘੀ ਦਿਲਚਸਪੀ ਵਿਖਾਈ।

