“SAD (Punar-Surjit) Forms 8-Member Coordination Committee for Panthic Unity”
ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਵੱਲੋਂ ਪੰਥਕ ਏਕਤਾ ਲਈ ਅੱਠ ਮੈਂਬਰੀ ਤਾਲਮੇਲ ਕਮੇਟੀ ਦਾ ਗਠਨ

ਚੰਡੀਗੜ੍ਹ, 20 ਜੂਨ 2026 – ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਲਿਖਤੀ ਪ੍ਰੈੱਸ ਬਿਆਨ ਜਾਰੀ ਕਰਦਿਆਂ ਪੰਥਕ ਏਕਤਾ ਨੂੰ ਮਜ਼ਬੂਤ ਕਰਨ ਅਤੇ ਹੋਰਨਾਂ ਰਾਜਸੀ ਪਾਰਟੀਆਂ ਨਾਲ ਸਾਂਝੇ ਮੰਚ ਦੀ ਉਸਾਰੀ ਲਈ 8 ਮੈਂਬਰੀ ਤਾਲਮੇਲ ਕਮੇਟੀ ਦੇ ਗਠਨ ਦਾ ਐਲਾਨ ਕੀਤਾ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਦੋ ਦਸੰਬਰ ਦੇ ਹੁਕਮਨਾਮਿਆਂ ਦੀ ਰੌਸ਼ਨੀ ਵਿੱਚ ਪੰਜ ਸਿੰਘ ਸਾਹਿਬਾਨ ਵੱਲੋਂ ਪੰਥਕ ਧਿਰਾਂ ਨੂੰ ਇੱਕ ਨਿਸ਼ਾਨ ਸਾਹਿਬ ਹੇਠ ਇਕੱਠਾ ਕਰਨ ਦੇ ਸੱਦੇ ਤਹਿਤ ਹਾਲ ਹੀ ਵਿੱਚ ਜਲੰਧਰ ਵਿਖੇ ਚਾਰ ਜਥੇਬੰਦੀਆਂ ਨੇ ਏਕਤਾ ਦਾ ਐਲਾਨ ਕੀਤਾ ਸੀ। ਇਨ੍ਹਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ, ਭਾਈ ਜਸਬੀਰ ਸਿੰਘ ਰੋਡੇ ਦੀ ਅਗਵਾਈ ਵਾਲਾ ਇੰਟਰਨੈਸ਼ਨਲ ਪੰਥਕ ਦਲ, ਸ. ਗੁਰਦੀਪ ਸਿੰਘ ਬਠਿੰਡਾ ਦੀ ਅਗਵਾਈ ਵਾਲਾ ਯੂਨਾਈਟਡ ਅਕਾਲੀ ਦਲ ਅਤੇ ਸ. ਗੁਰਿੰਦਰ ਸਿੰਘ ਬਾਜਵਾ ਦੀ ਬੇਗਮਪੁਰਾ ਖਾਲਸਾ ਰਾਜ ਪਾਰਟੀ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਹੋਰਨਾਂ ਪੰਥਕ, ਸਮਾਜਿਕ ਅਤੇ ਰਾਜਨੀਤਿਕ ਧਿਰਾਂ ਨਾਲ ਗੱਲਬਾਤ ਅੱਗੇ ਵਧਾਉਣ ਲਈ ਬਣਾਈ ਗਈ 8 ਮੈਂਬਰੀ ਕਮੇਟੀ ਵਿੱਚ ਸ. ਗੁਰਪ੍ਰਤਾਪ ਸਿੰਘ ਵਡਾਲਾ, ਸ. ਸੁੱਚਾ ਸਿੰਘ ਛੋਟੇਪੁਰ, ਸ. ਬੂਟਾ ਸਿੰਘ ਰਣਸੀਂਹ, ਸ. ਗੁਰਿੰਦਰ ਸਿੰਘ ਬਾਜਵਾ, ਸ. ਜਤਿੰਦਰ ਸਿੰਘ ਈਸੜੂ, ਸੰਤ ਚਰਨਜੀਤ ਸਿੰਘ ਜੱਸੋਵਾਲ, ਭਾਈ ਮੋਹਕਮ ਸਿੰਘ ਅਤੇ ਸ. ਪਰਮਪਾਲ ਸਿੰਘ ਸਭਰਾ ਨੂੰ ਸ਼ਾਮਲ ਕੀਤਾ ਗਿਆ ਹੈ।
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਹ ਕਮੇਟੀ ਜਲਦ ਹੀ ਕਿਸਾਨ ਯੂਨੀਅਨਾਂ, ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਪੰਥਕ ਜਥੇਬੰਦੀਆਂ ਨਾਲ ਸੰਪਰਕ ਕਰਕੇ ਸਾਂਝੇ ਪੰਜਾਬ ਏਜੰਡੇ ਤਹਿਤ ਇੱਕ ਸਾਂਝਾ ਪਲੇਟਫਾਰਮ ਤਿਆਰ ਕਰਨ ਲਈ ਵਿਚਾਰ-ਵਟਾਂਦਰਾ ਕਰੇਗੀ।
ਇਸ ਮੌਕੇ ਉਨ੍ਹਾਂ ਕੁਝ ਨਵੇਂ ਆਬਜ਼ਰਵਰਾਂ ਦੀ ਨਿਯੁਕਤੀ ਦਾ ਵੀ ਐਲਾਨ ਕੀਤਾ। ਸਾਬਕਾ ਐਸਜੀਪੀਸੀ ਪ੍ਰਧਾਨ ਸ. ਗੋਬਿੰਦ ਸਿੰਘ ਲੌਂਗੋਵਾਲ ਅਤੇ ਸ. ਹਰਵਿੰਦਰ ਸਿੰਘ ਗਗੜਪੁਰ ਨੂੰ ਬਰਨਾਲਾ-ਮਾਨਸਾ ਜ਼ਿਲ੍ਹੇ ਲਈ, ਸ. ਹਰਦੇਵ ਸਿੰਘ ਹਾਮਿਦ ਨੂੰ ਮੁਕਤਸਰ-ਫਾਜ਼ਿਲਕਾ ਲਈ ਅਤੇ ਸ. ਗੁਰਭੇਜ ਸਿੰਘ ਸਿੱਧੂ ਤੇ ਜਥੇਦਾਰ ਚਰਨ ਸਿੰਘ ਨੂੰ ਫਿਰੋਜ਼ਪੁਰ-ਫਰੀਦਕੋਟ ਲਈ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ।
ਪਾਰਟੀ ਅਨੁਸਾਰ ਇਹ ਉਪਰਾਲਾ ਪੰਥਕ ਏਕਤਾ ਨੂੰ ਮਜ਼ਬੂਤ ਕਰਨ ਅਤੇ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਸਾਂਝੀ ਰਣਨੀਤੀ ਤਿਆਰ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ।
