“SGPC’s Active Role on Akal Takht Hukamnamas a Positive Sign, Says Ravi Inder Singh”
ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਲੈ ਕੇ ਐਸ.ਜੀ.ਪੀ.ਸੀ ਦਾ ਸਰਗਰਮ ਹੋਣਾ ਚੰਗਾ ਸ਼ਗਨ- ਸ ਰਵੀਇੰਦਰ ਸਿੰਘ

ਚੰਡੀਗੜ੍ਹ, 21 ਜੂਨ 2026 – ਸ਼੍ਰੋਮਣੀ ਅਕਾਲੀ ਦਲ (ਪੁਨਰ-ਸੁਰਜੀਤ) ਦੇ ਸਰਪ੍ਰਸਤ ਅਤੇ ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਸ. ਰਵੀਇੰਦਰ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ 15 ਜੂਨ 2026 ਦੇ ਹੁਕਮਨਾਮੇ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੀ ਵਧੀ ਹੋਈ ਸਰਗਰਮੀ ਨੂੰ ਇੱਕ ਚੰਗਾ ਸ਼ਗਨ ਕਰਾਰ ਦਿੱਤਾ ਹੈ।
ਇੱਕ ਲਿਖਤੀ ਪ੍ਰੈੱਸ ਬਿਆਨ ਵਿੱਚ ਉਨ੍ਹਾਂ ਕਿਹਾ ਕਿ SGPC ਦੀ ਐਗਜ਼ੈਕਟਿਵ ਕਮੇਟੀ ਦੇ ਹਾਲੀਆ ਫੈਸਲੇ ਤੋਂ ਇਹ ਉਮੀਦ ਜਗੀ ਹੈ ਕਿ 27 ਜੂਨ ਨੂੰ ਸੱਦੇ ਗਏ ਜਨਰਲ ਹਾਊਸ ਵਿੱਚ 1999 ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਕੀਤੇ ਗਏ ਉਹ ਸਾਰੇ ਹੁਕਮਨਾਮੇ ਅਤੇ ਆਦੇਸ਼, ਜੋ ਅਜੇ ਤੱਕ ਲਾਗੂ ਨਹੀਂ ਹੋਏ, ਉਨ੍ਹਾਂ ਨੂੰ ਅਮਲੀ ਜਾਮਾ ਪਹਿਨਾਇਆ ਜਾਵੇਗਾ।
ਸ. ਰਵੀਇੰਦਰ ਸਿੰਘ ਨੇ ਕਿਹਾ ਕਿ ਇਸ ਪ੍ਰਕਿਰਿਆ ਦੀ ਸ਼ੁਰੂਆਤ ਕਰਦਿਆਂ SGPC ਪ੍ਰਧਾਨ ਸ. ਹਰਜਿੰਦਰ ਸਿੰਘ ਧਾਮੀ ਨੂੰ ਦੋ ਦਸੰਬਰ 2024 ਦੇ ਹੁਕਮਨਾਮਿਆਂ ਦੀ ਪਾਲਣਾ ਨਾ ਕਰਨ ਸਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਮਾਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਭਰਤੀ ਕਮੇਟੀ ਦੀ ਜ਼ਿੰਮੇਵਾਰੀ ਸੌਂਪੇ ਜਾਣ ਦੇ ਬਾਵਜੂਦ ਉਸ ਕਾਰਜ ਤੋਂ ਪਿੱਛੇ ਹਟਣ ਅਤੇ ਉਸ ਸਮੇਂ ਦੇ ਜਥੇਦਾਰ ਸਾਹਿਬਾਨ ਨਾਲ ਹੋਏ ਵਤੀਰੇ ਬਾਰੇ ਵੀ ਸਪੱਸ਼ਟੀਕਰਨ ਹੋਣਾ ਚਾਹੀਦਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਜਾਰੀ ਹੋਏ ਹੋਰ ਮਹੱਤਵਪੂਰਨ ਹੁਕਮਨਾਮਿਆਂ, ਜਿਵੇਂ ਜਥੇਦਾਰਾਂ ਦੀ ਨਿਯੁਕਤੀ ਅਤੇ ਸੇਵਾ ਮੁਕਤੀ ਸਬੰਧੀ ਨਿਯਮ, ਪੰਥਕ ਏਕਤਾ, ਅਤੇ ਹੋਰ ਅਹਿਮ ਮਸਲਿਆਂ ‘ਤੇ ਵੀ ਜਨਰਲ ਹਾਊਸ ਵਿੱਚ ਚਰਚਾ ਹੋਣੀ ਚਾਹੀਦੀ ਹੈ।
ਸ. ਰਵੀਇੰਦਰ ਸਿੰਘ ਨੇ ਕਿਹਾ ਕਿ SGPC ਸ੍ਰੀ ਅਕਾਲ ਤਖ਼ਤ ਸਾਹਿਬ ਦੀ ਵਰਕਿੰਗ ਫੋਰਸ ਵਜੋਂ ਕੰਮ ਕਰਦੀ ਹੈ ਅਤੇ ਜੇਕਰ ਉਹ ਸੱਚਮੁੱਚ ਮਰਯਾਦਾ ਅਤੇ ਹੁਕਮਨਾਮਿਆਂ ਦੀ ਰੱਖਿਆ ਲਈ ਸਰਗਰਮ ਹੋਈ ਹੈ ਤਾਂ ਉਸ ਨੂੰ ਸਾਰੇ ਪੁਰਾਣੇ ਅਤੇ ਮੌਜੂਦਾ ਹੁਕਮਨਾਮਿਆਂ ਨੂੰ ਪੂਰੀ ਤਰ੍ਹਾਂ ਲਾਗੂ ਕਰਵਾਉਣ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ।
ਉਨ੍ਹਾਂ ਕਿਹਾ ਕਿ ਪੰਥਕ ਸੰਸਥਾਵਾਂ ਦੀ ਭਰੋਸੇਯੋਗਤਾ ਅਤੇ ਸਿੱਖ ਸੰਗਤਾਂ ਦਾ ਵਿਸ਼ਵਾਸ ਬਣਾਈ ਰੱਖਣ ਲਈ ਹੁਕਮਨਾਮਿਆਂ ਦੀ ਪਾਲਣਾ ਯਕੀਨੀ ਬਣਾਉਣਾ ਬਹੁਤ ਜ਼ਰੂਰੀ ਹੈ।
