There was a commotion on the first day of school opening, 7 major schools in Chandigarh received bomb threats
ਸਕੂਲ ਖੁੱਲ੍ਹਣ ਦੇ ਪਹਿਲੇ ਹੀ ਦਿਨ ਮਚਿਆ ਹੜਕੰਪ, ਚੰਡੀਗੜ੍ਹ ਦੇ 7 ਪ੍ਰਮੁੱਖ ਸਕੂਲਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
ਚੰਡੀਗੜ੍ਹ (ਆਵਾਜ਼ਿ ਕੌਮ ਬਿਊਰੋ)-ਚੰਡੀਗੜ੍ਹ ‘ਚ ਗਰਮੀ ਦੀਆਂ ਛੁੱਟੀਆਂ ਮਗਰੋਂ ਸਕੂਲ ਖੁੱਲ੍ਹਣ ਦੇ ਪਹਿਲੇ ਦਿਨ ਹੀ ਉਸ ਵੇਲੇ ਹੜਕੰਪ ਮਚ ਗਿਆ, ਜਦੋਂ ਸ਼ਹਿਰ ਦੇ 7 ਪ੍ਰਮੁੱਖ ਸਕੂਲਾਂ ਨੂੰ ਈ-ਮੇਲ ਰਾਹੀਂ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਇਸ ਧਮਕੀ ਤੋਂ ਬਾਅਦ ਚੰਡੀਗੜ੍ਹ ਪੁਲਸ, ਬੰਬ ਸਕੁਐਡ, ਡੌਗ ਸਕੁਐਡ ਅਤੇ ਹੋਰ ਸੁਰੱਖਿਆ ਏਜੰਸੀਆਂ ਨੇ ਸਾਰੇ ਸਕੂਲਾਂ ‘ਚ ਪੂਰੀ ਤਰ੍ਹਾਂ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ। ਸਾਵਧਾਨੀ ਵਜੋਂ ਸਕੂਲ ਕੈਂਪਸਾਂ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਪੁਲਸ ਕੰਟਰੋਲ ਰੂਮ ਦੇ ਅਨੁਸਾਰ ਸੈਕਟਰ-31 ਦੇ ਏਅਰ ਫੋਰਸ ਸਕੂਲ ਨੂੰ ਸਭ ਤੋਂ ਪਹਿਲਾਂ ਧਮਕੀ ਭਰੀ ਈ-ਮੇਲ ਮਿਲੀ। ਇਸ ਤੋਂ ਬਾਅਦ ਕੰਟਰੋਲ ਰੂਮ ਨੂੰ ਸੂਚਨਾ ਮਿਲੀ ਕਿ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਸੈਕਟਰ 37ਬੀ, ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਸੈਕਟਰ 37ਡੀ, ਵਿਵੇਕ ਹਾਈ ਸਕੂਲ, ਸੈਕਟਰ 38, ਸੈਕਰਡ ਹਾਰਟ ਸਕੂਲ, ਸੈਕਟਰ 26, ਸਟ੍ਰਾਬੇਰੀ ਫੀਲਡਜ਼ ਹਾਈ ਸਕੂਲ, ਸੈਕਟਰ 26, ਡੀ. ਪੀ. ਐੱਸ., ਸੈਕਟਰ 40, ਅਤੇ ਕਾਰਮੇਲ ਕਾਨਵੈਂਟ ਸਕੂਲ, ਸੈਕਟਰ 9 ਨੂੰ ਵੀ ਇਸੇ ਤਰ੍ਹਾਂ ਦੀਆਂ ਧਮਕੀਆਂ ਮਿਲੀਆਂ ਹਨ। ਧਮਕੀਆਂ ਮਿਲਣ ‘ਤੇ ਪੁਲਸ ਟੀਮਾਂ ਸਾਰੇ ਸਕੂਲਾਂ ‘ਚ ਪਹੁੰਚੀਆਂ ਅਤੇ ਪੂਰੇ ਕੈਂਪਸ ਦੀ ਪੂਰੀ ਤਰ੍ਹਾਂ ਤਲਾਸ਼ੀ ਸ਼ੁਰੂ ਕਰ ਦਿੱਤੀ। ਬੰਬ ਸਕੁਐਡ ਅਤੇ ਡੌਗ ਸਕੁਐਡ ਵਲੋਂ ਹਰੇਕ ਸਕੂਲ ਦੀ ਇਮਾਰਤ, ਕਲਾਸਰੂਮ, ਪਾਰਕਿੰਗ ਸਥਾਨਾਂ ਅਤੇ ਹੋਰ ਸੰਵੇਦਨਸ਼ੀਲ ਖੇਤਰਾਂ ਦੀ ਤਲਾਸ਼ੀ ਲਈ ਜਾ ਰਹੀ ਹੈ। ਮੁੱਢਲੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਇਹ ਮਾਮਲਾ ਈ-ਮੇਲ ਰਾਹੀਂ ਭੇਜੀ ਗਈ ਧਮਕੀ ਹੈ। ਸਾਈਬਰ ਸੈੱਲ ਈ-ਮੇਲ ਦੇ ਸਰੋਤ, ਇਸਦੇ ਆਈ. ਪੀ. ਪਤੇ ਅਤੇ ਭੇਜਣ ਵਾਲੇ ਦੀ ਪਛਾਣ ਕਰਨ ਲਈ ਕੰਮ ਕਰ ਰਿਹਾ ਹੈ। ਇਸ ਸਮੇਂ ਕਿਸੇ ਵੀ ਸਕੂਲ ‘ਚ ਕਿਸੇ ਵੀ ਸ਼ੱਕੀ ਵਸਤੂ ਦੇ ਮਿਲਣ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਇਸ ਤੋਂ ਇਲਾਵਾ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਵੀ ਉਕਤ ਮੇਲ ਜ਼ਰੀਏ ਧਮਕੀ ਦਿੱਤੀ ਗਈ ਹੈ। ਫਿਲਹਾਲ ਪੁਲਸ ਵਲੋਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

