Punjab-Haryana High Court lawyer’s house robbed! Cash and gold and silver worth lakhs missing
ਪੰਜਾਬ-ਹਰਿਆਣਾ ਹਾਈ ਕੋਰਟ ਦੇ ਵਕੀਲ ਦੇ ਘਰ ਪੈ ਗਿਆ ਡਾਕਾ ! ਲੱਖਾਂ ਦੀ ਨਕਦੀ ਤੇ ਸੋਨਾ-ਚਾਂਦੀ ਗ਼ਾਇਬ
ਪੰਚਕੂਲਾ (ਆਵਾਜ਼ਿ ਕੌਮ ਬਿਊਰੋ)-ਹਰਿਆਣਾ ਦੇ ਪੰਚਕੂਲਾ ਦੇ ਸੈਕਟਰ-27 ਸਥਿਤ ਇਕ ਮਕਾਨ ‘ਚ ਦਿਨਦਿਹਾੜੇ ਚੋਰੀ ਦੀ ਵਾਰਦਾਤ ਸਾਹਮਣੇ ਆਈ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਐਡਵੋਕੇਟ ਨਿਤੀਸ਼ ਹਾਂਡਾ ਦੇ ਘਰੋਂ ਨਕਦੀ ਅਤੇ ਸੋਨੇ-ਚਾਂਦੀ ਦੇ ਗਹਿਣੇ ਚੋਰੀ ਹੋ ਗਏ। ਸ਼ਿਕਾਇਤ ਦੇ ਆਧਾਰ ‘ਤੇ ਚੰਡੀ ਮੰਦਰ ਥਾਣਾ ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਨਿਤੀਸ਼ ਹਾਂਡਾ ਨੇ ਦੱਸਿਆ ਕਿ ਉਹ ਸ਼ਨੀਵਾਰ ਸਵੇਰੇ ਕਰੀਬ 8.30 ਵਜੇ ਕੋਰਟ ਲਈ ਘਰੋਂ ਨਿਕਲੇ ਸਨ। ਦੁਪਹਿਰ ਕਰੀਬ 1 ਵਜੇ ਵਾਪਸ ਆਉਣ ‘ਤੇ ਮੇਟ ਗੇਟ ਦਾ ਤਾਲਾ ਟੁੱਟਿਆ ਮਿਲਿਆ। ਘਰ ਦੇ ਅੰਦਰ ਸਾਰੇ ਕਮਰਿਆਂ ਦਾ ਸਾਮਾਨ ਬਿਖਰਿਆ ਹੋਇਆ ਸੀ ਅਤੇ ਅਲਮਾਰੀਆਂ ਦੇ ਲਾਕਰ ਖੁੱਲ੍ਹੇ ਪਏ ਸਨ। ਚੋਰ ਨਕਦੀ ਅਤੇ ਕੀਮਤੀ ਗਹਿਣੇ ਲੈ ਕੇ ਫਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਘਰ ਦਾ ਦੂਜਾ ਪ੍ਰਵੇਸ਼ ਦੁਆਰ ਅੰਦਰੋਂ ਅਲਮਾਰੀ ਲਗਾ ਕੇ ਬੰਦ ਕੀਤਾ ਗਇਆ ਸੀ, ਜਿਸ ਤੋਂ ਖ਼ਦਸ਼ਾ ਹੈ ਕਿ ਦੋਸ਼ੀ ਨੂੰ ਘਰ ਦੀ ਬਨਾਵਟ ਅਤੇ ਅੰਦਰੂਨੀ ਵਿਵਸਥਾ ਦੀ ਪਹਿਲਾਂ ਤੋਂ ਜਾਣਕਾਰੀ ਸੀ। ਸ਼ਿਕਾਇਤ ਅਨੁਸਾਰ, ਚੋਰ ਕਰੀਬ 1.40 ਲੱਖ ਰੁਪਏ ਨਕਦ, ਭਗਵਾਨ ਗਣੇਸ਼ ਦਾ ਸੋਨੇ ਦਾ ਲਾਕੇਟ, ਤਿੰਨ ਚਾਂਦੀ ਦੇ ਸਿੱਕੇ, ਕਰੀਬ 2 ਤੋਲੇ ਦੀ ਸੋਨੇ ਦੀ ਚੈਨ ਅਤੇ ਹੋਰ ਸੋਨੇ ਦੇ ਗਹਿਣੇ ਚੋਰੀ ਕਰ ਕੇ ਲੈ ਗਿਆ। ਚੋਰੀ ਕੀਤੀ ਗਈ ਜਾਇਦਾਦ ਦੀ ਕੁੱਲ ਕੀਮਤ 5 ਲੱਖ ਰੁਪਏ ਤੋਂ ਵੱਧ ਦੱਸੀ ਗਈ ਹੈ। ਪੀੜਤ ਨੇ ਆਪਣੀ ਸਾਬਕਾ ਘਰੇਲੂ ਨੌਕਰਾਣੀ ਅਤੇ ਉਸ ਦੇ ਪਰਿਵਾਰ ‘ਤੇ ਸ਼ੱਕ ਜਤਾਇਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਨੌਕਰਾਣੀ ਹਾਲ ਹੀ ‘ਚ ਕੰਮ ਛੱਡ ਗਈ ਸੀ ਅਤੇ ਪਿਛਲੇ ਕੁਝ ਸਮੇਂ ਤੋਂ ਆਪਣੇ ਪਤੀ ਅਤੇ ਬੱਚਿਆਂ ਨੂੰ ਵੀ ਘਰ ਲੈ ਕੇ ਆਉਂਦੀ ਸੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

