A bloody incident took place over a child’s name! 2 youths brutally murdered
ਬੱਚੇ ਦਾ ਨਾਂ ਰੱਖਣ ਪਿੱਛੇ ਪੈ ਗਿਆ ਖ਼ੂਨੀ ਖ਼ਿਲਾਰਾ ! 2 ਨੌਜਵਾਨਾਂ ਦਾ ਬੇਰਹਿਮੀ ਨਾਲ ਕਤਲ
ਪੰਚਕੂਲਾ (ਆਵਾਜ਼ਿ ਕੌਮ ਬਿਊਰੋ)-ਹਰਿਆਣਾ ਦੇ ਪੰਚਕੂਲਾ ਦੇ ਸੈਕਟਰ-19 ’ਚ ਸ਼ੁੱਕਰਵਾਰ ਦੇਰ ਰਾਤ ਨਵਜੰਮੇ ਬੱਚੇ ਦੇ ਨਾਮਕਰਨ ਸਮਾਗਮ ਦੌਰਾਨ ਸ਼ੁਰੂ ਹੋਇਆ ਵਿਵਾਦ ਕੁਝ ਹੀ ਸਮੇਂ ’ਚ ਖ਼ੂਨੀ ਝੜਪ ’ਚ ਬਦਲ ਗਿਆ। ਪਹਿਲਾਂ ਇਕ ਨੌਜਵਾਨ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਗੁੱਸੇ ’ਚ ਆਏ ਨੌਜਵਾਨਾਂ ਨੇ ਦੂਜੇ ਧਿਰ ਦੇ ਇਕ ਹੋਰ ਨੌਜਵਾਨ ਨੂੰ ਘੇਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਸੰਜੀਤ ਦੇ ਪਿਤਾ ਵਿਜੈਪਾਲ ਦੀ ਸ਼ਿਕਾਇਤ ਅਨੁਸਾਰ 3 ਜੁਲਾਈ ਦੀ ਰਾਤ ਉਨ੍ਹਾਂ ਦੇ ਪੋਤੇ ਦਾ ਨਾਮਕਰਨ ਸਮਾਗਮ ਰੱਖਿਆ ਗਿਆ ਸੀ। ਸ਼ਿਕਾਇਤ ’ਚ ਕਿਹਾ ਗਿਆ ਹੈ ਕਿ ਸੰਜੀਤ ਅਤੇ ਅਰਜੁਨ ਉਰਫ਼ ਚਿੱਟਾ ਵਿਚਕਾਰ ਪਹਿਲਾਂ ਤੋਂ ਹੀ ਰੰਜਿਸ਼ ਚੱਲ ਰਹੀ ਸੀ। ਦੇਰ ਰਾਤ ਅਰਜੁਨ ਸਮਾਗਮ ’ਚ ਪਹੁੰਚਿਆ, ਜਿੱਥੇ ਉਸ ਦੀ ਸੰਜੀਤ ਅਤੇ ਉਸ ਦੇ ਸਾਥੀਆਂ ਨਾਲ ਤਕਰਾਰ ਹੋ ਗਈ। ਮੁੱਢਲੀ ਜਾਂਚ ਅਨੁਸਾਰ ਅਰਜੁਨ ਉੱਥੋਂ ਭੱਜ ਕੇ ਸੀ.ਆਈ.ਡੀ. ਮੋੜ ਨੇੜੇ ਟਰੱਕ ਯੂਨੀਅਨ ਦੀ ਪਾਰਕਿੰਗ ’ਚ ਖੜ੍ਹੇ ਇਕ ਟਰੱਕ ’ਚ ਲੁਕ ਗਿਆ। ਸੰਜੀਤ ਆਪਣੇ ਸਾਥੀਆਂ ਨਾਲ ਉਸ ਦੀ ਭਾਲ ਕਰਦਾ ਹੋਇਆ ਉੱਥੇ ਪਹੁੰਚ ਗਿਆ। ਇਸ ਦੌਰਾਨ ਦੋਵਾਂ ਧਿਰਾਂ ’ਚ ਮੁੜ ਝੜਪ ਹੋ ਗਈ। ਦੋਸ਼ ਹੈ ਕਿ ਅਰਜੁਨ ਨੇ ਤੇਜ਼ਧਾਰ ਹਥਿਆਰ ਨਾਲ ਸੰਜੀਤ ਦੀ ਛਾਤੀ ’ਤੇ ਵਾਰ ਕੀਤਾ, ਜਿਸ ਕਾਰਨ ਉਸ ਦਾ ਕਾਫੀ ਖੂਨ ਵਹਿ ਗਿਆ । ਪੁਲਸ ਅਨੁਸਾਰ ਇਸ ਤੋਂ ਬਾਅਦ ਸੰਜੀਤ ਨਾਲ ਮੌਜੂਦ ਨੌਜਵਾਨਾਂ ਨੇ ਅਰਜੁਨ ਨੂੰ ਕਾਬੂ ਕਰ ਕੇ ਉਸ ’ਤੇ ਹਮਲਾ ਕਰ ਦਿੱਤਾ। ਗੰਭੀਰ ਸੱਟਾਂ ਕਾਰਨ ਅਰਜੁਨ ਦੀ ਵੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਤੋਂ ਬਾਅਦ ਸੰਜੀਤ ਨੂੰ ਸੈਕਟਰ-6 ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਸ ਨੂੰ ਹਸਪਤਾਲ ਲਿਜਾਣ ਵਾਲੇ ਨੌਜਵਾਨਾਂ ਨੇ ਉਸ ਵੇਲੇ ਅਰਜੁਨ ਦੇ ਕਤਲ ਬਾਰੇ ਪੁਲਸ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ। ਬਾਅਦ ’ਚ ਸੰਜੀਤ ਦੀ ਮੌਤ ਦੀ ਸੂਚਨਾ ਮਿਲਣ ’ਤੇ ਪੁਲਸ ਮੌਕੇ ’ਤੇ ਪਹੁੰਚੀ ਤੇ ਸ਼ਨੀਵਾਰ ਸਵੇਰੇ ਸੀ.ਆਈ.ਡੀ. ਮੋੜ ਨੇੜੇ ਰੇਲਵੇ ਲਾਈਨ ਨਾਲ ਲੱਗਦੀ ਟਰੱਕ ਪਾਰਕਿੰਗ ’ਚੋਂ ਅਰਜੁਨ ਦੀ ਲਾਸ਼ ਬਰਾਮਦ ਕੀਤੀ। ਇਸ ਤੋਂ ਬਾਅਦ ਫਾਰੈਂਸਿਕ ਟੀਮ ਨੇ ਵੀ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ।

