Religious book shop set on fire near mosque! 3 accused caught on CCTV
ਮਸਜਿਦ ਨੇੜੇ ਧਾਰਮਿਕ ਕਿਤਾਬਾਂ ਦੀ ਦੁਕਾਨ ਨੂੰ ਲਾਈ ਅੱਗ! CCTV ‘ਚ ਕੈਦ ਹੋਏ 3 ਮੁਲਜ਼ਮ
ਲੁਧਿਆਣਾ (ਆਵਾਜ਼ਿ ਕੌਮ ਬਿਊਰੋ)-ਲੁਧਿਆਣਾ ਦੇ ਨਿਊ ਸ਼ਿਵਪੁਰੀ ਇਲਾਕੇ ਵਿਚ ਸਥਿਤ ਮਰਕਜ਼ੀ ਸੁਮਨੀ ਨੂਰੀ ਜਾਮਾ ਮਸਜਿਦ ਦੇ ਕੰਪਲੈਕਸ ਵਿਚ ਬਣੀ ਇਕ ਧਾਰਮਿਕ ਕਿਤਾਬਾਂ ਦੀ ਦੁਕਾਨ ਨੂੰ ਤਿੰਨ ਅਣਪਛਾਤੇ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਵੱਲੋਂ ਅੱਗ ਲਗਾਉਣ ਦੀ ਖ਼ੌਫਨਾਕ ਸਾਜ਼ਿਸ਼ ਸਾਹਮਣੇ ਆਈ ਹੈ। ਇਹ ਘਟਨਾ 4 ਜੁਲਾਈ ਦੀ ਰਾਤ ਨੂੰ ਵਾਪਰੀ। ਅੱਗ ਲੱਗਣ ਕਾਰਨ ਦੁਕਾਨ ਵਿਚ ਪਈਆਂ ਪਵਿੱਤਰ ਮੁਸਲਿਮ ਧਾਰਮਿਕ ਕਿਤਾਬਾਂ, ਇਸਲਾਮਿਕ ਸਾਹਿਤ ਅਤੇ ਮਸਜਿਦ ਦਾ ਹੋਰ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ। ਸ਼ੁਰੂ ਵਿਚ ਇਸ ਨੂੰ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਸੀ, ਪਰ ਸੀ.ਸੀ.ਟੀ.ਵੀ. ਫੁਟੇਜ ਨੇ ਸੱਚਾਈ ਸਾਹਮਣੇ ਲਿਆਂਦੀ। ਫੁਟੇਜ ਵਿਚ ਤਿੰਨ ਨੌਜਵਾਨ ਦੁਕਾਨ ‘ਤੇ ਕੋਈ ਜਲਣਸ਼ੀਲ ਪਦਾਰਥ ਛਿੜਕ ਕੇ ਅੱਗ ਲਗਾਉਂਦੇ ਅਤੇ ਫਿਰ ਮੋਟਰਸਾਈਕਲ ‘ਤੇ ਫਰਾਰ ਹੁੰਦੇ ਸਾਫ਼ ਦਿਖਾਈ ਦੇ ਰਹੇ ਹਨ। ਦੁਕਾਨ ਚਲਾਉਣ ਵਾਲੇ ਮਸਜਿਦ ਦੇ ਸੇਵਾਦਾਰ ਅਬਦੁਲ ਰਜ਼ਾਕ ਨੇ ਦੱਸਿਆ ਕਿ ਇਸ ਘਟਨਾ ਨਾਲ ਜਿੱਥੇ ਉਸ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ, ਉੱਥੇ ਹੀ ਉਸ ਦੀ ਰੋਜ਼ੀ-ਰੋਟੀ ਦਾ ਸਾਧਨ ਵੀ ਖੋਹ ਲਿਆ ਗਿਆ ਹੈ। ਥਾਣਾ ਦਰੇਸੀ ਪੁਲਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਅਤੇ ਅੱਗਜ਼ਨੀ ਦੀਆਂ ਸੰਗੀਨ ਧਾਰਾਵਾਂ ਤਹਿਤ ਐੱਫ.ਆਈ.ਆਰ. ਦਰਜ ਕਰ ਲਈ ਹੈ। ਇਲਾਕੇ ਵਿਚ ਤਣਾਅਪੂਰਨ ਮਾਹੌਲ ਨੂੰ ਦੇਖਦੇ ਹੋਏ ਭਾਰੀ ਪੁਲਿਸ ਬਲ ਅਤੇ ਕਮਾਂਡੋ ਤਾਇਨਾਤ ਕੀਤੇ ਗਏ ਹਨ। ਪੁਲਸ ਅਧਿਕਾਰੀਆਂ ਅਨੁਸਾਰ ਸੀ.ਸੀ.ਟੀ.ਵੀ. ਫੁਟੇਜ ਦੀ ਮਦਦ ਨਾਲ ਮੁਲਜ਼ਮਾਂ ਦੇ ਹੁਲੀਏ ਅਤੇ ਮੋਟਰਸਾਈਕਲ ਦੇ ਨੰਬਰ ਦੀ ਜਾਂਚ ਕੀਤੀ ਜਾ ਰਹੀ ਹੈ।

