Delhi Gurdwara Committee condemns ban on film ‘Sutlej’
ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਫਿਲਮ ’ਸਤਲੁਜ’ ’ਤੇ ਪਾਬੰਦੀ ਲਾਉਣ ਦੀ ਨਿਖੇਧੀ
ਅੰਮ੍ਰਿਤਸਰ(ਆਵਾਜ਼ਿ ਕੌਮ ਬਿਊਰੋ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਜਾਬ ਦੇ ਮਨੁੱਖੀ ਅਧਿਕਾਰ ਕਾਰਕੁੰਨ ਜਸਵੰਤ ਸਿੰਘ ਖਾਲੜਾ ਦੇ ਜੀਵਨ ’ਤੇ ਆਧਾਰਿਤ ਬਣੀ ਫਿਲਮ ’ਸਤਲੁਜ’ ’ਤੇ ਰਿਲੀਜ਼ ਦੇ ਦੋ ਦਿਨਾਂ ਬਾਅਦ ਹੀ ਪਾਬੰਦੀ ਲਾਉਣ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਇਤਿਹਾਸਕ ਤੱਥ ਤੇ ਸੱਚਾਈ ਲੋਕਾਂ ਸਾਹਮਣੇ ਲਿਆਉਣੀ ਬਹੁਤ ਜ਼ਰੂਰੀ ਹੈ। ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਜਦੋਂ ਫਿਲਮ ਜਿਸਦਾ ਪਹਿਲਾਂ ਨਾਮ ‘ਪੰਜਾਬ 95’ ਸੀ ਤੇ ਬਾਅਦ ਵਿਚ ਨਾਮ ਬਦਲ ਕੇ ’ਸਤਲੁਜ’ ਰੱਖ ਕੇ ਓ. ਟੀ. ਟੀ. ਪਲੈਟਫਾਰਮ ’ਤੇ ਰਿਲੀਜ਼ ਕੀਤੀ ਗਈ ਤਾਂ ਸੰਗਤ ਵਿਚ ਬਹੁਤ ਸੰਤੁਸ਼ਟੀ ਸੀ ਕਿ ਸੱਚਾਈ ਵਾਲੀ ਫਿਲਮ ਰਿਲੀਜ਼ ਹੋਈ ਹੈ। ਉਨ੍ਹਾਂ ਕਿਹਾ ਕਿ ਰਿਲੀਜ਼ ਦੇ ਸਿਰਫ ਦੋ ਦਿਨਾਂ ਦੇ ਅੰਦਰ-ਅੰਦਰ ਹੀ ਫਿਲਮ ’ਤੇ ਪਾਬੰਦੀ ਲਾਉਣ ਦਾ ਫੈਸਲਾ ਵੇਖ ਕੇ ਹਰ ਇਨਸਾਫ ਪਸੰਦ ਮਨੁੱਖ ਹੈਰਾਨ ਤੇ ਪ੍ਰੇਸ਼ਾਨ ਹੈ। ਉਨ੍ਹਾਂ ਕਿਹਾ ਕਿ ਇਹ ਫਿਲਮ ਮਨੋਰੰਜਨ ਦੇ ਮਕਸਦ ਨਾਲ ਬਣਾਈ ਫਿਲਮ ਨਹੀਂ ਹੈ ਸਗੋਂ ਇਸਦਾ 1990ਵਿਆਂ ਵਿਚ ਪੰਜਾਬ ਵਿਚ ਵਾਪਰੇ ਕਾਲੇ ਦੌਰ ਦੇ ਇਕ ਪੱਖ ਦੀ ਸੱਚਾਈ ਜੋ ਕਿ ਭਾਈ ਖਾਲੜਾ ਦੇ ਜੀਵਨ ’ਤੇ ਆਧਾਰਿਤ ਸੀ, ਨੂੰ ਲੋਕਾਂ ਸਾਹਮਣੇ ਰੱਖਣਾ ਸੀ। ਉਨ੍ਹਾਂ ਕਿਹਾ ਕਿ ਭਾਈ ਖਾਲੜਾ ਨੇ ਲਾਵਾਰਿਸ ਦੱਸ ਕੇ ਸਿੱਖ ਨੌਜਵਾਨਾਂ ਦੀਆਂ ਲਾਸ਼ਾਂ ਸਾੜੇ ਜਾਣ ਦੇ ਮਾਮਲੇ ਵਿਚ ਜੋ ਤੱਥ ਇਕੱਠੇ ਕਰ ਕੇ ਲੋਕਾਂ ਸਾਹਮਣ ਰੱਖੇ, ਉਸ ਨੂੰ ਵੇਖ ਕੇ ਲੋਕ ਹੱਕੇ ਬੱਕੇ ਰਹਿ ਗਏ। ਉਨ੍ਹਾਂ ਕਿਹਾ ਕਿ ਇਹ ਦਸਤਾਵੇਜ਼ੀ ਸਬੂਤਾਂ ’ਤੇ ਆਧਾਰਿਤ ਇਤਿਹਾਸਕ ਤੱਥ ਸਨ। ਉਨ੍ਹਾਂ ਕਿਹਾ ਕਿ ਫਿਲਮ ਬਣਾਉਣ ਦੇ ਚਾਰ ਸਾਲ ਦੀ ਜੱਦੋ ਜ਼ਹਿਦ ਦੇ ਬਾਅਦ ਫਿਲਮ ਓ. ਟੀ. ਟੀ. ਪਲੈਟਫਾਰਮ ’ਤੇ ਰਿਲੀਜ਼ ਹੋਈ ਸੀ, ਜਿਸਨੂੰ ਵੱਡੀ ਪੱਧਰ ’ਤੇ ਦੁਨੀਆ ਵੇਖ ਰਹੀ ਸੀ ਤੇ ਫਿਲਮ ਦੀ ਸ਼ਲਾਘਾ ਵੀ ਰੱਜ ਕੇ ਕੀਤੀ ਸੀ। ਉਨ੍ਹਾਂ ਕਿਹਾ ਕਿ ਅਜਿਹੇ ਵਿਚ ਫਿਲਮ ’ਤੇ ਪਾਬੰਦੀ ਲਾਉਣ ਦਾ ਫੈਸਲਾ ਨਾ ਸਿਰਫ ਫਿਲਮ ਪ੍ਰਸ਼ੰਸਕਾਂ ਸਗੋਂ ਸਿੱਖ ਕੌਮ ਲਈ ਵੀ ਵੱਡੇ ਝਟਕੇ ਵਜੋਂ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਉਹ ਅਪੀਲ ਕਰਦੇ ਹਨ ਕਿ ਫਿਲਮ ਨੂੰ ਮੁੜ ਸ਼ੁਰੂ ਕੀਤਾ ਜਾਵੇ ਤਾਂ ਜੋ ਪੰਜਾਬ ਵਿਚ ਵਾਪਰੇ ਦੁਖਾਂਤ ਤੇ ਉਸ ਨਾਲ ਜੁੜੇ ਸੱਚੇ ਪਹਿਲੂਆਂ ਤੋਂ ਸਾਡੀ ਨੌਜਵਾਨ ਪੀੜੀ ਭਲੀ ਭਾਂਤੀ ਜਾਣੂ ਹੋ ਸਕੇ।

