Conspiracy to attack government buildings with petrol bombs in Delhi foiled, 6 members of Shahzad Bhatti gang arrested
ਦਿੱਲੀ ’ਚ ਸਰਕਾਰੀ ਇਮਾਰਤਾਂ ‘ਤੇ ਪੈਟਰੋਲ ਬੰਬ ਹਮਲੇ ਦੀ ਸਾਜ਼ਿਸ਼ ਨਾਕਾਮ, ਸ਼ਹਿਜ਼ਾਦ ਭੱਟੀ ਗਿਰੋਹ ਦੇ 6 ਮੈਂਬਰ ਗ੍ਰਿਫਤਾਰ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)-ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੇ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ ਨਾਲ ਜੁੜੇ ਕਥਿਤ 2 ਮਾਡਿਊਲਾਂ ਦਾ ਪਰਦਾਫਾਸ਼ ਕਰਦਿਆਂ ਇਸ ਦੇ 6 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਸੋਮਵਾਰ ਕਿਹਾ ਕਿ ਇਕ ਮਾਡਿਊਲ ਨੂੰ ਪਾਕਿ-ਆਧਾਰਤ ਹੈਂਡਲਰਾਂ ਨੇ ਪੈਟਰੋਲ ਬੰਬਾਂ ਦੀ ਵਰਤੋਂ ਕਰ ਕੇ ਦਿੱਲੀ ’ਚ ਅੱਤਵਾਦੀ ਹਮਲਾ ਕਰਨ ਦਾ ਕੰਮ ਸੌਂਪਿਆ ਸੀ। ਦੂਜਾ ਮਾਡਿਊਲ ਕਥਿਤ ਰੂਪ ’ਚ ਡਰੋਨਾਂ ਦੀ ਵਰਤੋਂ ਕਰ ਕੇ ਸਰਹੱਦ ਪਾਰ ਤੋਂ ਭਾਰਤ ’ਚ ਸਮਗਲ ਕੀਤੇ ਗਏ ਹਥਿਆਰ ਹਾਸਲ ਕਰਨ ਤੇ ਵੇਚਣ ’ਚ ਸ਼ਾਮਲ ਸੀ। ਅਧਿਕਾਰੀਆਂ ਨੇ ਕਿਹਾ ਕਿ ਮੁਲਜ਼ਮਾਂ ਨੂੰ ਸ਼ਹਿਜ਼ਾਦ ਭੱਟੀ ਦੇ ਪਾਕਿ-ਆਧਾਰਤ ਸਹਿਯੋਗੀਆਂ ਵੱਲੋਂ ਨਿਰਦੇਸ਼ਤ ਕੀਤਾ ਜਾ ਰਿਹਾ ਸੀ। ਉਹ ਪਾਕਿਸਤਾਨ ਦੀ ਖੁਫੀਆ ਏਜੰਸੀ ਇੰਟਰ-ਸਰਵਿਸਿਜ਼ ਇੰਟੈਲੀਜੈਂਸ ਦੇ ਇਸ਼ਾਰੇ ’ਤੇ ਕੰਮ ਕਰ ਰਹੇ ਸਨ। ਪੁਲਸ ਅਨੁਸਾਰ ਪਹਿਲਾ ਮਾਡਿਊਲ ਪਾਕਿ-ਆਧਾਰਤ ਰਾਣਾ ਹੁਨੈਨ ਵੱਲੋਂ ਚਲਾਇਆ ਜਾ ਰਿਹਾ ਸੀ, ਜੋ ਭੱਟੀ ਦਾ ਇਕ ਕਥਿਤ ਸਹਿਯੋਗੀ ਸੀ। ਉਸ ਨੂੰ ਕਥਿਤ ਤੌਰ ’ਤੇ ਪੈਟਰੋਲ ਬੰਬਾਂ ਦੀ ਵਰਤੋਂ ਕਰ ਕੇ ਦਿੱਲੀ ’ਚ ਕਿਸੇ ਅਹਿਮ ਟਿਕਾਣੇ ਜਾਂ ਪੁਲਸ ਕੇਂਦਰ ’ਤੇ ਹਮਲਾ ਕਰਨ ਦਾ ਕੰਮ ਸੌਂਪਿਆ ਗਿਆ ਸੀ। ਪੁਲਸ ਨੇ ਦੱਸਿਆ ਕਿ 2 ਮੁਲਜ਼ਮਾਂ ਦਾਨਿਸ਼ ਉਰਫ਼ ਚਾਂਦ ਮੀਆਂ (24) ਤੇ ਸਲਮਾਨ (20) ਜੋ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਦੇ ਰਹਿਣ ਵਾਲੇ ਹਨ, ਨੂੰ ਦਿੱਲੀ ਦੇ ਵਿਜੇ ਘਾਟ ਇਲਾਕੇ ਤੋਂ ਇਸ ਸਾਜ਼ਿਸ਼ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ਕੋਲੋਂ 3 ਪੈਟਰੋਲ ਬੰਬ, ਇਕ ਚੋਰੀ ਹੋਇਆ ਮੋਟਰਸਾਈਕਲ ਤੇ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ। ਦੂਜਾ ਮਾਡਿਊਲ ਪਾਕਿ ਦੇ ਇਕ ਹੋਰ ਆਗੂ ਹਸਨ ਗੁੱਜਰ ਵੱਲੋਂ ਸੰਚਾਲਿਤ ਸਰਹੱਦ ਪਾਰ ਹਥਿਆਰਾਂ ਦੀ ਸਮੱਗਲਿੰਗ ਕਰਨ ਵਾਲੇ ਗਿਰੋਹ ਨਾਲ ਜੁੜਿਆ ਹੋਇਆ ਹੈ। ਇਸ ਦਾ ਸਬੰਧ ਭੱਟੀ ਨਾਲ ਵੀ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਗਿਰੋਹ ਨੂੰ ਅੰਤਰਰਾਸ਼ਟਰੀ ਸਰਹੱਦ ਪਾਰ ਤੋਂ ਡਰੋਨ ਰਾਹੀਂ ਭਾਰਤ ’ਚ ਸਮਗਲ ਕੀਤੇ ਗਏ ਆਧੁਨਿਕ ਹਥਿਆਰਾਂ ਦੀ ਇਕ ਖੇਪ ਮਿਲੀ ਸੀ। ਇਨ੍ਹਾਂ ਹਥਿਆਰਾਂ ਦੀ ਵਿਕਰੀ ਤੋਂ ਹੋਣ ਵਾਲੀ ਕਮਾਈ ਦੇਸ਼ ’ਚ ਅੱਤਵਾਦ ਅਤੇ ਹੋਰ ਅਪਰਾਧਿਕ ਸਰਗਰਮੀਆਂ ਨੂੰ ਫੰਡ ਦੇਣ ਲਈ ਸੀ। ਮਾਡਿਊਲ ਦੇ 3 ਮੈਂਬਰਾਂ ਦਿੱਲੀ ਦੇ ਸ਼ਾਹੀਨ ਬਾਗ ਦੇ ਤੈਯਾਬ (27), ਗਾਜ਼ੀਆਬਾਦ ਦੇ ਜ਼ੁਬੈਰ ਖਾਨ (24) ਤੇ ਮੇਰਠ ਦੇ ਅਲੀ ਫਜ਼ਲ (26) ਨੂੰ ਕਾਲਿੰਦੀ ਕੁੰਜ ਖੇਤਰ ਤੋਂ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਕੋਲੋਂ 3 ਪਿਸਤੌਲ ਤੇ 5 ਕਾਰਤੂਸ ਬਰਾਮਦ ਕੀਤੇ ਗਏ। ਮਾਡਿਊਲ ਦੇ ਚੌਥੇ ਮੁਲਜ਼ਮ ਮਲਕੀਅਤ ਸਿੰਘ (36) ਨੂੰ ਬਾਅਦ ’ਚ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕੀਤਾ ਗਿਆ।

