2700 crores collected by taking bribe! Now the court has sentenced the Nanjing officer to death
ਰਿਸ਼ਵਤ ਲੈ-ਲੈ ਜੋੜ ਲਿਆ 2700 ਕਰੋੜ ! ਹੁਣ ਅਦਾਲਤ ਨੇ ਨਾਨਜਿੰਗ ਦੇ ਅਫ਼ਸਰ ਨੂੰ ਸੁਣਾਈ ‘ਸਜ਼ਾ-ਏ-ਮੌਤ’
Beijing, (ਆਵਾਜ਼ਿ ਕੌਮ ਬਿਊਰੋ)-ਚੀਨ ‘ਚ ਭ੍ਰਿਸ਼ਟਾਚਾਰ ਖ਼ਿਲਾਫ਼ ਕਾਰਵਾਈ ਲਗਾਤਾਰ ਜਾਰੀ ਹੈ। ਬੀਤੇ ਕੁਝ ਸਮੇਂ ਦੌਰਾਨ ਜਿੱਥੇ ਕਈ ਸੀਨੀਅਰ ਅਧਿਕਾਰੀਆਂ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਫਾਂਸੀ ਦਿੱਤੀ ਗਈ ਹੈ, ਉੱਥੇ ਹੀ ਅਦਾਲਤ ਨੇ ਨਾਨਜਿੰਗ ਦੇ ਸਾਬਕਾ ਸੀਨੀਅਰ ਸਰਕਾਰੀ ਅਧਿਕਾਰੀ ਯਾਂਗ ਯੂਲਿਨ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਯਾਂਗ ‘ਤੇ ਪਿਛਲੇ ਤਿੰਨ ਦਹਾਕਿਆਂ (1993 ਤੋਂ 2023) ਦੌਰਾਨ ਆਪਣੇ ਅਹੁਦੇ ਦੀ ਦੁਰਵਰਤੋਂ ਕਰ ਕੇ 2.21 ਅਰਬ ਯੁਆਨ, ਯਾਨੀ ਲਗਭਗ 325 ਮਿਲੀਅਨ ਡਾਲਰ (ਭਾਰਤੀ ਕਰੰਸੀ ਮੁਤਾਬਕ 2700 ਕਰੋੜ ਰੁਪਏ ਤੋਂ ਵੱਧ) ਦੀ ਰਿਸ਼ਵਤ ਲੈਣ ਅਤੇ ਮਨੀ ਲਾਂਡਰਿੰਗ ਦੇ ਗੰਭੀਰ ਦੋਸ਼ ਸਾਬਿਤ ਹੋਏ ਹਨ। ਜਿਆਂਗਸੂ ਸੂਬੇ ਦੀ ‘ਚਾਂਗਝੂ ਇੰਟਰਮੀਡੀਏਟ ਪੀਪਲਜ਼ ਕੋਰਟ’ ਨੇ ਸੁਣਵਾਈ ਦੌਰਾਨ ਪਾਇਆ ਕਿ ਯਾਂਗ ਯੂਲਿਨ ਨੇ ਨਾਨਜਿੰਗ ਆਰਥਿਕ ਅਤੇ ਤਕਨੀਕੀ ਵਿਕਾਸ ਜ਼ੋਨ ਦੇ ਡਿਪਟੀ ਡਾਇਰੈਕਟਰ ਰਹਿੰਦਿਆਂ ਵੱਖ-ਵੱਖ ਕੰਪਨੀਆਂ ਨੂੰ ਸਰਕਾਰੀ ਪ੍ਰੋਜੈਕਟ ਦਿਵਾਉਣ, ਜ਼ਮੀਨ ਅਲਾਟ ਕਰਨ ਅਤੇ ਵਪਾਰਕ ਫਾਇਦੇ ਪਹੁੰਚਾਉਣ ਦੇ ਬਦਲੇ ਮੋਟੀ ਰਕਮ ਵਸੂਲੀ ਸੀ। ਅਦਾਲਤ ਨੇ ਯਾਂਗ ਨੂੰ ਰਿਸ਼ਵਤਖੋਰੀ ਤੋਂ ਇਲਾਵਾ ਸਰਕਾਰੀ ਫੰਡਾਂ ਦੀ ਹੇਰਾਫੇਰੀ, ਸਰਕਾਰੀ ਪੈਸੇ ਦੀ ਦੁਰਵਰਤੋਂ, ਸੱਤਾ ਦੀ ਨਾਜਾਇਜ਼ ਵਰਤੋਂ ਅਤੇ ਰਿਸ਼ਵਤ ਦੇ ਪੈਸੇ ਨੂੰ ਆਪਣੀਆਂ ਫਰਜ਼ੀ ਕੰਪਨੀਆਂ ‘ਵ੍ਹਾਈਟ’ ਕਰਨ ਦਾ ਵੀ ਦੋਸ਼ੀ ਕਰਾਰ ਦਿੱਤਾ ਹੈ। ਸੁਣਵਾਈ ਦੌਰਾਨ ਯਾਂਗ ਯੂਲਿਨ ਨੇ ਅਦਾਲਤ ‘ਚ ਆਪਣਾ ਗੁਨਾਹ ਕਬੂਲ ਕਰ ਲਿਆ ਅਤੇ ਆਪਣੇ ਕੀਤੇ ‘ਤੇ ਪਛਤਾਵਾ ਪ੍ਰਗਟ ਕੀਤਾ। ਇੱਥੋਂ ਤੱਕ ਕਿ ਉਸ ਨੇ ਜਾਂਚ ‘ਚ ਮਦਦ ਲਈ ਕੁਝ ਹੋਰ ਅਪਰਾਧੀਆਂ ਦੇ ਨਾਂ ਵੀ ਅਦਾਲਤ ਅੱਗੇ ਰੱਖੇ ਕੀਤੇ, ਪਰ ਅਦਾਲਤ ਨੇ ਕਿਹਾ ਕਿ ਉਸ ਦਾ ਗੁਨਾਹ ਬਹੁਤ ਵੱਡਾ ਹੈ ਤੇ ਉਸ ਦੇ ਕਾਰਨ ਦੇਸ਼ ਨੂੰ ਵੱਡਾ ਆਰਥਿਕ ਨੁਕਸਾਨ ਝੱਲਣਾ ਪਿਆ ਹੈ, ਇਸ ਕਾਰਨ ਉਹ ਕਿਸੇ ਵੀ ਤਰ੍ਹਾਂ ਦੀ ਨਰਮੀ ਦਾ ਹੱਕਦਾਰ ਨਹੀਂ ਹੈ। ਅਦਾਲਤ ਨੇ ਮੌਤ ਦੀ ਸਜ਼ਾ ਦੇ ਨਾਲ-ਨਾਲ ਯਾਂਗ ਯੂਲਿਨ ਦੇ ਸਾਰੇ ਸਿਆਸੀ ਅਧਿਕਾਰ ਉਮਰ ਭਰ ਲਈ ਖੋਹ ਲਏ ਹਨ ਅਤੇ ਉਸ ਦੀ ਸਾਰੀ ਨਿੱਜੀ ਜਾਇਦਾਦ ਨੂੰ ਜ਼ਬਤ ਕਰਕੇ ਸਰਕਾਰੀ ਖ਼ਜ਼ਾਨੇ ਵਿੱਚ ਜਮ੍ਹਾਂ ਕਰਵਾਉਣ ਦੇ ਹੁਕਮ ਦਿੱਤੇ ਹਨ। ਜ਼ਿਕਰਯੋਗ ਹੈ ਕਿ ਚੀਨ ‘ਚ ਆਰਥਿਕ ਅਪਰਾਧਾਂ ਲਈ ਸਿੱਧੀ ਮੌਤ ਦੀ ਸਜ਼ਾ ਦੇਣਾ ਕਾਫ਼ੀ ਦੁਰਲੱਭ ਮੰਨਿਆ ਜਾਂਦਾ ਹੈ। ਪਰ ਰਾਸ਼ਟਰਪਤੀ ਸ਼ੀ ਜਿਨਪਿੰਗ ਵੱਲੋਂ ਦੇਸ਼ ਵਿੱਚ ਚਲਾਈ ਜਾ ਰਹੀ ‘ਭ੍ਰਿਸ਼ਟਾਚਾਰ ਵਿਰੋਧੀ ਸਖ਼ਤ ਮੁਹਿੰਮ’ ਦੇ ਤਹਿਤ ਹੁਣ 1 ਅਰਬ ਯੁਆਨ ਤੋਂ ਵੱਧ ਦੇ ਘੁਟਾਲੇਬਾਜ਼ਾਂ ਨੂੰ ਸਿੱਧੀ ਫਾਂਸੀ ਦਿੱਤੀ ਜਾ ਰਹੀ ਹੈ, ਤਾਂ ਜੋ ਸਾਰੇ ਸਰਕਾਰੀ ਅਧਿਕਾਰੀਆਂ ਨੂੰ ਸਖ਼ਤ ਸੁਨੇਹਾ ਦਿੱਤਾ ਜਾ ਸਕੇ ਤੇ ਅੱਗੇ ਤੋਂ ਕੋਈ ਹੋਰ ਅਧਿਕਾਰੀ ਅਜਿਹੀ ਹਰਕਤ ਨਾ ਕਰੇ।

