Restore ‘X’ account of Cockroach Janata Party, Delhi High Court issues directions
ਮੁੜ ਬਹਾਲ ਕਰੋ ਕਾਕਰੋਚ ਜਨਤਾ ਪਾਰਟੀ ਦਾ ‘X’ ਅਕਾਉਂਟ, ਦਿੱਲੀ ਹਾਈ ਕੋਰਟ ਵਲੋਂ ਨਿਰਦੇਸ਼ ਜਾਰੀ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)- ਦਿੱਲੀ ਹਾਈ ਕੋਰਟ ਨੇ ਮੰਗਲਵਾਰ ਨੂੰ ਕਾਕਰੋਚ ਜਨਤਾ ਪਾਰਟੀ (CoJP) ਦੇ ‘X’ ਖਾਤੇ ਨੂੰ ਮੁੜ ਤੋਂ ਬਹਾਲ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਸ ਖਾਤੇ ਨੂੰ ਮਈ ਦੇ ਮਹੀਨੇ ਬਲਾਕ ਕਰ ਦਿੱਤਾ ਗਿਆ ਸੀ। ਜਾਣਕਾਰੀ ਮੁਤਾਬਕ ਜਸਟਿਸ ਸਵਰਨ ਕਾਂਤਾ ਸ਼ਰਮਾ ਨੇ ਇਹ ਪੈਸਲਾ ਸੀਜੇਪੀ ਦੇ ਸੰਸਥਾਪਕ ਅਭਿਜੀਤ ਦੀਪਕੇ ਦੁਆਰਾ ਕੇਂਦਰ ਸਰਕਾਰ ਦੇ ਹੁਕਮਾਂ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ‘ਤੇ ਸੁਣਾਇਆ ਹੈ। ਇਸ ਮਾਮਲੇ ਦੀ ਸੁਣਵਾਈ ਦੌਰਾਨ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਅਦਾਲਤ ਨੂੰ ਦੱਸਿਆ ਕਿ 21 ਜੂਨ ਨੂੰ ਹੋਣ ਵਾਲੀ NEET ਦੀ ਮੁੜ ਪ੍ਰੀਖਿਆ ਤੋਂ ਪਹਿਲਾਂ ਵਿਦਿਆਰਥੀਆਂ ਅਤੇ ਮਾਪਿਆਂ ਵਿੱਚ “ਭੰਬਲਭੂਸੇ” ਵਾਲੀ ਸਥਿਤੀ ਪੈਦਾ ਹੋਣ ਤੋਂ ਰੋਕਣ ਲਈ CJP ਦਾ ਸੋਸ਼ਲ ਮੀਡੀਆ ਖਾਤਾ ਬਲਾਕ ਕਰ ਦਿੱਤਾ ਗਿਆ ਸੀ। ਇਸ ‘ਤੇ ਜਸਟਿਸ ਸ਼ਰਮਾ ਨੇ ਕਿਹਾ, “ਕਿਉਂਕਿ NEET ਪ੍ਰੀਖਿਆ ਹੁਣ ਖਤਮ ਹੋ ਗਈ ਹੈ, ਇਸ ਲਈ ਸਰਕਾਰ ਦੀ ਮੁੱਖ ਚਿੰਤਾ ਹੁਣ ਢੁਕਵੀਂ ਨਹੀਂ ਹੈ। ਇਨ੍ਹਾਂ ਹਾਲਾਤਾਂ ਵਿੱਚ ਆਦੇਸ਼ ਵਾਪਸ ਲਿਆ ਜਾਂਦਾ ਹੈ। ਪਟੀਸ਼ਨ ਸਵੀਕਾਰ ਕਰ ਲਈ ਗਈ ਹੈ।” ਕਾਕਰੋਚ ਜਨਤਾ ਪਾਰਟੀ ਦਾ ਅਸਲ ‘ਐਕਸ’ ਖਾਤਾ 15 ਮਈ ਨੂੰ ਇੱਕ ਵਿਅੰਗਮਈ ਡਿਜੀਟਲ ਪਲੇਟਫਾਰਮ ਵਜੋਂ ਲਾਂਚ ਕੀਤਾ ਗਿਆ ਸੀ। ਇਹ ਭਾਰਤ ਦੇ ਚੀਫ਼ ਜਸਟਿਸ ਸੂਰਿਆ ਕਾਂਤ ਦੀ ਇੱਕ ਟਿੱਪਣੀ ਨੂੰ ਲੈ ਕੇ ਹੋਏ ਵਿਵਾਦ ਦੇ ਵਿਚਕਾਰ ਸ਼ੁਰੂ ਹੋਇਆ ਸੀ। ਹਾਲਾਂਕਿ, 21 ਮਈ ਨੂੰ ਭਾਰਤ ਵਿੱਚ ਖਾਤਾ ਬਲੌਕ ਕਰ ਦਿੱਤਾ ਗਿਆ ਸੀ।

