Punjab Police employee KIDNAP! Sensational case comes to light from Bathinda
ਪੰਜਾਬ ਪੁਲਸ ਦਾ ਮੁਲਾਜ਼ਮ KIDNAP! ਬਠਿੰਡਾ ਤੋਂ ਸਨਸਨੀਖੇਜ਼ ਮਾਮਲਾ ਆਇਆ ਸਾਹਮਣੇ
ਬਠਿੰਡਾ (ਆਵਾਜ਼ਿ ਕੌਮ ਬਿਊਰੋ)-ਬਠਿੰਡਾ ਦੇ ਥਾਣਾ ਕੈਂਟ ਖੇਤਰ ‘ਚ ਇੱਕ ਪੁਲਸ ਮੁਲਾਜ਼ਮ ਦੇ ਕਥਿਤ ਅਗਵਾ, ਬੇਰਹਿਮੀ ਨਾਲ ਕੁੱਟਮਾਰ ਅਤੇ 2 ਲੱਖ ਰੁਪਏ ਦੀ ਫ਼ਿਰੌਤੀ ਮੰਗਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਬਦਮਾਸ਼ਾਂ ਨੇ ਪਹਿਲਾਂ ਪੁਲਸ ਮੁਲਾਜ਼ਮ ਦੀ ਵੀਡੀਓ ਬਣਾਈ, ਫਿਰ ਉਸ ਨਾਲ ਕੁੱਟਮਾਰ ਕਰਕੇ ਜ਼ਬਰਦਸਤੀ ਕਾਰ ‘ਚ ਬਿਠਾਇਆ ਅਤੇ ਪਿੰਡ ਸੇਮਾ ਕਲਾਂ ਲਿਜਾ ਕੇ ਬੰਧਕ ਬਣਾ ਲਿਆ। ਇਸ ਦੌਰਾਨ ਉਸ ਤੋਂ 2 ਲੱਖ ਰੁਪਏ ਦੀ ਫ਼ਿਰੌਤੀ ਮੰਗੀ ਗਈ, ਉਸ ਦਾ ਏ. ਟੀ. ਐੱਮ. ਕਾਰਡ ਖੋਹ ਲਿਆ ਗਿਆ ਅਤੇ ਉਸ ਦੀ ਸਵਿੱਫਟ ਕਾਰ ਵੀ ਆਪਣੇ ਕਬਜ਼ੇ ‘ਚ ਕਰ ਲਈ ਗਈ। ਥਾਣਾ ਕੈਂਟ ਪੁਲਸ ਨੂੰ ਦਿੱਤੇ ਬਿਆਨ ‘ਚ ਸਿਪਾਹੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਹਰਜਿੰਦਰ ਸਿੰਘ ਉਰਫ਼ ਪੋਪਾ ਅਤੇ ਉਸ ਦੇ ਤਿੰਨ ਅਣਪਛਾਤੇ ਸਾਥੀਆਂ ਨੇ ਪਹਿਲਾਂ ਉਸ ਨਾਲ ਕੁੱਟਮਾਰ ਕੀਤੀ ਅਤੇ ਫਿਰ ਜ਼ਬਰਦਸਤੀ ਆਪਣੀ ਗੱਡੀ ‘ਚ ਬਿਠਾ ਕੇ ਪਿੰਡ ਸੇਮਾ ਕਲਾਂ ਲੈ ਗਏ। ਉੱਥੇ ਮੁਲਜ਼ਮਾਂ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਿਆਂ 2 ਲੱਖ ਰੁਪਏ ਦੀ ਮੰਗ ਕੀਤੀ। ਸ਼ਿਕਾਇਤ ਅਨੁਸਾਰ ਮੁਲਜ਼ਮ ਉਸ ਦਾ ਏ. ਟੀ. ਐੱਮ. ਕਾਰਡ ਵੀ ਲੈ ਗਏ ਅਤੇ ਉਸ ਦੀ ਸਵਿੱਫਟ ਕਾਰ ਵੀ ਆਪਣੇ ਨਾਲ ਲੈ ਗਏ। ਪੁਲਸ ਦਾ ਕਹਿਣਾ ਹੈ ਕਿ ਸ਼ਿਕਾਇਤ ਅਤੇ ਮੁੱਢਲੀ ਜਾਂਚ ਦੇ ਆਧਾਰ ‘ਤੇ ਮੁਲਜ਼ਮਾਂ ਖ਼ਿਲਾਫ਼ ਅਗਵਾ, ਫ਼ਿਰੌਤੀ ਮੰਗਣ, ਕੁੱਟਮਾਰ, ਗੈਰ-ਕਾਨੂੰਨੀ ਤੌਰ ‘ਤੇ ਬੰਧਕ ਬਣਾਉਣ, ਸਰਕਾਰੀ ਡਿਊਟੀ ‘ਚ ਰੁਕਾਵਟ ਪੈਦਾ ਕਰਨ ਅਤੇ ਹੋਰ ਸਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਫਿਲਹਾਲ ਥਾਣਾ ਕੈਂਟ ਪੁਲਸ ਵੱਲੋਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਸੰਭਾਵਿਤ ਟਿਕਾਣਿਆਂ ‘ਤੇ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਜਾਂਚ ਤੇਜ਼ ਕਰ ਦਿੱਤੀ ਗਈ ਹੈ।

