Last meeting: ‘I was in Jaswant Singh Khalra’s drawing room’
ਆਖ਼ਰੀ ਮੁਲਾਕਾਤ: ‘ਮੈਂ ਜਸਵੰਤ ਸਿੰਘ ਖਾਲੜਾ ਦੇ ਡਰਾਇੰਗ ਰੂਮ ਵਿੱਚ ਸੀ’
Chandigarh, (ਆਵਾਜ਼ਿ ਕੌਮ ਬਿਊਰੋ)-ਮਨੁੱਖੀ ਅਧਿਕਾਰਾਂ ਦੇ ਰਾਖੇ ਭਾਈ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ ਅਤੇ ਲਾਸਾਨੀ ਕੁਰਬਾਨੀ ਇੱਕ ਵਾਰ ਫਿਰ ਚਰਚਾ ਵਿੱਚ ਹੈ, ਉਨ੍ਹਾਂ ਦੇ ਜੀਵਨ ’ਤੇ ਬਣੀ ਫ਼ਿਲਮ ‘ਸਤਲੁਜ’ (ਜਿਸ ਦਾ ਪਹਿਲਾ ਨਾਂ ‘ਪੰਜਾਬ 95’ ਸੀ) ਦੇ ਪ੍ਰਸਾਰਣ ’ਤੇ ਲੱਗੀ ਤਾਜ਼ਾ ਪਾਬੰਦੀ ਨੇ ਪੁਰਾਣੇ ਜ਼ਖ਼ਮ ਹਰੇ ਕਰ ਦਿੱਤੇ ਹਨ। ਜਸਵੰਤ ਸਿੰਘ ਖਾਲੜਾ ਕੇਸ ਦੇ ਮੁੱਖ ਗਵਾਹ ਰਾਜੀਵ ਸਿੰਘ ਨੇ ਕਿਹਾ ਕਿ ਫ਼ਿਲਮ ‘ਤੇ ਪਾਬੰਦੀ ਲੱਗਣ ਨਾਲ ਹੁਣ ਲੋਕ ਇਸ ਨੂੰ ਹੋਰ ਵੀ ਵੱਧ ਦੇਖਣਗੇ। ਉਨ੍ਹਾਂ ਕਿਹਾ ਕਿ ਪਾਬੰਦੀ ਸਿਰਫ਼ ਭਾਰਤ ਵਿੱਚ ਲੱਗੀ ਹੈ, ਪਰ ਅੱਜ ਪੰਜਾਬ ਦੇ ਲਗਭਗ ਹਰ ਪਰਿਵਾਰ ਦਾ ਕੋਈ ਨਾ ਕੋਈ ਮੈਂਬਰ ਵਿਦੇਸ਼ ਵਿੱਚ ਰਹਿੰਦਾ ਹੈ, ਜਿੱਥੇ ਇਹ ਫ਼ਿਲਮ ਬੈਨ ਨਹੀਂ ਹੈ। ਉੱਥੋਂ ਇਸ ਨੂੰ ਡਾਊਨਲੋਡ ਕਰਕੇ ਭਾਰਤ ਭੇਜਿਆ ਜਾਵੇਗਾ ਅਤੇ ਪਾਬੰਦੀ ਕਾਰਨ ਇਸ ਨੂੰ ਹੋਰ ਵੀ ਵੱਧ ਲੋਕ ਦੇਖਣਗੇ। ਰਾਜੀਵ ਸਿੰਘ ਨੇ ਦੱਸਿਆ ਕਿ 1995 ਵਿੱਚ ਜਦੋਂ ਜਸਵੰਤ ਸਿੰਘ ਖਾਲੜਾ ਨੂੰ ਉਨ੍ਹਾਂ ਦੇ ਘਰ ਤੋਂ ਪੁਲਿਸ ਚੁੱਕ ਕੇ ਲੈ ਗਈ ਸੀ, ਉਸ ਸਮੇਂ ਉਹ ਖੁਦ ਜਸਵੰਤ ਸਿੰਘ ਖਾਲੜਾ ਦੇ ਡਰਾਇੰਗ ਰੂਮ ਵਿੱਚ ਮੌਜੂਦ ਸੀ ਅਤੇ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਹੀ ਪੁਲਿਸ ਉਨ੍ਹਾਂ ਨੂੰ ਲੈ ਕੇ ਗਈ ਸੀ। ਉਨ੍ਹਾਂ ਕਿਹਾ ਕਿ ਜਸਵੰਤ ਸਿੰਘ ਖਾਲੜਾ ਨੇ ਸੈਂਕੜਿਆਂ ਲਾਪਤਾ ਨੌਜਵਾਨਾਂ ਦੇ ਗੁਪਤ ਅੰਤਿਮ ਸੰਸਕਾਰਾਂ ਦਾ ਪਰਦਾਫਾਸ਼ ਕੀਤਾ ਸੀ। ਉਨ੍ਹਾਂ ਨੇ ਦੋਸ਼ ਲਗਾਇਆ ਸੀ ਕਿ ਪੁਲਿਸ ਵੱਲੋਂ ਨੌਜਵਾਨਾਂ ਨੂੰ ਮਾਰ ਕੇ ਬਿਨਾਂ ਕਿਸੇ ਨੂੰ ਜਾਣਕਾਰੀ ਦਿੱਤੇ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਜਾਂਦਾ ਸੀ। ਰਾਜੀਵ ਸਿੰਘ ਨੇ ਕਿਹਾ ਕਿ ਜਸਵੰਤ ਸਿੰਘ ਖਾਲੜਾ ਨੂੰ ਸ਼ਹੀਦ ਭਗਤ ਸਿੰਘ ਵਾਂਗ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਚਾਹੀਦਾ ਹੈ ਕਿ ਇਸ ਫ਼ਿਲਮ ਨੂੰ ਦੇਸ਼ ਦੀਆਂ ਸਾਰੀਆਂ ਭਾਸ਼ਾਵਾਂ ਵਿੱਚ ਡੱਬ ਕਰਕੇ ਲੋਕਾਂ ਤੱਕ ਪਹੁੰਚਾਇਆ ਜਾਵੇ ਤਾਂ ਜੋ ਹਰ ਕੋਈ ਜਸਵੰਤ ਸਿੰਘ ਖਾਲੜਾ ਦੇ ਜੀਵਨ ਅਤੇ ਸੰਘਰਸ਼ ਬਾਰੇ ਜਾਣ ਸਕੇ। ਉਨ੍ਹਾਂ ਦੱਸਿਆ ਕਿ ਜਸਵੰਤ ਸਿੰਘ ਖਾਲੜਾ ਦੇ ਪਿਤਾ ਇੱਕ ਆਜ਼ਾਦੀ ਸੈਨਾਨੀ ਸਨ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਚਾਰ ਸਾਲ ਜੇਲ੍ਹ ਕਟੀ ਪਰ ਕਦੇ ਵੀ ਕਿਸੇ ਪੱਤਰ ਜਾਂ ਸਰਕਾਰੀ ਸਨਮਾਨ ਦੀ ਮੰਗ ਨਹੀਂ ਕੀਤੀ। ਉਨ੍ਹਾਂ ਦੇ ਦਾਦਾ ਨੇ ਗਦਰ ਲਹਿਰ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਅਤੇ ਉਨ੍ਹਾਂ ਦੇ ਪਰਿਵਾਰ ਦੇ ਬਜ਼ੁਰਗਾਂ ਨੇ ਅਹਿਮਦ ਸ਼ਾਹ ਅਬਦਾਲੀ ਦੇ ਖ਼ਿਲਾਫ਼ ਵੀ ਜੰਗਾਂ ਲੜੀਆਂ ਸਨ। ਪੰਜਾਬ ਖ਼ਬਰਾਂ ਰਾਜੀਵ ਸਿੰਘ ਨੇ ਕਿਹਾ ਕਿ ਭਾਰਤ ਨੂੰ ਅਮਰੀਕਾ ਵਰਗੇ ਦੇਸ਼ਾਂ ਤੋਂ ਸਿੱਖਣਾ ਚਾਹੀਦਾ ਹੈ ਅਤੇ ਸੱਚਾਈ ਨੂੰ ਲੋਕਾਂ ਸਾਹਮਣੇ ਲਿਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਸਵੰਤ ਸਿੰਘ ਖਾਲੜਾ ਕੇਸ ਵਿੱਚ ਗਵਾਹੀ ਦੇਣ ਕਾਰਨ ਉਨ੍ਹਾਂ ਨੇ ਦੱਸ ਸਾਲ ਤੋਂ ਵੱਧ ਸਮਾਂ ਲੁਕ-ਛਿਪ ਕੇ ਗੁਜ਼ਾਰਿਆ। ਇਸ ਦੌਰਾਨ ਉਹ ਸ਼ਾਮ 7 ਵਜੇ ਤੋਂ ਸਵੇਰੇ 5 ਵਜੇ ਤੱਕ ਹੀ ਆਪਣੇ ਪਰਿਵਾਰ ਜਾਂ ਰਿਸ਼ਤੇਦਾਰਾਂ ਨੂੰ ਮਿਲਦੇ ਸਨ। ਬਾਕੀ ਸਮਾਂ ਉਹ ਕਿਸੇ ਗੁਪਤ ਥਾਂ ‘ਤੇ ਰਹਿੰਦੇ ਸਨ ਤਾਂ ਜੋ ਕਿਸੇ ਨੂੰ ਉਨ੍ਹਾਂ ਦੇ ਟਿਕਾਣੇ ਦਾ ਪਤਾ ਨਾ ਲੱਗ ਸਕੇ। ਕਿਸੇ ਵੀ ਰਿਸ਼ਤੇਦਾਰ ਦੇ ਸਮਾਗਮ ਵਿੱਚ ਵੀ ਉਹ ਦੱਸ ਮਿੰਟ ਤੋਂ ਵੱਧ ਨਹੀਂ ਰੁਕਦੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦਾ ਕੋਈ ਗਿਲਾ ਨਹੀਂ ਹੈ, ਕਿਉਂਕਿ ਸੱਚਾਈ ਦਾ ਸਾਥ ਦੇਣ ਲਈ ਇੰਨਾ ਕੁਝ ਸਹਿਣਾ ਹੀ ਪੈਂਦਾ ਹੈ।

