Indian students in Canada cheated of lakhs! Cases registered against two people
ਕੈਨੇਡਾ ’ਚ ਭਾਰਤੀ ਵਿਦਿਆਰਥੀਆਂ ਨਾਲ ਲੱਖਾਂ ਦੀ ਠੱਗੀ! ਦੋ ਵਿਅਕਤੀਆਂ ਖਿਲਾਫ ਮਾਮਲੇ ਦਰਜ
Toranto, (ਆਵਾਜ਼ਿ ਕੌਮ ਬਿਊਰੋ)-ਕੈਨੇਡਾ ਦੇ ਦੱਖਣ-ਪੱਛਮੀ ਓਂਟਾਰੀਓ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਆਪਣਾ ਸ਼ਿਕਾਰ ਬਣਾਉਣ ਵਾਲੇ ਇੱਕ ਵੱਡੇ ਇਮੀਗ੍ਰੇਸ਼ਨ ਰੈਕੇਟ ਦਾ ਪਰਦਾਫਾਸ਼ ਹੋਇਆ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਨੇ ਦੋ ਵਿਅਕਤੀਆਂ ‘ਤੇ ਵਿਦਿਆਰਥੀਆਂ ਨਾਲ ਲਗਭਗ 1,26,000 ਕੈਨੇਡੀਅਨ ਡਾਲਰ ਦੀ ਠੱਗੀ ਮਾਰਨ ਦੇ ਦੋਸ਼ ਹੇਠ 12 ਅਪਰਾਧਿਕ ਮਾਮਲੇ ਦਰਜ ਕੀਤੇ ਹਨ। ਜਾਂਚ ਮੁਤਾਬਕ ਇਹ ਮਾਮਲਾ ਫਰਵਰੀ 2025 ਵਿੱਚ ਉਸ ਸਮੇਂ ਸਾਹਮਣੇ ਆਇਆ ਸੀ ਜਦੋਂ ਸਾਰਨੀਆ ਸਥਿਤ ਲੈਂਬਟਨ ਕਾਲਜ ਨੇ ਇਸ ਬਾਰੇ ਜਾਣਕਾਰੀ ਦਿੱਤੀ ਸੀ। ਦੋਸ਼ੀ ਵਿਦਿਆਰਥੀਆਂ ਤੋਂ ਉਨ੍ਹਾਂ ਦੀ ਟਿਊਸ਼ਨ ਫੀਸ ਭਰਨ ਦਾ ਵਾਅਦਾ ਕਰਕੇ ਮੋਟੀ ਰਕਮ ਵਸੂਲਦੇ ਸਨ। ਇਸ ਦੇ ਬਦਲੇ ਵਿਦਿਆਰਥੀਆਂ ਨੂੰ ਜਾਅਲੀ ਦਾਖ਼ਲਾ ਦਸਤਾਵੇਜ਼ ਫੜਾ ਦਿੱਤੇ ਜਾਂਦੇ ਸਨ, ਜਦਕਿ ਅਸਲ ਵਿੱਚ ਉਨ੍ਹਾਂ ਦਾ ਕਿਸੇ ਵੀ ਕੋਰਸ ਵਿੱਚ ਦਾਖ਼ਲਾ ਨਹੀਂ ਸੀ ਕਰਵਾਇਆ ਗਿਆ। ਇਸ ਮਾਮਲੇ ਵਿੱਚ ਕੈਂਬਰਿਜ ਸ਼ਹਿਰ ਨਾਲ ਸਬੰਧਤ ਹਾਰਦਿਕ ਦਵੇ 10 ਜੁਲਾਈ ਨੂੰ ਲੰਡਨ ਵਿਖੇ ਓਨਟਾਰੀਓ ਕੋਰਟ ਆਫ਼ ਜਸਟਿਸ ਵਿਚ ਪੇਸ਼ ਹੋਵੇਗਾ ਜਦਕਿ 35 ਸਾਲਾ ਜੈਨੀਸ਼ ਕੁਮਾਰ ਬਾਰੇ ਕੈਨੇਡੀਅਨ ਬਾਰਡਰ ਪੁਲਸ ਦਾ ਮੰਨਣਾ ਹੈ ਕਿ ਉਹ ਕੈਨੇਡਾ ਛੱਡ ਕੇ ਫ਼ਰਾਰ ਹੋ ਚੁੱਕਾ ਹੈ ਅਤੇ ਉਸ ਵਿਰੁੱਧ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ।। ਇਨ੍ਹਾਂ ‘ਤੇ ਧੋਖਾਧੜੀ, ਜਾਅਲੀ ਦਸਤਾਵੇਜ਼ ਤਿਆਰ ਕਰਨ ਅਤੇ ਗਲਤ ਜਾਣਕਾਰੀ ਦੇਣ ਵਰਗੇ ਗੰਭੀਰ ਦੋਸ਼ ਲਗਾਏ ਗਏ ਹਨ। ਪੜਤਾਲ ਅੱਗੇ ਵਧਾਉਂਦਿਆਂ ਕੈਨੇਡੀਅਨ ਬਾਰਡਰ ਪੁਲਸ ਨੇ ਦੋ ਤਲਾਸ਼ੀ ਵਾਰੰਟਾਂ ਦੀ ਤਾਮੀਲ ਕਰਦਿਆਂ ਘਰਾਂ ਅਤੇ ਕਾਰੋਬਾਰੀ ਟਿਕਾਣਿਆਂ ’ਤੇ ਛਾਪੇ ਮਾਰੇ, ਜਿਥੋਂ ਕਾਲਜ ਵਿਚ ਦਾਖ਼ਲੇ ਨਾਲ ਸਬੰਧਤ ਧੋਖਾਧੜੀ ਵਾਲੀ ਯੋਜਨਾ ਦੇ ਸਬੂਤ ਹਾਸਲ ਹੋਏ। ਇਲੈਕਟ੍ਰਾਨਿਕ ਡਿਵਾਈਸਿਜ਼ ਰਾਹੀਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਦੋ ਸ਼ੱਕੀਆਂ ਵਿਰੁੱਧ 5 ਹਜ਼ਾਰ ਡਾਲਰ ਤੋਂ ਵੱਧ ਰਕਮ ਦੀ ਧੋਖਾਧੜੀ, ਜਾਅਲੀ ਦਸਤਾਵੇਜ਼ ਵਰਤਣ ਅਤੇ ਗੁੰਮਰਾਹਕੁਨ ਜਾਣਕਾਰੀ ਮੁਹੱਈਆ ਕਰਵਾਉਣ ਦੇ ਦੋਸ਼ ਆਇਦ ਕੀਤੇ ਗਏ। ਕੈਨੇਡੀਅਨ ਬਾਰਡਰ ਪੁਲਸ ਨੇ ਦੱਸਿਆ ਕਿ ਅਪ੍ਰੈਲ 2025 ਤੋਂ ਮਾਰਚ 2026 ਦੇ ਵਿਚਕਾਰ ਇਮੀਗ੍ਰੇਸ਼ਨ ਕਾਨੂੰਨਾਂ ਦੀ ਉਲੰਘਣਾ ਦੇ ਅਜਿਹੇ 161 ਅਪਰਾਧਿਕ ਮਾਮਲਿਆਂ ਦੀ ਜਾਂਚ ਸ਼ੁਰੂ ਕੀਤੀ ਗਈ ਹੈ। ਦੱਖਣੀ ਓਂਟਾਰੀਓ ਖੇਤਰ ਦੇ ਖੇਤਰੀ ਡਾਇਰੈਕਟਰ ਜਨਰਲ ਮਾਈਕਲ ਪ੍ਰੋਸੀਆ ਨੇ ਕਿਹਾ ਕਿ ਉਨ੍ਹਾਂ ਦੀਆਂ ਟੀਮਾਂ ਅਜਿਹੇ ਠੱਗਾਂ ਨੂੰ ਫੜਨ ਲਈ ਲਗਾਤਾਰ ਕੰਮ ਕਰ ਰਹੀਆਂ ਹਨ ਤਾਂ ਜੋ ਭੋਲੇ-ਭਾਲੇ ਵਿਦਿਆਰਥੀਆਂ ਨੂੰ ਸ਼ੋਸ਼ਣ ਤੋਂ ਬਚਾਇਆ ਜਾ ਸਕੇ।ਅਧਿਕਾਰੀਆਂ ਨੇ ਵਿਦਿਆਰਥੀਆਂ ਨੂੰ ਸੁਚੇਤ ਕੀਤਾ ਹੈ ਕਿ ਉਹ ਆਪਣੀ ਫੀਸਾਂ ਦੇ ਸਬੰਧ ਵਿੱਚ ਸਿੱਧਾ ਕਾਲਜਾਂ ਨਾਲ ਸੰਪਰਕ ਕਰਨ ਅਤੇ ਕਿਸੇ ਵੀ ਅਣਪਛਾਤੇ ਵਿਅਕਤੀ ਜਾਂ ਏਜੰਟ ਨੂੰ ਪੈਸੇ ਦੇਣ ਵੇਲੇ ਪੂਰੀ ਸਾਵਧਾਨੀ ਵਰਤਣ। ਕੈਨੇਡਾ ਦੇ ਲੋਕ ਸੁਰੱਖਿਆ ਮੰਤਰੀ ਗੈਰੀ ਆਨੰਦਸੰਗਰੀ ਨੇ ਇਸ ਮਾਮਲੇ ਬਾਰੇ ਕਿਹਾ ਕਿ ਬਾਰਡਰ ਏਜੰਸੀ ਦੇ ਅਫ਼ਸਰ ਇਮੀਗ੍ਰੇਸ਼ਨ ਧੋਖਾਧੜੀ ਰੋਕਣ ਲਈ ਵਚਨਬੱਧ ਹੈ ਅਤੇ ਧੋਖਾਧੜੀ ਰਾਹੀਂ ਜੇਬਾਂ ਭਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇੱਥੇ ਦੱਸਣਾ ਬਣਦਾ ਹੈ ਕਿ ਧੋਖਾਧੜੀ ਦੇ ਸ਼ਿਕਾਰ ਬਣੇ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਨਸ਼ਰ ਨਹੀਂ ਕੀਤੀ ਗਈ ਪਰ 1 ਲੱਖ 26 ਹਜ਼ਾਰ ਕੈਨੇਡੀਅਨ ਡਾਲਰ ਦੀ ਰਕਮ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਤਕਰੀਬਨ 10 ਜਣਿਆਂ ਨੂੰ ਰਕਮ ਗਵਾਉਣੀ ਪਈ। ਬਾਰਡਰ ਏਜੰਸੀ ਨੇ ਇਹ ਸਪੱਸ਼ਟ ਵੀ ਨਹੀਂ ਕੀਤਾ ਕਿ ਇੰਟਰਨੈਸ਼ਲਲ ਸਟੂਡੈਂਟਸ ਕਿਹੜੇ ਮੁਲਕ ਨਾਲ ਸਬੰਧਤ ਹਨ।

